ਮਹਿਲਾਵਾਂ ਨੂੰ ਹੁਨਰਮੰਦ ਕਰਨ ਦੇ ਮਕਸਦ ਨਾਲ ਊਸ਼ਾ ਸਿਲਾਈ ਸਕੂਲ ਸਥਾਪਤ
ਸ਼ਹੀਦ ਭਗਤ ਸਿੰਘ ਨਗਰ-ਅੱਜ ਬਦਲ ਰਹੇ ਸਮੇਂ ਵਿੱਚ ਔਰਤਾਂ ਦਾ ਸਸ਼ਕਤ ਹੋਣਾ ਬੇਹੱਦ ਜ਼ਰੂਰੀ ਹੈ, ਬਹੁਤ ਸਾਰੇ ਸਮਾਜ ਸੇਵੀ ਇਸ ਵਾਸਤੇ ਕਾਰਜਸ਼ੀਲ ਹਨ, ਜਿਹਨਾਂ ਚ ਇੱਕ ਨਾਮ ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦਾ ਵੀ ਸ਼ਾਮਲ ਹੈ, ਜਿਸ ਨੇ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਸਹਿਯੋਗ ਨਾਲ, ਔਰਤਾਂ ਨੂੰ ਸਸ਼ਕਤ ਤੇ ਹੁਨਰਮੰਦ ਕਰਕੇ ਪੈਰਾਂ ਸਿਰ ਕਰਨ ਦੇ ਮਕਸਦ ਨਾਲ ਜਿ਼ਲੇ ਦੇ ਪਿੰਡ ਰਸੂਲਪੁਰ ਚ ਊਸ਼ਾ ਸਿਲਾਈ ਸਕੂਲ ਸਥਾਪਤ ਕੀਤਾ ਹੈ, ਜਿਸ ਦਾ 2 ਸਤੰਬਰ ਨੂੰ ਰਸਮੀ ਤੌਰ ਤੇ ਆਗਾਜ਼ ਹੋਇਆ ਅਤੇ ਲੰਘੇ ਦਿਨ ਇਹ ਸਿਖਲਾਈ ਕੈਂਪ ਸਮਾਪਤ ਹੋ ਗਿਆ। ਇੱਥੇ ਦੋ ਦਰਜਨ ਤੋਂ ਵਧੇਰੇ ਔਰਤਾਂ ਨੇ ਸਿਖਲਾਈ ਲਈ ਹੈ। ਅਜਿਹੇ ਹੋਰ ਵੀ ਕੈਂਪ ਇਥੇ ਆਯੋਜਿਤ ਕੀਤੇ ਜਾਣਗੇ। ਪਹਿਲੇ ਦੌਰ ਚ ਸਿਖਲਾਈ ਲੈਣ ਵਾਲੀਆਂ ਮਹਿਲਾਵਾਂ ਨੇ ਸਿਲਾਈ ਦੇ ਗੁਰ ਸਿੱਖੇ ਅਤੇ ਇਸ ਕਾਰਜ ਨੂੰ ਆਪਣੀ ਕਮਾਈ ਲਈ ਚੁਣਨ ਦਾ ਫੈਸਲਾ ਕੀਤਾ। ਆਲੇ ਦੁਆਲੇ ਦੇ ਪਿੰਡਾਂ ਦੀਆਂ ਔਰਤਾਂ ਵਿੱਚ ਵੀ ਇਸ ਸਕੂਲ ਪ੍ਰਤੀ ਉਤਸ਼ਾਹ ਪਾਇਆ ਜਾ ਰਿਹਾ ਹੈ। ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਇਸ ਪਿੰਡ ਵਿੱਚ ਅਜਿਹੀ ਪਹਿਲੀ ਪਹਿਲ ਹੈ, ਜਿਸ ਦਾ ਮਕਸਦ ਔਰਤਾਂ ਨੂੰ ਸਿਲਾਈ ਅਤੇ ਡਰੈਸ ਡਿਜ਼ਾਈਨਿੰਗ ਦੇ ਹੁਨਰ ਸਿਖਾਉਣ ਅਤੇ ਆਰਥਿਕ ਤੌਰ ‘ਤੇ ਪੈਰਾਂ ਸਿਰ ਕਰਨਾ ਹੈ। ਜਿਸ ਤੋੰ ਇਲਾਕੇ ਦੇ ਲੋਕਾਂ ਖਾਸ ਕਰਕੇ ਔਰਤਾਂ ਵਿੱਚ ਉਤਸ਼ਾਹ ਦਾ ਮਹੌਲ ਹੈ। ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਮਰਹੂਮ ਸਰਦਾਰ ਭਗਵਾਨ ਸਿੰਘ ਦੇ ਪੋਤੇ -ਪੋਤੀਆਂ ਦੁਆਰਾ ਸਥਾਪਤ ਕੀਤੀ ਗਈ ਹੈ, ਜਿਸ ਦੇ ਫਾਊਂਡਰ ਸ ਭਗਵਾਨ ਸਿੰਘ ਦੇ ਇੰਗਲੈਂਡ ਰਹਿੰਦੇ ਪੋਤੇ, ਸ. ਅਜੀਤ ਸਿੰਘ ਸਤ-ਭਾਂਬਰਾ ਨੇ ਦੱਸਿਆ ਕਿ ਇਸ ਫਾਊਂਡੇਸ਼ਨ ਦਾ ਉਦੇਸ਼ ਆਪਣੇ ਦਾਦਾ ਜੀ ਦੇ ਆਪਣੇ ਪਿੰਡ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਸਮਾਜ ਸੇਵਾ ਦਾ ਕੰਮ ਕਰਨ ਦੇ ਸੁਪਨੇ ਨੂੰ ਪੂਰਾ ਕਰਨਾ ਹੈ। ਸਰਦਾਰ ਭਗਵਾਨ ਸਿੰਘ ਦਾ ਮੰਨਣਾ ਸੀ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਸਮਾਜ ਦੀ ਸੇਵਾ ਕਰਨਾ ਹਰ ਸਿੱਖ ਦਾ ਫਰਜ਼ ਹੈ। ਊਸ਼ਾ ਸਿਲਾਈ ਸਕੂਲਾਂ ਦਾ ਉਦੇਸ਼ ਸਮੁੱਚੇ ਭਾਰਤ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਅਜਿਹੀ ਸਮਾਜਕ ਪਹਿਲਕਦਮੀ ਹੈ ਜਿਥੇ ਪੇਂਡੂ ਔਰਤਾਂ ਆਰਥਿਕ ਤੌਰ ਤੇ ਸੰਪੰਨ ਹੋਣ, ਹੁਨਰਮੰਦ ਹੋ ਕੇ ਰੋਜੀ ਰੋਟੀ ਕਮਾਉਣ ਦੇ ਲਾਇਕ ਬਣਨ। ਅਗਲਾ ਉਦੇਸ਼ ਆਰਥਿਕ ਯੋਗਤਾ ਦੇ ਬਲਬੂਤੇ ਔਰਤਾਂ ਸਮਾਜ ਅਤੇ ਪਰਿਵਾਰ ਵਿੱਚ ਆਪਣੀ ਸਮਾਜਿਕ ਸਥਿਤੀ ਮਜ਼ਬੂਤ ਕਰਨ ਤੇ ਉਹਨਾਂ ਦੀ ਆਪਣੀ ਪਛਾਣ ਵੀ ਬਣੇ। ਸਿਲਾਈ ਨੂੰ ਇੱਕ ਹੁਨਰ ਵਜੋਂ ਸਿਖਾਉਣਾ ਲਾਜ਼ਮੀ ਤੌਰ ‘ਤੇ ਇਨ੍ਹਾਂ ਔਰਤਾਂ ਲਈ ਉੱਦਮੀ ਵਜੋਂ ਵਿਕਸਤ ਕਰਕੇ ਉਨ੍ਹਾਂ ਦੇ ਬਿਹਤਰ ਭਵਿੱਖ ਦਾ ਰਾਹ ਵੀ ਪੱਧਰਾ ਕਰਦਾ ਹੈ ਤਾਂ ਜੋ ਉਹ ਆਪਣੀਆਂ ਇੱਛਾਵਾਂ ਨੂੰ ਪੂਰਾ ਕਰ ਸਕਣ ਤੇ ਹੋਰਨਾਂ ਲਈ ਵੀ ਰਾਹ ਦਸੇਰੀਆਂ ਬਣਨ। ਅਜਿਹੇ ਸਕੂਲ ਸਿਰਫ ਭਾਰਤ ਵਿੱਚ ਹੀ ਨਹੀਂ, ਬਲਕਿ .ਹਜ਼ਾਰਾਂ ਸਿਲਾਈ ਸਕੂਲ ਭਾਰਤ ਦੇ ਨਾਲ ਨਾਲ ਨੇਪਾਲ, ਸ਼੍ਰੀਲੰਕਾ ਅਤੇ ਭੂਟਾਨ ਵਿੱਚ ਵੀ ਚੱਲ ਰਹੇ ਹਨ। ਸ ਭਾਂਬਰਾ ਨੇ ਇਹ ਵੀ ਦੱਸਿਆ ਕਿ ਇਹ ਫਾਊਂਡੇਸ਼ਨ ਕਿਸਾਨਾਂ ਦੀ ਭਲਾਈ ਲਈ ਵੀ ਪ੍ਰੋਗਰਾਮ ਅਰੰਭ ਕਰੇਗੀ ਤਾਂ ਜੋ ਉਹ ਆਪਣੀ ਉਪਜ ਵਧਾਉਣ, ਫਸਲੀ ਵਿਭਿੰਨਤਾ ਨਾਲ ਜੁੜਨ, ਅਤੇ ਵਾਤਾਵਰਣ ਪੱਖੋਂ ਸਥਾਈ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਦੇ ਯੋਗ ਹੋਣ। ਇਸ ਵਾਸਤੇ ਵੀ ਤਿਆਰੀ ਜੋਰਾਂ ਸ਼ੋਰਾਂ ਤੇ ਹੋ ਰਹੀ ਹੈ।
Comment here