ਦੇਹਰਾਦੂਨ-ਮੁੱਖ ਮੰਤਰੀ ਦੇ ਸਾਬਕਾ ਨਿੱਜੀ ਸਕੱਤਰ ਧਾਮੀ ਸਮੇਤ 7 ਲੋਕਾਂ ‘ਤੇ ਧੋਖਾਧੜੀ ਦਾ ਦੋਸ਼ ਲੱਗਾ ਹੈ। ਇਲਜ਼ਾਮ ਹੈ ਕਿ ਪੰਜਾਬ ਭਾਜਪਾ ਆਗੂ ਅਤੇ ਉਸਦੇ ਸਾਥੀਆਂ ਵੱਲੋਂ ਸਕੱਤਰੇਤ ਵਿੱਚ ਸਰਕਾਰੀ ਟੈਂਡਰ ਲਗਵਾਉਣ ਅਤੇ ਦਵਾਈਆਂ ਦੀ ਸਪਲਾਈ ਦੇ ਬਹਾਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਭਾਜਪਾ ਆਗੂ ਦੀ ਤਹਿਰੀਕ ਦੇ ਆਧਾਰ ’ਤੇ ਪੁਲੀਸ ਨੇ ਸਾਬਕਾ ਨਿੱਜੀ ਸਕੱਤਰ ਸਮੇਤ 7 ਵਿਅਕਤੀਆਂ ਖ਼ਿਲਾਫ਼ ਨਗਰ ਕੋਤਵਾਲੀ ਵਿੱਚ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪਿਛਲੇ ਸਾਲ ਉੱਤਰਾਖੰਡ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਆਪਣੇ ਨਿੱਜੀ ਸਕੱਤਰ ਪ੍ਰਕਾਸ਼ ਚੰਦ ਉਪਾਧਿਆਏ ਨੂੰ ਮਿਲਿਆ ਸੀ। ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਅਤੇ ਨਿੱਜੀ ਸਕੱਤਰ ਵਿਚਕਾਰ ਦੋਸਤੀ ਹੋ ਗਈ। ਇਸ ਦੌਰਾਨ ਪ੍ਰਕਾਸ਼ ਚੰਦ ਉਪਾਧਿਆਏ ਨੇ ਸੰਜੀਵ ਕੁਮਾਰ ਨੂੰ ਕਿਹਾ ਕਿ ਉਹ ਉਸ ਨੂੰ ਕਈ ਤਰ੍ਹਾਂ ਦੇ ਸਰਕਾਰੀ ਕੰਮ ਕਰਵਾ ਸਕਦਾ ਹੈ। ਪਰ ਇਸਦੇ ਲਈ ਹੋਰ ਲੋਕਾਂ ਦੀ ਲੋੜ ਪਵੇਗੀ।
ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਪ੍ਰਕਾਸ਼ ਚੰਦ ਉਪਾਧਿਆਏ ਦੀ ਗੱਲ ਉੱਤੇ ਵਿਸ਼ਵਾਸ ਕਰ ਲਿਆ। ਆਪਣੇ ਕਾਰੋਬਾਰੀ ਦੋਸਤਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਕੋਲ ਦਵਾਈਆਂ ਦੀ ਸਪਲਾਈ ਤੇ ਨਿਰਮਾਣ ਨਾਲ ਸਬੰਧਤ ਕੁੱਝ ਫਰਮਾਂ ਸਨ। ਕੁਝ ਦਿਨਾਂ ਬਾਅਦ ਪ੍ਰਕਾਸ਼ ਚੰਦ ਉਪਾਧਿਆਏ ਨੇ ਸੰਜੀਵ ਕੁਮਾਰ ਅਤੇ ਉਸ ਦੇ ਸਾਥੀਆਂ ਤੋਂ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਤਰੀਕਾਂ ‘ਤੇ 3 ਕਰੋੜ 42 ਲੱਖ ਰੁਪਏ ਲੈ ਲਏ। ਸੰਜੀਵ ਕੁਮਾਰ ਨੇ ਆਰੋਪ ਲਾਇਆ ਕਿ ਕਦੇ ਸਕੱਤਰੇਤ ਤੋਂ ਪੈਸੇ ਲਏ ਜਾਂਦੇ ਹਨ ਤੇ ਕਦੇ ਵਿਧਾਨ ਸਭਾ ਤੋਂ ਪੈਸੇ ਲਏ ਜਾਂਦੇ ਹਨ।
ਸੰਜੀਵ ਕੁਮਾਰ ਵੱਲੋਂ 3 ਕਰੋੜ 42 ਲੱਖ ਦੀ ਰਾਸ਼ੀ ਦੇਣ ਤੋਂ ਬਾਅਦ ਦੋਵੇਂ ਵਿਧਾਨ ਸਭਾ ਅਤੇ ਸਕੱਤਰੇਤ ਵਿੱਚ ਮੀਟਿੰਗਾਂ ਕਰਦੇ ਰਹੇ। ਮੀਟਿੰਗ ਦੌਰਾਨ ਪ੍ਰਕਾਸ਼ ਚੰਦ ਉਪਾਧਿਆਏ ਨੇ ਕੰਮਾਂ ਸਬੰਧੀ ਫਾਈਲਾਂ ਰੱਖੀਆਂ। ਦੋਸ਼ ਹੈ ਕਿ ਹਰ ਮੀਟਿੰਗ ‘ਚ ਪ੍ਰਕਾਸ਼ ਚੰਦ ਉਪਾਧਿਆਏ ਕਹਿੰਦੇ ਸਨ ਕਿ ਫਾਈਲਾਂ ‘ਤੇ ਕੁਝ ਦਸਤਖਤ ਚਾਹੀਦੇ ਹਨ, ਤੁਹਾਡਾ ਕੰਮ ਹੋ ਜਾਵੇਗਾ। ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਕੰਮ ਨਹੀਂ ਹੋਇਆ। ਇਸ ’ਤੇ ਜਦੋਂ ਸੰਜੀਵ ਕੁਮਾਰ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਪ੍ਰਕਾਸ਼ ਚੰਦ ਉਪਾਧਿਆਏ ਨੇ ਮਾਰਚ ਵਿੱਚ ਦੇਣ ਦਾ ਵਾਅਦਾ ਕੀਤਾ ਸੀ। ਪਰ ਮਾਰਚ ਵਿੱਚ ਪੈਸੇ ਨਹੀਂ ਦਿੱਤੇ ਗਏ।
ਸੰਜੀਵ ਕੁਮਾਰ ਨੇ ਦੋਸ਼ ਲਾਇਆ ਕਿ ਪ੍ਰਕਾਸ਼ ਚੰਦ ਉਪਾਧਿਆਏ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪਿਛਲੇ ਮਹੀਨੇ ਘਰ ਬੁਲਾਇਆ ਸੀ। ਘਰ ਬੁਲਾ ਕੇ 30 ਲੱਖ ਰੁਪਏ ਦਾ ਚੈੱਕ ਦਿੱਤਾ। ਇਹ ਚੈੱਕ ਉਨ੍ਹਾਂ ਦੇ ਨੌਕਰ ਸ਼ਾਹਰੁਖ ਦੇ ਨਾਂ ‘ਤੇ ਸੀ। ਜਦੋਂ ਇਹ ਚੈੱਕ ਬੈਂਕ ਵਿੱਚ ਜਮ੍ਹਾਂ ਕਰਵਾਇਆ ਗਿਆ ਤਾਂ ਇਹ ਬਾਊਂਸ ਹੋ ਗਿਆ।
ਸੰਜੀਵ ਕੁਮਾਰ ਨੇ ਸਾਰਾ ਮਾਮਲਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਦੱਸਿਆ। ਮੁੱਖ ਮੰਤਰੀ ਨੇ ਐਸ.ਐਸ.ਪੀ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਐਸ.ਪੀ ਸਿਟੀ ਸਰਿਤਾ ਡੋਵਾਲ ਨੇ ਦੱਸਿਆ ਕਿ ਪੀੜਤਾ ਦੀ ਤਹਿਰੀਕ ਦੇ ਆਧਾਰ ‘ਤੇ ਥਾਣਾ ਸਿਟੀ ਵਿਚ ਪ੍ਰਕਾਸ਼ ਚੰਦ ਉਪਾਧਿਆਏ ਸਮੇਤ ਸੌਰਭ ਸ਼ਰਮਾ, ਉਸ ਦੀ ਪਤਨੀ ਨੰਦਿਨੀ, ਮਹੇਸ਼, ਰੌਣਕ, ਅਮਿਤ ਲਾਂਬਾ ਅਤੇ ਸ਼ਾਹਰੁਖ ਖ਼ਾਨ ਦੇ ਖਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Comment here