ਸੰਗਰੂਰ-ਆਪਣੀਆਂ ਹੱਕੀ ਮੰਗਾਂ ਅਤੇ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਗੰਨਾਂ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਸ਼ੂਗਰ ਮਿੱਲਾਂ ਵੱਲੋਂ ਕਿਸਾਨਾਂ ਨੂੰ ਗੰਨੇ ਦੇ ਪੈਸੇ ਨਾ ਦੇਣ ਨੂੰ ਲੈ ਕੇ ਕਿਸਾਨ ਰੋਹ ਵਿੱਚ ਸਨ ਅਤੇ ਇਸ ਦੌਰਾਨ ਹੀ ਪੰਜਾਬ ਦੇ ਮੁੱਖ ਮੰਤਰੀ ਆਪਣੇ ਜੱਦੀ ਇਲਾਕੇ ਧੂਰੀ ਵਿੱਚ ਨਿਰਮਾਣ ਕਾਰਜਾਂ ਦਾ ਉਦਘਾਟਨ ਪਹੁੰਚੇ ਸਨ ਪਰ ਇਸ ਦੌਰਾਨ ਉਨ੍ਹਾਂ ਦਾ ਵਿਰੋਧ ਕਰਨ ਲਈ ਕਿਸਾਨ ਪਹੁੰਚ ਗਏ।
ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ ਹੀ ਵਿਧਾਇਕ ਹਨ, ਜਿਵੇਂ ਸੀਐੱਮ ਭਗਵੰਤ ਮਾਨ ਧੂਰੀ ਵਿੱਚ ਨਿਰਮਾਣ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਤਾਂ ਕਿਸਾਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਵਿਰੋਧ ਕੀਤਾ । ਜਿਸ ਤੋਂ ਬਾਅਦ ਕਿਸਾਨਾਂ ਅਤੇ ਪੰਜਾਬ ਪੁਲਿਸ ਵਿਚਾਲੇ ਧੱਕਾ ਮੁੱਕੀ ਵੀ ਹੋਈ। ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਬੱਸਾਂ ਅਤੇ ਜੀਪਾਂ ਵਿੱਚ ਭਰ ਕੇ ਥਾਣੇ ਲਿਜਾ ਕੇ ਬੰਦ ਕਰ ਦਿੱਤਾ। ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ।
ਕਿਸਾਨਾਂ ਨੇ ਕਿਹਾ ਕਿ ਚੋਣਾਂ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਬਕਾਇਆ ਰਾਸ਼ੀ ਦੁਆਵਾਂਗੇ। ਬਕਾਇਆ ਰਾਸ਼ੀ ਦਿਵਾਉਣੀ ਤਾਂ ਦੂਰ ਦੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਦਾ ਦੁੱਖ ਸੁਣਨ ਲਈ ਇੱਕ ਮੁਲਾਕਾਤ ਕਰਨ ਤੱਕ ਲਈ ਰਾਜ਼ੀ ਨਹੀਂ ਹਨ। ਕਿਸਾਨਾਂ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਮਿਲਣ ਨੂੰ ਹੀ ਤਿਆਰ ਨਹੀਂ ਅਤੇ ਜੇਕਰ ਉਹ ਮਿਲਣ ਦਾ ਸਮਾਂ ਮੰਗਦੇ ਹਨ ਤਾਂ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਜਾਂਦਾ। ਬਦਲੇ ਵਿੱਚ ਧੱਕੇ-ਮੁੱਕੀਆਂ ਅਤੇ ਖੱਜਲ ਖਵਾਰੀ ਦਿੱਤੀ ਜਾਂਦੀ ਹੈ। ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨਾਂ ਨੂੰ ਬਣਦਾ ਬਕਾਇਆ ਨਾ ਦਵਾਇਆ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Comment here