ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਭਾਈਚਾਰੇ ਲਈ ਲਏ ਵੱਡੇ ਫੈਸਲਿਆਂ ਤੇ ਅਮਰੀਕੀ ਸਿੱਖਾਂ ਵੱਲੋਂ ਮੋਦੀ ਦਾ ਧੰਨਵਾਦ

ਨਿਊਯਾਰਕ- ਇੱਥੇ ਦੇ ਹਿਕਸਵਿਲ ਵਿਖੇ ਆਪਣਾ ਪੰਜਾਬ ਮੀਡੀਆ ਅਦਾਰੇ ਅਤੇ ਯੂਨਾਈਟਿਡ ਗਰੇਟ ਪੰਜਾਬ ਵਲੋਂ ਸਾਂਝੇ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਿੱਖ ਭਾਈਚਾਰੇ ਲਈ ਕੀਤੇ ਕਾਰਜਾਂ ਵਾਸਤੇ ਧੰਨਵਾਦ ਕਰਨ ਲਈ ਉਚੇਚਾ ਸਮਾਗਮ ਆਯੋਜਿਤ ਕੀਤਾ ਗਿਆ। ਆਪਣਾ ਪੰਜਾਬ ਮੀਡੀਆ ਦੇ ਸੀ ਈ ਓ ਗੁਰਮੀਤ ਸਿੰਘ ਅਤੇ ਆਈ ਡੀ ਪੀ ਯੂ ਐੱਸ ਏ ਇੰਕ ਤੇ ਆਈ ਏ ਏ ਸੀ ਇੰਕ ਦੇ ਦੀਪਕ ਬਾਂਸਲ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੇ ਯਾਦ ਕੀਤਾ ਕਿ ਕਿਵੇਂ ਮੋਦੀ ਜੀ ਨੇ ਕਿਸਾਨਾਂ ਦਾ ਮਾਣ ਰੱਖਣ ਲਈ ਖੇਤੀ ਕਨੂੰਨ ਵਿਸ਼ਵ ਪੱਧਰੀ ਵਪਾਰ ਸੰਸਥਾਵਾਂ ਦੇ ਦਬਾਅ ਦੇ ਬਾਵਜੂਦ ਰੱਦ ਕੀਤੇ, ਹਾਲਾਂਕਿ ਇਹ ਕਨੂੰਨ ਕਿਸਾਨੀ ਹਿੱਤ ਵਿੱਚ ਸਨ ਤੇ ਖੇਤੀ ਮੰਡੀਆਂ ਦੇ ਪਸਾਰ ਵਾਸਤੇ ਸਨ। ਕਿਹਾ ਗਿਆ ਕਿ ਅੱਜ ਤੋਂ ਵੀਹ ਸਾਲ ਮਗਰੋਂ ਕਿਸਾਨ ਹਿਤੈਸ਼ੀ ਲੋਕ ਪਛਤਾਵਾ ਕਰਨਗੇ, ਜਦ ਅਹਿਸਾਸ ਹੋਵੇਗਾ ਕਿ ਮੋਦੀ ਜੀ ਇਹ ਬਿੱਲ ਕਿਸਾਨਾਂ ਦੇ ਕਿੰਨੇ ਵੱਡੇ ਭਲੇ ਵਾਸਤੇ ਲੈ ਕੇ ਆਏ ਸਨ। ਬੁਲਾਰਿਆਂ ਨੇ ਅਫਸੋਸ ਜਤਾਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਏਨਾ ਵੱਡਾ ਫੈਸਲਾ ਲਿਆ, ਪਰ ਕਿਸਾਨ ਅੰਦੋਲਨ ਦੇ ਨਾਮ ਤੇ ਭੋਲੇ ਭਾਲੇ ਕਿਸਾਨਾਂ ਨੂੰ ਗੁਮਰਾਹ ਕਰਨ ਵਾਲੇ ਅਖੌਤੀ ਆਗੂਆਂ ਨੇ ਮੋਦੀ ਜੀ ਦਾ ਧੰਨਵਾਦ ਤੱਕ ਨਹੀਂ ਕੀਤਾ, ਤੇ ਕੇਂਦਰ ਸਰਕਾਰ ਵਲੋੰ ਜਤਾਏ ਗਏ ਖਦਸ਼ੇ ਕਿ ਅਜਿਹੇ ਆਗੂਆਂ ਦੀ ਮਨਸ਼ਾ ਸਿਆਸਤ ਚ ਆਉਣਾ ਹੈ, ਅੱਜ ਪੰਜਾਬ ਚੋਣਾਂ ਵਿੱਚ ਉਹਨਾਂ ਦੀ ਸਰਗਰਮੀ ਨੇ ਸਿਧ ਕਰ ਦਿੱਤਾ ਹੈ ਕਿ ਮੋਦੀ ਜੀ ਅਤੇ ਉਹਨਾਂ ਦੀ ਸਰਕਾਰ ਦਾ ਖਦਸ਼ਾ ਸਹੀ ਸੀ।

ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਅਫਗਾਨਿਸਤਾਨ ਵਿੱਚ ਸੱਤਾ ਪਰਿਵਰਤਨ ਦੌਰਾਨ ਓਥੇ ਫਸੇ ਹਿੰਦੂਆਂ ਅਤੇ ਸਿੱਖਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ, ਉਹਨਾਂ ਦੇ ਧਾਰਮਿਕ ਗ੍ਰੰਥ ਪੂਰੀ ਮਾਣ ਮਰਿਆਦਾ ਨਾਲ ਦੇਸ਼ ਲਿਆਂਦੇ ਗਏ।ਸਿੱਖਾਂ ਦੀ ਚਿਰੋਕਣੀ ਮੰਗ ਕਰਤਾਰਪੁਰ ਲਾਂਘਾ ਖੋਲਿਆ ਗਿਆ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਆਰੰਭੀ। ਤੇ ਸਭ ਤੋਂ ਅਹਿਮ ਹਾਲ ਹੀ ਵਿੱਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦਿਆਂ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਅਤੇ ਸਕੂਲੀ ਬੱਚਿਆਂ ਤੇ ਨੌਜਵਾਨਾਂ  ਨੂੰ ਇਹ ਮਹਾਨ ਇਤਿਹਾਸ ਪੜਨ ਦਾ ਸੱਦਾ ਦਿੱਤਾ। ਇਸ ਸਮਾਗਮ ਵਿੱਚ ਬੁਲਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਦਿੰਦਿਆਂ ਉਹਨਾਂ ਦਾ ਇੰਡੀਆ ਗੇਟ ਦਿੱਲੀ ਤੇ ਬੁੱਤ ਸਥਾਪਿਤ ਕਰਨ ਲਈ ਵੀ ਧੰਨਵਾਦ ਕੀਤਾ। ਕਿਹਾ ਕਿ ਮੋਦੀ ਜੀ ਦੀਆਂ ਪੰਜਾਬੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਲਈ ਲਿਆਂਦੀਆਂ ਨੀਤੀਆਂ ਲਈ ਇਤਿਹਾਸ ਵਿੱਚ ਉਹਨਾਂ ਦਾ ਨਾਮ ਮਾਣ ਨਾਲ ਲਿਆ ਜਾਵੇਗਾ ਅਤੇ ਅਮਰੀਕਾ ਵਸਦੀ ਸਾਰੇ ਪੰਜਾਬੀ ਤੇ ਸਿੱਖ ਭਾਈਚਾਰੇ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ ਅਮਰੀਕੀ ਸਿੱਖ ਅਤੇ ਪੰਜਾਬੀ ਭਾਈਚਾਰੇ ਦੀਆਂ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ।

Comment here