ਅਪਰਾਧਸਿਆਸਤਖਬਰਾਂ

ਭਗਵਾਨ ਸ਼ਿਵ ਦੀ ਮੂਰਤੀ ਖੰਡਿਤ, ਅਣਪਛਾਤਿਆਂ ਖਿਲਾਫ਼ ਕੇਸ ਦਰਜ

ਭਦਰਵਾਹ-ਭਾਰਤ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਿਲਸਿਲਾ ਜਾਰੀ ਹੈ। ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਭਗਵਾਨ ਸ਼ਿਵ ਦੀ ਮੂਰਤੀ ਖੰਡਿਤ ਕਰਨ ਦੇ ਦੋਸ਼ ਵਿੱਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮਰਮਟ ਤਹਿਸੀਲ ਦੇ ਰਾਮ ਰਚਨਾ ਮੈਦਾਨ ‘ਚ ਵਾਪਰੀ, ਜਿਸ ਨੂੰ ‘ਛੋਟਾ ਮਨੀ-ਮਹੇਸ਼’ ਵੀ ਕਿਹਾ ਜਾਂਦਾ ਹੈ। ਘਟਨਾ ਸਥਾਨ ਡੋਡਾ ਸ਼ਹਿਰ ਤੋਂ ਲਗਭਗ 90 ਕਿਲੋਮੀਟਰ ਦੂਰ ਹੈ।
ਪੁਲਸ ਨੇ ਕਿਹਾ ਕਿ ਸਥਾਨਕ ਲੋਕਾਂ ਅਤੇ ਇੱਕ ਪੁਜਾਰੀ ਨੂੰ ਨੁਕਸਾਨੀ ਹੋਈ ਮੂਰਤੀ ਮਿਲੀ ਜੋ 12,300 ਫੁੱਟ ਦੀ ਉਚਾਈ ‘ਤੇ ਸਥਿਤ ਸੀ ਅਤੇ ਅੰਸ਼ਕ ਤੌਰ ‘ਤੇ ਨੁਕਸਾਨੀ ਗਈ ਸੀ। ਡੋਡਾ ਦੇ ਸੀਨੀਅਰ ਪੁਲਸ ਕਪਤਾਨ ਅਬਦੁਲ ਕਯੂਮ ਨੇ ਕਿਹਾ, “ਪੁਲਸ ਚੌਕੀ ਗੋਹਾ ਵਿਖੇ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ, ਅਸੀਂ ਤੁਰੰਤ ਭਾਰਤੀ ਦੰਡਾਵਲੀ ਦੀ ਧਾਰਾ 295 ਦੇ ਤਹਿਤ ਐਫਆਈਆਰ ਦਰਜ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।” ਉਨ੍ਹਾਂ ਕਿਹਾ, “ਗੋਹਾ ਪੁਲਸ ਨੇ ਮੰਦਰ ਕਮੇਟੀ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ। ਸਾਡੀ ਟੀਮ ਰਾਮ ਰਚਨਾ ਦੇ ਨੇੜੇ ਡੇਰਾ ਲਗਾ ਰਹੀ ਹੈ ਅਤੇ ਜਾਂਚ ਜਾਰੀ ਹੈ।
ਰਾਮ ਰਚਨਾ ਮੈਦਾਨ ਸਾਲ ਦੇ ਛੇ ਮਹੀਨੇ ਬਰਫ਼ ਨਾਲ ਢੱਕਿਆ ਰਹਿੰਦਾ ਹੈ ਅਤੇ ਭਗਵਾਨ ਸ਼ਿਵ ਦੀ ਮੂਰਤੀ ਕੰਕਰੀਟ ਦੀ ਬਣੀ ਹੋਈ ਹੈ। ਹਰ ਸਾਲ, ਡੋਡਾ, ਊਧਮਪੁਰ, ਕਠੂਆ ਅਤੇ ਰਾਮਬਨ ਜ਼ਿਲਿ੍ਹਆਂ ਤੋਂ ਲਗਭਗ 20-25 ਹਜ਼ਾਰ ਲੋਕ ਬਰਫ਼ ਪਿਘਲਣ ਤੋਂ ਬਾਅਦ ਜੁਲਾਈ ਅਤੇ ਸਤੰਬਰ ਦੇ ਵਿਚਕਾਰ ਇਸ ਉੱਚਾਈ ਵਾਲੀ ਥਾਂ ‘ਤੇ ਆਉਂਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੂਰਤੀ ਬਹੁਤ ਜ਼ਿਆਦਾ ਠੰਢ ਕਾਰਨ ਖਰਾਬ ਹੋ ਸਕਦੀ ਹੈ, ਕਿਉਂਕਿ ਇਹ ਕੰਕਰੀਟ ਦੀ ਬਣੀ ਹੋਈ ਸੀ ਅਤੇ ਖੁੱਲ੍ਹੇ ਵਿਚ ਪਈ ਸੀ। ਉਸਨੇ ਕਿਹਾ, “ਮੂਰਤੀ ਜ਼ੀਰੋ ਤਾਪਮਾਨ ਵਿੱਚ ਬਰਫ਼ ਵਿੱਚ ਰੱਖੀ ਹੋਈ ਹੁੰਦੀ ਹੈ। ਅਪ੍ਰੈਲ ਵਿੱਚ ਲਈ ਗਈ ਤਸਵੀਰ ਵੀ ਮੂਰਤੀ ਦੇ ਨੁਕਸਾਨ ਨੂੰ ਦਰਸਾਉਂਦੀ ਹੈ।” ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਮੂਰਤੀ ਦੀ ਨੁਕਸਾਨੇ ਜਾਣ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

Comment here