ਟਾਰਗੈਟ ਕਿਲਿੰਗ ਦੇ ਵਧੇ ਮਾਮਲਿਆਂ ‘ਤੇ ਹੋਵੇਗੀ ਚਰਚਾ
ਨਵੀਂ ਦਿੱਲੀ-ਭਲਕੇ 3 ਜੂਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨਾਲ ਕਸ਼ਮੀਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਗੱਲਬਾਤ ਕਰਨਗੇ। ਗੱਲਬਾਤ ਦਾ ਮੁੱਖ ਵਿਸ਼ਾ ਟਾਰਗੇਟ ਕਿਲਿੰਗ ਦੇ ਵਧੇ ਮਾਮਲੇ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਧਿਕਾਰੀ ਬੈਠਕ ‘ਚ ਹਿੱਸਾ ਲੈਣਗੇ। ਇਹ ਮੀਟਿੰਗ ਘਾਟੀ ਵਿੱਚ ਅੱਤਵਾਦੀਆਂ ਵੱਲੋਂ ਹਿੰਦੂ ਸਰਕਾਰੀ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਹੱਤਿਆ ਅਤੇ ਪ੍ਰਸ਼ਾਸਨ ਵੱਲੋਂ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਅਮਰਨਾਥ ਯਾਤਰਾ ਇਸ ਮਹੀਨੇ ਦੇ ਅੰਤ ਤੋਂ ਸ਼ੁਰੂ ਹੋਵੇਗੀ। ਜੰਮੂ-ਕਸ਼ਮੀਰ ‘ਚ ਟਾਰਗੇਟ ਕਿਲਿੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਾਦੀ ਵਿੱਚ ਹਾਲ ਹੀ ਵਿੱਚ ਹੋਈਆਂ ਟਾਰਗੇਟ ਕਿਲਿੰਗਾਂ ਦਾ ਜ਼ਿਕਰ ਕਰਦਿਆਂ ਅਬਦੁੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੁਰੱਖਿਆ ਪਹਿਲੂ ਬਾਰੇ ਸੋਚਣਾ ਪਵੇਗਾ।
ਸਰਕਾਰ ਦਾ ਬਚਾਅ ਕਰਦਿਆਂ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕੁਲਗਾਮ ‘ਚ ਸਰਕਾਰੀ ਸਕੂਲ ‘ਚ ਭੰਨ-ਤੋੜ ਕਰਨ ਤੋਂ ਬਾਅਦ ਕਥਿਤ ਅੱਤਵਾਦੀਆਂ ਵੱਲੋਂ ਹਿੰਦੂ ਅਧਿਆਪਕਾ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਹਮਲਾਵਰਾਂ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ, ਜਿਸ ਨੂੰ ਉਹ ਕਦੇ ਨਹੀਂ ਭੁੱਲਣਗੇ। ਅੱਤਵਾਦੀ ਹਮਲੇ ‘ਚ ਮਾਰੀ ਗਈ ਟੀਵੀ ਅਦਾਕਾਰ ਅਮਰੀਨ ਭੱਟ ਅਤੇ ਪੁਲਿਸ ਕਾਂਸਟੇਬਲ ਸੈਫੁੱਲਾ ਕਾਦਰੀ ਦੇ ਪਰਿਵਾਰਾਂ ਨਾਲ ਵੀ ਐਲ ਜੀ ਮਿਲੇ ਹਨ, ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਅਗਲੀ ਰਣਨੀਤੀ ਭਲਕੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਤੈਅ ਹੋਵੇਗੀ ਕਿ ਹਿੰਦੂ ਭਾਈਚਾਰੇ ਨੂੰ ਇੱਥੇ ਭੈਅ ਮੁਕਤ ਕਿਵੇਂ ਰੱਖਿਆ ਜਾਣਾ ਹੈ।


Comment here