ਫਿਰੋਜ਼ਪੁਰ: ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਥਿਤ ਸ਼ਹੀਦੀ ਸਮਾਰਕਾਂ ‘ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਸ਼ਹੀਦਾਂ ਨੂੰ ਸਿਜਦਾ ਕੀਤਾ। ਇਸ ਦੌਰਾਨ ਆਮ ਆਦਮੀ (ਮੁੱਖ ਮੰਤਰੀ) ਦਾ ਖ਼ਾਸ ਚਿਹਰਾ ਉਸ ਵੇਲੇ ਨਜ਼ਰ ਆਇਆ, ਜਦੋਂ ਭਗਵੰਤ ਮਾਨ ਦੇ ਹੁਸੈਨੀਵਾਲਾ ਵਿਖੇ ਪੂਰੇ ਪ੍ਰੋਗਰਾਮ ਦੌਰਾਨ ਪੁਲਿਸ ਵੱਲੋਂ ਜਿੱਥੇ ਆਮ ਲੋਕਾਂ ਨੂੰ ਸਮਾਰਕਾਂ ਤੋਂ ਦੂਰ ਹੀ ਰੋਕੀ ਰੱਖਿਆ, ਉਥੇ ਮੀਡੀਆ ਕਰਮੀਆਂ ਨੂੰ ਵੀ ਸਮਾਰਕ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਪਹਿਲਾਂ ਸਮੇਂ ਤੋਂ ਪੰਜ ਮਿੰਟ ਪਹਿਲਾਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਪਹੁੰਚੇ ਭਗਵੰਤ ਮਾਨ ਨੇ ਸ਼ਹੀਦ ਏ ਆਜ਼ਮ ਸੁਖਦੇਵ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸ਼ਿਵਰਾਮ ਰਾਜਗੁਰੂ ਅਤੇ ਬੀ ਕੇ ਦੱਤ ਦੀਆਂ ਸਮਾਧੀਆਂ ਤੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਭਗਤ ਸਿੰਘ ਤੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਯਤਨ ਕਰਾਂਗੇ- ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ। ਸ਼ਰਧਾਂਜਲੀ ਅਰਪਿਤ ਕਰਨ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਠੋਸ ਅਤੇ ਸੁਹਿਰਦ ਯਤਨ ਕੀਤੇ ਜਾਣਗੇ। ਸ਼ਹੀਦ ਭਗਤ ਸਿੰਘ ਦੇ ਭਤੀਜੇ ਸਵ. ਅਭੈ ਸੰਧੂ ਦੀ ਪਤਨੀ ਸ੍ਰੀਮਤੀ ਤੇਜੀ ਸੰਧੂ, ਸ੍ਰੀ ਅਭੈ ਸੰਧੂ ਦੀ ਪੁੱਤਰੀ ਸ੍ਰੀਮਤੀ ਅਨੁਸ਼ ਪ੍ਰਿਆ, ਸ੍ਰੀ ਪ੍ਰਭਦੀਪ ਸਿੰਘ ਬੈਨੀਵਾਲ, ਸ੍ਰੀ ਹਕੂਮਤ ਸਿੰਘ ਮੱਲ੍ਹੀ, ਸ੍ਰੀ ਜ਼ੋਰਾਵਰ ਸਿੰਘ ਸੰਧੂ, ਸ੍ਰੀ ਗੌਰਵ ਸੰਧੂ, ਸ੍ਰੀਮਤੀ ਸ੍ਰੀਮਤੀ ਕੰਨਗੀ ਸੰਧੂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਦੇ ਮਹਾਨ ਨਾਇਕ ਅਤੇ ਉਨ੍ਹਾਂ ਦੇ ਦੋਵਾਂ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਾਡੀ ਸਰਕਾਰ ਹਰ ਸੰਭਵ ਯਤਨ ਕਰੇਗੀ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਅਫ਼ਸੋਸ ਜਾਹਰ ਕਰਦਿਆਂ ਕਿਹਾ ਕਿ ਇਹ ਬੜਾ ਮੰਦਭਾਗਾ ਹੈ ਕਿ ਆਜ਼ਾਦੀ ਦੇ 70 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਪਰ ਜਿੰਨ੍ਹਾਂ ਸ਼ਖਸ਼ੀਅਤਾਂ ਨੇ ਸਾਨੂੰ ਆਜਾਦੀ ਦਿਲਾਈ ਉਹ ਅਜੇ ਵੀ ਇਸ ਦਰਜੇ ਤੋਂ ਵਾਂਜੇ ਹਨ।ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਨੂੰ ਬਰਤਾਨਵੀ ਸਾਮਰਾਜਵਾਦ ਦੇ ਚੁੰਗਲ ਵਿੱਚੋਂ ਕੱਢਣ ਲਈ ਸਮੁੱਚੀ ਕੌਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਅਦੁੱਤੀ ਸ਼ਹਾਦਤ ਦੀ ਸਦਾ ਰਿਣੀ ਰਹੇਗੀ। ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੱਕ ਦੇਸ਼ ਅਤੇ ਸੂਬੇ ਵਿੱਚ ਸੱਤਾ ਸੰਭਾਲਣ ਵਾਲਿਆਂ ਨੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਨੂੰ ਅਮਲੀ ਜਾਮਾ ਪਵਾਉਣ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਹੈ ਕਿ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਬਿਹਤਰ ਭਵਿੱਖ ਦੀ ਭਾਲ ਵਿੱਚ ਉਨ੍ਹਾਂ ਮੁਲਕਾਂ ਵਿੱਚ ਹੀ ਜਾਣ ਲਈ ਮਜਬੂਰ ਹੋਣਾ ਪਿਆ ਜਿਨ੍ਹਾਂ ਦੇ ਮੂਲ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਨੇ ਲੰਮੇ ਅਜ਼ਾਦੀ ਸੰਘਰਸ਼ ਤੋਂ ਬਾਅਦ ਦੇਸ਼ ਤੋਂ ਬਾਹਰ ਕੱਢਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਦੇ ਸਹਿਯੋਗ ਨਾਲ ਇਸ ਮੰਦਭਾਗੇ ਰੁਝਾਨ ਨੂੰ ਠੱਲ੍ਹ ਪਾਈ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਖਟਕੜ ਕਲਾਂ ਸਥਿਤ ਅਜਾਇਬ ਘਰ ਦਾ ਦੌਰਾ ਵੀ ਕੀਤਾ। ਭਾਵੁਕ ਹੋ ਕੇ ਭਗਵੰਤ ਮਾਨ ਨੇ ਵਿਜ਼ਟਰ ਬੁੱਕ ਵਿੱਚ ਲਿਖਿਆ, “ਖਟਕੜ ਕਲਾਂ ਦੀ ਪਵਿੱਤਰ ਧਰਤੀ ਹਮੇਸ਼ਾਂ ਮੇਰੇ ਦਿਲ ਦੇ ਬਹੁਤ ਨੇੜੇ ਰਹੀ ਹੈ। ਅਜਾਇਬ ਘਰ ਵਿੱਚ ਦਰਸਾਏ ਸ਼ਹੀਦ ਦੇ ਜੀਵਨ ਵੇਰਵਿਆਂ ਅਤੇ ਨਿੱਜੀ ਚੀਜ਼ਾਂ ਨੇ ਮੈਨੂੰ ਭਾਵੁਕ ਕਰ ਦਿੱਤਾ ਹੈ। ਸ਼ਹੀਦ-ਏ-ਆਜ਼ਮ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡਾ ਨੈਤਿਕ ਫਰਜ਼ ਹੈ।” ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਦੇ ਪਿਤਾ ਸਵਰਗੀ ਕਿਸ਼ਨ ਸਿੰਘ ਦੀ ਸਮਾਧ `ਤੇ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ `ਤੇ ਸ਼ਰਧਾ ਦੇ ਫੁੱਲ ਵੀ ਅਰਪਣ ਕੀਤੇ। ਉਨ੍ਹਾਂ ਨੇ ਸਰਦਾਰ ਭਗਤ ਸਿੰਘ ਦੇ ਪਰਿਵਾਰ ਦੇ ਜੱਦੀ ਘਰ ਨੂੰ ਵੀ ਸਿਜਦਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸਾਦ,ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਡਵੀਜ਼ਨਲ ਕਮਿਸ਼ਨਰ ਸ੍ਰੀ ਮਨਵੇਸ਼ ਸਿੱਧੂ, ਸੈਰ ਸਪਾਟਾ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀਮਤੀ ਕੰਵਰਪ੍ਰੀਤ ਕੌਰ, ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ, ਸਾਬਕਾ ਮੰਤਰੀ ਸ੍ਰੀ ਜੋਗਿੰਦਰ ਸਿੰਘ ਮਾਨ, `ਆਪ` ਆਗੂ ਸ੍ਰੀ ਲਲਿਤ ਮੋਹਨ ਪਾਠਕ ਅਤੇ ਸ੍ਰੀ ਕੁਲਜੀਤ ਸਿੰਘ ਸਰਹਾਲ ਵੀ ਹਾਜ਼ਰ ਸਨ। ਇਸ ਮੌਕੇ ਪਿੰਡ ਦੀ ਪੰਚਾਇਤ ਨੇ ਮੁੱਖ ਮੰਤਰੀ ਦਾ ਸਨਮਾਨ ਵੀ ਕੀਤਾ।
Comment here