ਜਲੰਧਰ –ਵਿਧਾਨ ਸਭਾ ਹਲਕਾ ਰਾਮਾ ਮੰਡੀ ਵਿਖੇ ਲੋਕਾਂ ਨੂੰ ਸੰਬੋਧਤ ਕਰਦੇ ਸੀਐੱਮ ਚੰਨੀ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ ਕੇ ਕਿਹਾ ਕਿ ਭਾਜਪਾ ਪੰਜਾਬ ’ਚ ਰਾਸ਼ਟਰੀਪਤੀ ਰਾਜ ਲਾਗੂ ਕਰਨ ਦਿ ਫਿਰਾਕ ’ਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਨੂੰ ਹਵਾ ਦੇ ਰਹੀ ਹੈ ਤਾਂ ਜੋ ਪੰਜਾਬ ਵਿਚ ਤਿਕੋਣਾ ਬਹੁਮਤ ਆ ਜਾਵੇ, ਤਾਂ ਕਿ ਕੇਂਦਰ ਸਰਕਾਰ ਪੰਜਾਬ ਵਿਚ ਗਵਰਨਰ ਰਾਜ ਲਾ ਕੇ ਰਾਜ ਕਰ ਸਕੇ। ਚੰਨੀ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਗੱਠਜੋੜ ਸਰਕਾਰ ਨੇ ਸੂਬੇ ਵਿਚ 10 ਸਾਲ ਰਾਜ ਕੀਤਾ। ਉਸ ਦੌਰਾਨ ਸੁਖਬੀਰ ਬਾਅਦ ਦੁਪਹਿਰ 12 ਵਜੇ ਦੁਕਾਨ ਖੋਲ੍ਹਦਾ ਸੀ। ਉਸ ਉਪਰੰਤ ਕੈਪਟਨ ਅਮਰਿੰਦਰ ਸਿੰਘ ਆਏ, ਜਿਹੜੇ ਸ਼ਾਮ 4 ਵਜੇ ਦੁਕਾਨ ਬੰਦ ਕਰ ਦਿੰਦੇ ਸੀ, ਜਦਕਿ ਭਗਵੰਤ ਮਾਨ ਸ਼ਾਮ 6 ਵਜੇ ਬੰਦ ਕਰਦਾ ਹੈ। ਉਨ੍ਹਾਂ ‘ਆਪ’ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਸਿੰਘ ’ਤੇ ਵਿਅੰਗ ਕਰਦਿਆਂ ਕਿਹਾ ਕਿ ਸਟੇਜ ਚਲਾਉਣ ਤੇ ਸਟੇਟ ਚਲਾਉਣ ਵਿਚ ਬਹੁਤ ਫਰਕ ਹੁੰਦਾ ਹੈ। ਰਾਜਿੰਦਰ ਬੇਰੀ ਲਈ ਵੋਟ ਮੰਗਦੇ ਹੋਏ ਚੰਨੀ ਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਵੋਟ ਪਾਈ ਤਾਂ ਮੁੱਖ ਮੰਤਰੀ ਨੂੰ ਵੋਟ ਪਾਓਗੇ ਪਰ ਕਿਸੇ ਹੋਰ ਨੂੰ ਪਾਈ ਤਾਂ ਉਹ ਵਿਧਾਇਕ ਚੁਣਨਗੇ। ਤੁਸੀਂ ਮੇਰਾ ਕੰਮ ਕਰ ਦਿਓ, ਮੈਂ ਤੁਹਾਡਾ ਕੰਮ ਕਰਾਂਗਾ ਅਤੇ ਮੰਤਰੀ ਬਣਨ ਤੋਂ ਬਾਅਦ ਖ਼ਾਲੀ ਕਾਗਜ਼ਾਂ ’ਤੇ ਅੰਗੂਠਾ ਲਾ ਦੇਣਾ, ਤੁਸੀਂ ਬੇਰੀ ਤੋਂ ਜੋ ਮਰਜ਼ੀ ਲਿਖਵਾ ਲਿਓ। ਚੰਨੀ ਨੇ ਕਿਹਾ ਕਿ ‘ਆਪ’ ਵਿਚ 50 ਤੋਂ ਵਧੇਰੇ ਉਮੀਦਵਾਰ ਹੋਰ ਪਾਰਟੀਆਂ ਤੋਂ ਆਏ ਹਨ। ਝਾੜੂ ਖੜ੍ਹਾ ਕਰਨ ਨਾਲ ਕਲੇਸ਼ ਹੁੰਦਾ ਹੈ। ਉਸ ਨੂੰ ਐਵੇਂ ਹੀ ਵੋਟ ਨਾ ਪਾ ਦਿਓ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਆਟਾ-ਦਾਲ ਦੇਣ ਨਾਲ ਬੇਰੋਜਗਾਰੀ ਖਤਮ ਨਹੀਂ ਹੋਣੀ। ਅਸੀ ਆਪਣੇ ਕਾਰਜਕਾਲ ਵਿਚ ਸਿੱਖਿਆ ਤੇ ਸਿਹਤ ਨੂੰ ਅਹਿਮੀਅਤ ਦਿੱਤੀ ਹੈ। ਪੜ੍ਹਾਈ ਨਾਲ ਗਰੀਬੀ ਨੂੰ ਖਤਮ ਕੀਤਾ ਜਾ ਸਕਦਾ ਹੈ, ਜਿਸ ਕਾਰਨ ਯੂਨੀਵਰਸਿਟੀਆਂ ਨੂੰ ਬਦਹਾਲੀ ਵਿਚੋਂ ਕੱਢਣ ਲਈ ਫੰਡ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੋਬਾਰਾ ਬਣਨ ਤੋਂ ਬਾਅਦ ਐੱਸ. ਸੀ./ਬੀ. ਸੀ. ਵਰਗ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਾਂਗ ਜਨਰਲ ਕੈਟਾਗਰੀ ਲਈ ਵੀ ਸਕਾਲਰਸ਼ਿਪ ਸਕੀਮ ਚਲਾਵਾਂਗੇ ਤਾਂ ਕਿ ਜਨਰਲ ਕੈਟਾਗਰੀ ਦੇ ਬੱਚੇ ਵੀ ਉੱਚ ਸਿੱਖਿਆ ਹਾਸਲ ਕਰ ਸਕਣ। ਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਪਨਾ ਪੂਰਾ ਕਰਨਾ ਹੈ ਅਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਹੈ।
ਭਾਜਪਾ ਪੰਜਾਬ ’ਚ ਲਾਉਣਾ ਚਾਹੁੰਦੀ ਹੈ ਗਵਰਨਰ ਰਾਜ: ਚਰਨਜੀਤ ਚੰਨੀ

Comment here