ਚੰਡੀਗੜ੍ਹ-ਆਮ ਆਦਮੀ ਪਾਰਟੀ ਪਾਰਟੀ ਭਲਕੇ ਦੁਪਹਿਰ 12 ਵਜੇ ਐਲਾਨ ਕਰੇਗੀ ਕਿ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਜਨਤਾ ਦੀ ਰਾਏ ਅਨੁਸਾਰ ਹੀ ਤੈਅ ਕੀਤਾ ਜਾਵੇਗਾ। ਚਾਰ ਦਿਨ ਪਹਿਲਾਂ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਲੋਕਾਂ ਦੀ ਰਾਏ ਜਾਣਨ ਲਈ ਫ਼ੋਨ ਨੰਬਰ ਜਾਰੀ ਕੀਤਾ ਸੀ। ਇਸ ‘ਤੇ ਲੋਕ ਆਪਣੀ ਰਾਏ ਦੇ ਰਹੇ ਹਨ।
ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ‘ਚ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਨੰਬਰ 7074870748 ‘ਤੇ 72 ਘੰਟਿਆਂ ‘ਚ 15 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਐਤਵਾਰ ਨੂੰ ‘ਆਪ’ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 72 ਘੰਟਿਆਂ ‘ਚ ਸਾਢੇ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਵ੍ਹਟਸਐਪ, 7 ਲੱਖ ਦੇ ਕਰੀਬ ਲੋਕਾਂ ਨੇ ਕਾਲ, 1.5 ਲੱਖ ਲੋਕਾਂ ਨੇ ਵੁਆਇਸ ਮੈਸੇਜ ਤੇ 1.5 ਲੱਖ ਲੋਕਾਂ ਨੇ ਟੈਕਸਟ ਮੈਸੇਜ ਰਾਹੀਂ ਆਪਣੀ ਰਾਏ ਦਿੱਤੀ ਹੈ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਲੋਕਾਂ ਵੱਲੋਂ ਵੱਡੀ ਗਿਣਤੀ ‘ਚ ਮਿਲੇ ਭਰਵੇਂ ਹੁੰਗਾਰੇ ‘ਤੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਾਉਣ ਲਈ ਲੱਖਾਂ ਦੀ ਗਿਣਤੀ ‘ਚ ਮਿਲ ਰਿਹਾ ਹੁੰਗਾਰਾ ਸਾਬਿਤ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ। ਇਸ ਵਾਰ ‘ਆਪ’ ਦੀ ਸਰਕਾਰ ਸਪੱਸ਼ਟ ਬਹੁਮਤ ਨਾਲ ਬਣੇਗੀ ਤੇ ਰਵਾਇਤੀ ਪਾਰਟੀਆਂ ਦੀ ਗੰਦੀ ਰਾਜਨੀਤੀ ਦਾ ਸਫਾਇਆ ਕੀਤਾ ਜਾਵੇਗਾ। ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀ ਭ੍ਰਿਸ਼ਟਾਚਾਰ ਤੇ ਲੁੱਟ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਲੋਕ ਹੁਣ ਬਦਲਾਅ ਚਾਹੁੰਦੇ ਹਨ।
ਚੀਮਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਗਿਣਤੀ ‘ਚ ‘ਆਪ’ ਵੱਲੋਂ ਜਾਰੀ ਕੀਤੇ ਗਏ ਨੰਬਰ ‘ਤੇ ਆਪਣੀ ਰਾਏ ਦਿਓ ਅਤੇ ਆਪਣੀ ਮਰਜ਼ੀ ਦਾ ਮੁੱਖ ਮੰਤਰੀ ਚੁਣ ਕੇ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਸ਼ਾਮਲ ਹੋਵੋ। ਸਾਰੇ ਅੰਕੜੇ ਇਕੱਠੇ ਹੋਣ ਤੋਂ ਬਾਅਦ ਪਾਰਟੀ ਲੋਕਾਂ ਤੋਂ ਮਿਲੀ ਰਾਏ ਅਨੁਸਾਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ।
Comment here