ਖਬਰਾਂਦੁਨੀਆ

ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪਿੰਡ ਰਸੂਲਪੁਰ ਚ ਊਸ਼ਾ ਸਿਲਾਈ ਸਕੂਲ ਦਾ ਉਦਘਾਟਨ

ਔਰਤਾਂ ਨੂੰ ਹੁਨਰਮੰਦ ਤੇ ਆਰਥਿਕ ਸੰਪੰਨ ਕਰਨਾ ਫਾਊਂਡੇਸ਼ਨ ਦਾ ਮੁੱਖ ਮਕਸਦ

ਸ਼ਹੀਦ ਭਗਤ ਸਿੰਘ ਨਗਰ- ਨਜ਼ਦੀਕੀ ਪਿੰਡ ਰਸੂਲਪੁਰ ਵਿੱਚ ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਸਹਿਯੋਗ ਨਾਲ, ਔਰਤਾਂ ਨੂੰ ਸਸ਼ਕਤ ਤੇ ਹੁਨਰਮੰਦ ਕਰਕੇ ਪੈਰਾਂ ਸਿਰ ਕਰਨ ਦੇ ਮਕਸਦ ਨਾਲ ਊਸ਼ਾ ਸਿਲਾਈ ਸਕੂਲ ਸਥਾਪਤ ਕੀਤਾ ਹੈ, ਜਿਸ ਦਾ ਅੱਜ 2 ਸਤੰਬਰ ਨੂੰ ਰਸਮੀ ਤੌਰ ਤੇ ਆਗਾਜ਼ ਹੋ ਗਿਆ ਹੈ। ਅੱਜ ਇੱਥੇ ਪੱਚੀ ਦੇ ਕਰੀਬ ਔਰਤਾਂ ਨੇ ਸਿਖਲਾਈ ਲਈ ਦਸਤਾਵੇਜ਼ੀ ਕਾਰਵਾਈ ਪੂਰੀ ਕੀਤੀ ਅਤੇ ਟਰੇਨਰ ਨਾਲ ਰੁਬਰੂ ਹੋਈਆਂ। ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਇਸ ਪਿੰਡ ਵਿੱਚ ਅਜਿਹੀ ਪਹਿਲੀ ਪਹਿਲ ਹੈ, ਜਿਸ ਦਾ ਮਕਸਦ ਔਰਤਾਂ ਨੂੰ ਸਿਲਾਈ ਅਤੇ ਡਰੈਸ ਡਿਜ਼ਾਈਨਿੰਗ ਦੇ ਹੁਨਰ ਸਿਖਾਉਣ ਅਤੇ ਆਰਥਿਕ ਤੌਰ ‘ਤੇ ਪੈਰਾਂ ਸਿਰ ਕਰਨਾ ਹੈ। ਜਿਸ ਤੋੰ ਇਲਾਕੇ ਦੇ ਲੋਕਾਂ ਖਾਸ ਕਰਕੇ ਔਰਤਾਂ ਵਿੱਚ ਉਤਸ਼ਾਹ ਦਾ ਮਹੌਲ ਹੈ।

ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਮਰਹੂਮ ਸਰਦਾਰ ਭਗਵਾਨ ਸਿੰਘ ਦੇ ਪੋਤੇ -ਪੋਤੀਆਂ ਦੁਆਰਾ ਸਥਾਪਤ ਕੀਤੀ ਗਈ ਹੈ, ਜਿਸ ਦੇ ਫਾਊਂਡਰ ਸ ਭਗਵਾਨ ਸਿੰਘ ਦੇ ਇੰਗਲੈਂਡ ਰਹਿੰਦੇ ਪੋਤੇ, ਸ. ਅਜੀਤ ਸਿੰਘ ਸਤ-ਭਾਂਬਰਾ ਨੇ ਦੱਸਿਆ ਕਿ ਇਸ ਫਾਊਂਡੇਸ਼ਨ ਦਾ ਉਦੇਸ਼ ਆਪਣੇ ਦਾਦਾ ਜੀ ਦੇ ਆਪਣੇ ਪਿੰਡ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਸਮਾਜ ਸੇਵਾ ਦਾ ਕੰਮ ਕਰਨ ਦੇ ਸੁਪਨੇ ਨੂੰ ਪੂਰਾ ਕਰਨਾ ਹੈ। ਸਰਦਾਰ ਭਗਵਾਨ ਸਿੰਘ ਦਾ ਮੰਨਣਾ ਸੀ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਸਮਾਜ ਦੀ ਸੇਵਾ ਕਰਨਾ ਹਰ ਸਿੱਖ ਦਾ ਫਰਜ਼ ਹੈ। ਊਸ਼ਾ ਸਿਲਾਈ ਸਕੂਲਾਂ ਦਾ ਉਦੇਸ਼ ਸਮੁੱਚੇ ਭਾਰਤ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਅਜਿਹੀ ਸਮਾਜਕ ਪਹਿਲਕਦਮੀ ਹੈ ਜਿਥੇ ਪੇਂਡੂ ਔਰਤਾਂ ਆਰਥਿਕ ਤੌਰ ਤੇ ਸੰਪੰਨ ਹੋਣ, ਹੁਨਰਮੰਦ ਹੋ ਕੇ ਰੋਜੀ ਰੋਟੀ ਕਮਾਉਣ ਦੇ ਲਾਇਕ ਬਣਨ। ਅਗਲਾ ਉਦੇਸ਼ ਆਰਥਿਕ ਯੋਗਤਾ ਦੇ ਬਲਬੂਤੇ ਔਰਤਾਂ ਸਮਾਜ ਅਤੇ ਪਰਿਵਾਰ ਵਿੱਚ ਆਪਣੀ ਸਮਾਜਿਕ ਸਥਿਤੀ ਮਜ਼ਬੂਤ ਕਰਨ ਤੇ ਉਹਨਾਂ ਦੀ ਆਪਣੀ ਪਛਾਣ ਵੀ ਬਣੇ। ਸਿਲਾਈ ਨੂੰ ਇੱਕ ਹੁਨਰ ਵਜੋਂ ਸਿਖਾਉਣਾ ਲਾਜ਼ਮੀ ਤੌਰ ‘ਤੇ ਇਨ੍ਹਾਂ ਔਰਤਾਂ ਲਈ ਉੱਦਮੀ ਵਜੋਂ ਵਿਕਸਤ ਕਰਕੇ ਉਨ੍ਹਾਂ ਦੇ ਬਿਹਤਰ ਭਵਿੱਖ ਦਾ ਰਾਹ ਵੀ ਪੱਧਰਾ ਕਰਦਾ ਹੈ ਤਾਂ ਜੋ ਉਹ ਆਪਣੀਆਂ ਇੱਛਾਵਾਂ ਨੂੰ ਪੂਰਾ ਕਰ ਸਕਣ ਤੇ ਹੋਰਨਾਂ ਲਈ ਵੀ ਰਾਹ ਦਸੇਰੀਆਂ ਬਣਨ। ਅਜਿਹੇ ਸਕੂਲ ਸਿਰਫ ਭਾਰਤ ਵਿੱਚ ਹੀ ਨਹੀਂ, ਬਲਕਿ .ਹਜ਼ਾਰਾਂ ਸਿਲਾਈ ਸਕੂਲ ਭਾਰਤ ਦੇ ਨਾਲ ਨਾਲ ਨੇਪਾਲ, ਸ਼੍ਰੀਲੰਕਾ ਅਤੇ ਭੂਟਾਨ ਵਿੱਚ ਵੀ ਚੱਲ ਰਹੇ ਹਨ। ਸ ਭਾਂਬਰਾ ਨੇ ਇਹ ਵੀ ਦੱਸਿਆ ਕਿ ਇਹ ਫਾਊਂਡੇਸ਼ਨ ਕਿਸਾਨਾਂ ਦੀ ਭਲਾਈ ਲਈ ਵੀ ਪ੍ਰੋਗਰਾਮ ਅਰੰਭ ਕਰੇਗੀ ਤਾਂ ਜੋ ਉਹ ਆਪਣੀ ਉਪਜ ਵਧਾਉਣ, ਫਸਲੀ ਵਿਭਿੰਨਤਾ  ਨਾਲ ਜੁੜਨ, ਅਤੇ ਵਾਤਾਵਰਣ ਪੱਖੋਂ ਸਥਾਈ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਦੇ ਯੋਗ ਹੋਣ। ਇਸ ਵਾਸਤੇ ਵੀ ਤਿਆਰੀ ਜੋਰਾਂ ਸ਼ੋਰਾਂ ਤੇ ਹੋ ਰਹੀ ਹੈ।

Comment here