ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਭਲਕੇ ਰੂਪਨਗਰ ਪੁਲਸ ਕੋਲ ‘ਪੇਸ਼’ ਹੋਣਗੇ ਕੁਮਾਰ ਤੇ ਅਲਕਾ

ਰੂਪਨਗਰ- ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਤੇ ਕਵੀ ਕੁਮਾਰ ਵਿਸ਼ਵਾਸ ਤੇ ਸਾਬਕਾ ਆਪ ਆਗੂ, ਮੌਜੂਦਾ ਕਾਂਗਰਸੀ ਆਗੂ ਅਲਕਾ ਲਾਂਬਾ 26 ਅਪ੍ਰੈਲ ਦੀ ਬਜਾਏ 27 ਅਪ੍ਰੈਲ ਨੂੰ ਰੂਪਨਗਰ ਪੁਲਿਸ ਦੇ ਨੋਟਿਸ ਦਾ ਜਵਾਬ ਦੇਣ ਲਈ ਆ ਸਕਦੇ ਹਨ। ਰੂਪਨਗਰ ਸਦਰ ਪੁਲਿਸ ਸਟੇਸ਼ਨ ’ਚ ਕਵੀ ਕੁਮਾਰ ਵਿਸ਼ਵਾਸ ’ਤੇ 12 ਅਪ੍ਰੈਲ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ‘ਆਪ’ ਦੇ ਜ਼ਿਲ੍ਹਾ ਯੂਥ ਦੇ ਉਪ-ਪ੍ਰਧਾਨ ਨਰਿੰਦਰ ਸਿੰਘ ਦੇ ਬਿਆਨ ਉੱਤੇ ਦਰਜ ਹੋਇਆ ਸੀ। ਜਿਸ ’ਚ ਇਲਜ਼ਾਮ ਹੈ ਕਿ ਦੋਸ਼ੀਆਂ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖ਼ਾਲਸਿਤਾਨੀਆਂ ਨਾਲ ਸਬੰਧ ਹੋਣ ਦਾ ਝੂਠਾ ਪ੍ਰਚਾਰ ਕੀਤਾ ਹੈ ਅਤੇ ਇਸ ਪ੍ਰਚਾਰ ਤੋਂ ਬਾਅਦ ਲੋਕ ‘ਆਪ’ ਦੇ ਨੇਤਾਵਾਂ ਨੂੰ ਖ਼ਾਲਿਸਤਾਨੀ ਕਹਿ ਕੇ ਬੁਲਾਉਣ ਲੱਗ ਪਏ ਸਨ। ਇਸ ਮਾਮਲੇ ’ਚ ਬਾਅਦ ’ਚ ਕਾਂਗਰਸੀ ਨੇਤਾ ਤੇ ਸਾਬਕਾ ਵਿਧਾਇਕਾ ਅਲਕਾ ਲਾਂਬਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ, ਕੁਝ ਦਿਨ ਪਹਿਲਾਂ ਰੂਪਨਗਰ ਪੁਲਿਸ ਦੀ ਟੀਮ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੇ ਘਰ ਬਾਹਰ ਨੋਟਿਸ ਲਾ ਕੇ ਆਈ ਸੀ। ਦਰਜ ਮਾਮਲੇ ਵਿਚ 26 ਅਪ੍ਰੈਲ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੀ ਹਦਾਇਤ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਸਿਆਸਤ ਭੱਖ ਗਈ ਸੀ ਅਤੇ ਕਾਂਗਰਸ ਪਾਰਟੀ ਇਸ ਨੂੰ ਮੁੱਦਾ ਬਣਾਉਣਾ ਜਾ ਰਹੀ ਹੈ। ਜਿਸ ਦਿਨ ਅਲਕਾ ਲਾਂਬੇ ਦੇ ਰੂਪਨਗਰ ਆਉਣ ਦਾ ਪ੍ਰੋਗਰਾਮ ਸੀ, ਉਸ ਦਿਨ ਕਾਂਗਰਸ ਦੁਆਰਾ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਜਾਣਕਾਰੀ ਮੁਤਾਬਕ ਪੁਲਿਸ ਦੁਆਰਾ ਬਣਾਈ ਗਈ ਐੱਸਆਈਟੀ ਦੇ ਇਕ ਮੈਂਬਰ ਡੀਐੱਸਪੀ ਜਰਨੈਲ ਸਿੰਘ ਨੂੰ ਕੋਈ ਸਮੱਸਿਆ ਆਉਣ ਕਾਰਨ ਇਕ ਦਿਨ ਵਧਾਇਆ ਗਿਆ ਹੈ। ਐੱਸਆਈਟੀ ਦੇ ਸੁਪਰਵਾਈਜ਼ਰ ਐੱਸਪੀ (ਡੀ) ਹਰਬੀਰ ਸਿੰਘ ਅਟਵਾਲ ਨੇ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਨੂੰ 27 ਨੂੰ ਬੁਲਾਏ ਜਾਣ ਦੀ ਪੁਸ਼ਟੀ ਕੀਤੀ ਹੈ।

Comment here