ਸਿਆਸਤਖਬਰਾਂ

ਭਾਜਪਾ ਪੰਜਾਬ ਚ ਬਾਕੀ ਧਿਰਾਂ ਨੂੰ ਲਾ ਰਹੀ ਏ ਵੱਡਾ ਖੋਰਾ

ਕਈ ਸਿੱਖ ਆਗੂ ਭਾਜਪਾ ਨਾਲ ਤੁਰੇ, ਬਰਨਾਲਾ ਪਰਿਵਾਰ ਤੇ ਵੀ ਅੱਖ

ਚੰਡੀਗੜ-ਪੰਜਾਬ ਚੋਣਾਂ ਲਈ ਭਾਜਪਾ ਨੇ ਇਸ ਤਰੀਕੇ ਨਾਲ ਸਰਗਰਮੀ ਵਿੱਢੀ ਹੈ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਲਗਾਤਾਰ ਵੱਡਾ ਖੋਰਾ ਲਾਉੰਦੀ ਆ ਰਹੀ ਹੈ। ਲੰਘੇ ਦਿਨ ਪੰਜਾਬ ਭਾਜਪਾ ਇੰਚਾਰਜ ਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਸੋਮ ਪ੍ਰਕਾਸ਼ ਦੀ ਮੌਜੂਦਗੀ ‘ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰੋ: ਸਰਚਾਂਦ ਸਿੰਘ ਖਿਆਲਾ ਭਾਜਪਾ ‘ਚ ਸ਼ਾਮਲ ਹੋ ਗਏ | ਉਹ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਲੰਮਾ ਅਰਸਾ ਕੰਮ ਕਰਨ ਤੋਂ ਇਲਾਵਾ ਦਮਦਮੀ ਟਕਸਾਲ ਨਾਲ ਜੁੜੇ ਰਹੇ ਹਨ | ਉਹ ਸਿੱਖ ਪੰਥ ਅਤੇ ਪੰਜਾਬ ਦੇ ਮਾਮਲਿਆਂ ਪ੍ਰਤੀ ਸਮਝ ਰੱਖਣ ਵਾਲੇ ਚਿੰਤਕਾਂ ‘ਚੋਂ ਇਕ ਹਨ |  ਸਰਚਾਂਦ ਸਿੰਘ ਖਿਆਲਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਸਿੱਖਾਂ ਦੀ ਨਬਜ਼ ਨੂੰ ਪਛਾਣਿਆ, ਸਿੱਖ ਕੌਮ ਪ੍ਰਤੀ ਗੰਭੀਰਤਾ ਦਿਖਾ ਕੇ ਅਨੇਕਾਂ ਕਾਰਜ ਕਰਦਿਆਂ ਸਿੱਖ ਹਿਤੈਸੀ ਹੋਣ ਦਾ ਸਬੂਤ ਦਿੱਤਾ ਹੈ | ਉਨ੍ਹਾ ਕਿਹਾ ਕਿ ਮੋਦੀ ਨੇ ਲੋਕਾਂ ਦੀਆਂ ਭਾਵਨਾਵਾਂ ਸਮਝਦਿਆਂ ਕਈ ਚੰਗੇ ਕਦਮ ਚੁੱਕੇ ਹਨ, ਜਿਸ ਵਿਚ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਵੀ ਸ਼ਾਮਲ ਹੈ | ਉਨ੍ਹਾ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ‘ਚ ਸੰਜੀਦਗੀ ਦਿਖਾਈ, ਕਰਤਾਰਪੁਰ ਲਾਂਘਾ ਖੋਲ੍ਹਣ ਅਤੇ ਛੋਟੇ ਸਾਹਿਬਜਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਵੀ ਸ਼ਾਮਲ ਹੈ |

ਪਿਛਲੇ ਕੁਝ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੀਆਂ ਪੰਜਾਬ ਵਿਚ ਸਰਗਰਮੀਆਂ ਨੇ ਸੂਬੇ ਦੀ ਸਿਆਸਤ ਵਿਚ ਭੁਚਾਲ ਲਿਆ ਦਿੱਤਾ ਹੈ। ਭਾਜਪਾ ਨੇ ਆਪਣੀ ਪੁਰਾਣੀ ਰਣਨੀਤੀ ਤਹਿਤ ਦੂਜੀਆਂ ਸਿਆਸੀ ਧਿਰਾਂ ਦੇ ਵੱਡੇ ਆਗੂਆਂ ਨੂੰ ਆਪਣੇ ਵੱਲ ਖਿੱਚਣ ਲਈ ਟਿੱਲ ਲਾਇਆ ਹੋਇਆ ਹੈ ਤੇ ਇਸ ਰਣਨੀਤੀ ਵਿਚ ਸਫਲ ਵੀ ਹੁੰਦੀ ਜਾਪ ਰਹੀ ਹੈ। ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਕੁਝ ਪੰਥਕ ਸ਼ਖਸੀਅਤਾਂ ਨੂੰ ਵੀ ਆਪਣੇ ਵੱਲ ਖਿੱਚਣ ਵਿਚ ਸਫਲ ਹੋਈ ਹੈ। ਭਾਜਪਾ ਦੀ ਇਸ ਰਣਨੀਤੀ ਨੇ ਪੰਜਾਬ ਦੀਆਂ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਨੂੰ ਸੋਚੀਂ ਪਾ ਦਿੱਤਾ ਹੈ। ਇਹ ਸਿਲਸਿਲਾ ਕਿਸਾਨ ਅੰਦੋਲਨ ਮੁਲਤਵੀ ਹੋਣ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਨਾਲ ਸ਼ੁਰੂ ਹੋਇਆ ਸੀ। ਇਸ ਪਿੱਛੋਂ ਇਹ ਕਾਫਲਾ ਵਧਦਾ ਗਿਆ ਤੇ ਕੁਝ ਮੌਜੂਦਾ ਤੇ ਸਾਬਕਾ ਕਾਂਗਰਸੀ ਵਿਧਾਇਕਾਂ ਵੀ ਭਾਜਪਾ ਵਿਚ ਜਾ ਰਲੇ। ਵਿਧਾਨ ਸਭਾ ਹਲਕਾ ਪਾਇਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲਾ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਰਾਮ ਪਾਲ ਸਿੰਘ ਬੀਜਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਅਤੇ ਲੁਧਿਆਣਾ ਤੋਂ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਫਤਿਹਜੰਗ ਬਾਜਵਾ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਦਾ ਦਾਅਵਾ ਹੈ ਆਉਂਦੇ ਦਿਨਾਂ ਵਿਚ ਹੋਰ ਵੀ ਵੱਡੀ ਗਿਣਤੀ ਆਗੂ ਉਨ੍ਹਾਂ ਦੀ ਪਾਰਟੀ ਨਾਲ ਜੁੜਨਗੇ।

ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਲਈ 2 ਵੱਡੀਆਂ ਚੁਣੌਤੀਆਂ ਸਨ, ਇਕ ਸਿੱਖ ਵੋਟ ਬੈਂਕ ਆਪਣੇ ਵੱਲ ਖਿੱਚਣਾ ਤੇ ਦੂਜਾ ਸਿੱਖ ਚਿਹਰਿਆਂ ਦੀ ਭਾਲ। ਇਸ ਦੇ ਲਈ ਭਾਜਪਾ ਨੇ ਸਿਆਸਤ ਦਾ ਕੇਂਦਰ ਰਹੇ 3 ਵੱਡੇ ਅਕਾਲੀ ਟਕਸਾਲੀ ਤੇ ਪ੍ਰਭਾਵਸ਼ਾਲੀ ਪਰਿਵਾਰਾਂ ਨੂੰ ਆਪਣੇ ਨਾਲ ਜੋੜਨ ‘ਚ ਕਾਮਯਾਬੀ ਹਾਸਲ ਕਰ ਲਈ ਹੈ।  ਦਿੱਲੀ ‘ਚ ਭਾਜਪਾ ਦੇ ਸੂਬਾ ਚੋਣ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਤੇ ਹੋਰ ਪ੍ਰਮੁੱਖ ਭਾਜਪਾ ਆਗੂਆਂ ਨੇ ਟੌਹੜਾ ਪਰਿਵਾਰ ਨੂੰ ਪਾਰਟੀ ਦੇ ਨਾਲ ਜੋੜਿਆ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਨੂੰ ਭਾਜਪਾ ‘ਚ ਸ਼ਾਮਲ ਕੀਤਾ। ਟੌਹੜਾ ਪਰਿਵਾਰ ਤੀਜਾ ਅਕਾਲੀ ਟਕਸਾਲੀ ਪਰਿਵਾਰ ਹੈ, ਜਿਸ ਨੇ ਭਾਜਪਾ ਜੁਆਇਨ ਕੀਤੀ ਹੈ। ਇਸ ਤੋਂ ਪਹਿਲਾਂ ਜਗਦੇਵ ਸਿੰਘ ਤਲਵੰਡੀ ਤੇ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਭਾਜਪਾ ਨਾਲ ਗਠਜੋੜ ਕਰ ਚੁੱਕਿਆ ਹੈ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਸੂਬੇ ਦੀ ਸਿਆਸਤ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹਿੰਦੂ ਸਿਆਸੀ ਪਾਰਟੀ ਨੇ ਪੰਥਕ ਅਕਾਲੀ ਰਾਜਨੀਤੀ ਦੀ ਜਿੰਦ-ਜਾਨ ਰਹੇ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਨਾਲ ਜੋੜਿਆ ਹੈ। ਹੁਣ ਇਹ ਵੀ ਕਨਸੋਆਂ ਆ ਰਹੀਆਂ ਹਨ ਕਿ ਭਾਜਪਾ ਦੀ ਨਜ਼ਰ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ‘ਤੇ ਹੈ ਕਿਉਂਕਿ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਚੰਦ ਗਰਗ ਨੂੰ ਟਿਕਟ ਦੇ ਦਿੱਤੀ ਹੈ। ਜੇ ਬਰਨਾਲਾ ਪਰਿਵਾਰ ਭਾਜਪਾ ਨਾਲ ਆ ਜੁੜਦਾ ਹੈ ਤਾਂ ਟਿਕਟ ਦਿੱਤੀ ਜਾ ਸਕਦੀ ਹੈ।

Comment here