ਸਿਆਸਤਖਬਰਾਂ

ਭਲਕੇ ਪੀਐੱਮ ਮੋਦੀ ਦੀ ਪੰਜਾਬ ਫੇਰੀ ਤੋਂ ਰਾਹਤ ਪੈਕੇਜ ਦੀ ਆਸ ਬੱਝੀ

ਕਰਜ਼ ਰਾਹਤ ਸਮੇਤ ਪੰਜਾਬ ਨੂੰ ਮਿਲ ਸਕਦੇ ਨੇ ਵੱਡੇ ਤੋਹਫ਼ੇ
ਜਲੰਧਰ-ਸੂਬੇ ਦੀ ਪਟੜੀ ਤੋਂ ਲਹਿ ਚੁੱਕੀ ਵਿੱਤੀ ਅਰਥਵਿਵਸਥਾ ਨੂੰ ਮੁੜ ਪਟੜੀ ‘ਤੇ ਲਿਆਉਣ ਲਈ ਪੰਜਾਬ ਦੌਰੇ ‘ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਸਿਰ ਚੜ੍ਹੇ 2.5 ਲੱਖ ਤੋਂ ਵਧੇਰੇ ਦੇ ਕਰਜ਼ ‘ਚ ਰਾਹਤ ਵੱਡੇ ਵਿੱਤੀ ਪੈਕੇਜ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਉਦਯੋਗ ਜਗਤ ਵੀ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਕਾਫ਼ੀ ਉਮੀਦ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਹੈ। ਸੰਭਾਵਨਾ ਇਹ ਵੀ ਹੈ ਕਿ ਮੋਦੀ ਪੰਜਾਬ ਦੇ ਉਦਯੋਗ ਨੂੰ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੀ ਤਰਜ਼ ‘ਤੇ ਵਿਸ਼ੇਸ਼ ਰਿਆਇਤ ਦੇ ਸਕਦੇ ਹਨ। ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਸਲਾ ਵੀ ਚਰਚਾ ‘ਚ ਹੈ ਅਤੇ ਕਾਲੀ ਸੂਚੀ ‘ਚ ਸ਼ਾਮਿਲ ਸਿੱਖਾਂ ਦੇ ਨਾਵਾਂ ਨੂੰ ਲੈ ਕੇ ਵੀ ਕੋਈ ਫ਼ੈਸਲਾ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਭਲਕੇ ਪੰਜਾਬ ‘ਚ  42 ਹਜ਼ਾਰ 750 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਨ੍ਹਾਂ ’ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ, ਅੰਮ੍ਰਿਤਸਰ-ਊਨਾ ਡਵੀਜ਼ਨ ਨੂੰ ਚਾਰ ਲੇਨ ਬਣਾਉਣ ਅਤੇ ਮੁਕਰੇਨ-ਤਲਵਾੜਾ ਨਵੀਂ ਰੇਲ ਲਾਈਨ, ਫਿਰੋਜ਼ਪੁਰ ’ਚ ਪੀ. ਜੀ. ਆਈ. ਸੈਟੇਲਾਈਟ ਕੇਂਦਰ ਕਪੂਰਥਲਾ ਅਤੇ ਹੁਸ਼ਿਆਰਪੁਰ ’ਚ ਦੋ ਨਵੇਂ ਮੈਡੀਕਲ ਕਾਲਜ ਸ਼ਾਮਲ ਹਨ।
ਕਈ ਕਿਸਾਨ ਯੂਨੀਅਨਾਂ ਕਰਨਗੀਆਂ ਵਿਰੋਧ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 5 ਜਨਵਰੀ ਨੂੰ ਹੋ ਰਹੀ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਜੇ ਵੀ ਕਿਸਾਨਾਂ ਦੀਆਂ ਕਈ ਮੰਗਾਂ ਪੂਰੀਆਂ ਨਹੀਂ ਹੋਈਆਂ। 9 ਹੋਰ ਕਿਸਾਨ ਯੂਨੀਅਨਾਂ ਵੀ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕਰ ਚੁੱਕੀਆਂ ਹਨ। ਉਥੇ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ  ਅਸੀਂ ਪੀ.ਐੱਮ. ਦੀ ਰੈਲੀ ‘ਚ ਅੜਿੱਕਾ ਨਹੀਂ ਪਾਵਾਂਗੇ ਪਰ ਵਿਰੋਧ ਜਾਰੀ ਰਹੇਗਾ।
ਕੈਪਟਨ ਤੇ ਢੀਂਡਸਾ ਵੀ ਹੋਏ ਸਰਗਰਮ
ਭਾਜਪਾ ਦੇ ਸਹਿਯੋਗੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੀ ਮੋਦੀ ਦੀ ਰੈਲੀ ਨੂੰ ਲੈ ਕੇ ਸਰਗਰਮ ਹੋ ਗਏ ਹਨ। ਭਾਜਪਾ ਦੀ ਪ੍ਰਦੇਸ਼ ਇਕਾਈ ਵੀ ਵੱਖ-ਵੱਖ ਜ਼ਿਲਿ੍ਹਆਂ ‘ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਜੁਟ ਗਈ ਹੈ। ਇਸ ਰੈਲੀ ‘ਚ ਭਾਜਪਾ ਦੇ ਦੋਵੇਂ ਸਹਿਯੋਗੀ ਮੋਦੀ ਦੇ ਨਾਲ ਮੰਚ ਸਾਂਝਾ ਕਰਨਗੇ।
ਸਿੱਖਾਂ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼
ਭਾਜਪਾ ਦੀ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਸਿੱਖ ਭਾਈਚਾਰੇ ਨਾਲ ਨੇੜਤਾ ਵਧਾਈ ਜਾਵੇ। ਗੱਲ ਚਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਹੋਵੇ, ਚਾਹੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ, ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਵਿੱਚ ਮਨਾਉਣ ਦਾ ਸੰਕਲਪ ਲਿਆ ਗਿਆ।ਇਨ੍ਹਾਂ ਮੌਕਿਆਂ ‘ਤੇ ਵਿਸ਼ੇਸ਼ ਡਾਕ ਟਿਕਟਾਂ ਜਾਰੀ ਕੀਤੀਆਂ, ਪ੍ਰਦਰਸ਼ਨੀਆਂ ਲਗਾਈਆਂ ਅਤੇ ਵਿਸ਼ੇਸ਼ ਸਿੱਕੇ ਜਾਰੀ ਕੀਤੇ ਗਏ। ਸਿੱਖ ਗੁਰੂਆਂ ਦੇ ਵਿਸ਼ੇਸ਼ ਦਿਹਾੜਿਆਂ ‘ਤੇ ਪ੍ਰਧਾਨ ਮੰਤਰੀ ਮੋਦੀ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਹਨ।ਸਿੱਖਾਂ ਦੀ ਸਾਲਾਂ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਵੀ ਭਾਜਪਾ ਸਰਕਾਰ ਨੇ ਮੰਨੀ ਅਤੇ ਲਾਂਘਾ ਖੋਲ੍ਹ ਕੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦਿੱਤਾ ਸੀ।ਕੋਰੋਨਾ ਕਾਲ ਸਮੇਂ ਇਹ ਲਾਂਘਾ ਬੰਦ ਕਰਨਾ ਪਿਆ ਸੀ ਪਰ ਸਿੱਖਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮੁੜ ਤੋਂ ਇਹ ਲਾਂਘਾ ਖੋਲ੍ਹ ਦਿਤਾ ਗਿਆ ਹੈ। ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਸੈਨਾ ਦੇ ਰੁਖ਼ਸਤ ਹੋਣ ਮਗਰੋਂ   ਤਾਲਿਬਾਨ ਦੇ ਖ਼ੌਫ਼ ‘ਚ ਜ਼ਿੰਦਗੀ ਕੱਢ ਰਹੇ ਹਿੰਦੂਆਂ ਸਮੇਤ ਸਿੱਖਾਂ ਨੂੰ ਸੁਰੱਖਿਅਤ ਵਾਪਸ ਭਾਰਤ ਲਿਆਂਦਾ ਗਿਆ।ਅਫਗਾਨਿਸਤਾਨ ‘ਚੋਂ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਵੀ ਮਰਿਆਦਾ ਸਹਿਤ ਭਾਰਤ ਲਿਆਂਦਾ ਗਿਆ। ਪਿਛਲੇ ਇਕ ਸਾਲ ਤੋਂ ਵਧੇਰੇ ਸਮੇਂ ਤੋਂ  ਖੇਤੀ ਕਾਨੂੰਨਾਂ  ਨੂੰ ਰੱਦ ਕਰਨ ਦੀ ਮੰਗ ਨੂੰ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਪਵਿੱਤਰ ਦਿਹਾੜਾ ਚੁਣਿਆ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ।ਇਸ ਤੋਂ ਇਲਾਵਾ 1984 ਦੇ ਪੀੜਤ ਸਿੱਖ ਪਰਿਵਾਰਾਂ ਨੂੰ ਨਿਆਂ ਦਿਵਾਉਣ ਦੇ ਲਈ ਕਈ ਗੁਨਾਹਗਾਰਾਂ ਦੇ ਕੇਸਾਂ ਦਾ ਟ੍ਰਾਇਲ ਕਰਵਾਇਆ।

Comment here