ਰਾਏਗੜ-ਭਗਵਾਨ ਸ਼ਿਵ ਜੀ ਮਹਾਰਾਜ ਹਾਜ਼ਰ ਹੋਅਅਅਅ.. ਅਦਾਲਤੀ ਹੁਕਮ ਹੈ ਭਾਈ.. ਹੈਰਾਨ ਨਾ ਹੋਵੇ, ਇਹ ਭਾਰਤੀ ਸਿਸਟਮ ਦੀਆਂ ਕਲਾਕਾਰੀਆਂ ਨੇ ਕਿ ਅਸੀਂ ਤਾਂ ਰੱਬ ਜੀ ਨੂੰ ਵੀ ਕਟਹਿਰੇ ਚ ਖੜਾ ਕਰਨ ਲਈ ਸੰਮਣ ਭੇਜ ਦੇਈਏ.. ਛੱਤੀਸਗੜ੍ਹ ਦੇ ਰਾਏਗੜ੍ਹ ਦਾ ਮਾਮਲਾ ਹੈ, ਜਿਥੇ ਨਗਰ ਨਿਗਮ ਅਧੀਨ ਪੈਂਦੇ ਵਾਰਡ ਨੰਬਰ 25 ‘ਚ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦੇ ਮਾਮਲੇ ਚ ਤਹਿਸੀਲਦਾਰ ਦੀ ਰੈਵੇਨਿਊ ਕੋਰਟ ਨੇ ਭਗਵਾਨ ਸ਼ਿਵ ਨੂੰ ਵੀ ਕਬਜ਼ਾਧਾਰੀ ਵਜੋਂ ਪਾਰਟੀ ਬਣਾਇਆ ਹੈ। ਤਹਿਸੀਲਦਾਰ ਨੇ ਸ਼ਿਵ ਮੰਦਰ ਦੇ ਨਾਂ ‘ਤੇ ਇਕ ਨੋਟਿਸ ਕੱਢਿਆ ਹੈ, ਜਿਸ ‘ਚ ਭਗਵਾਨ ਸ਼ਿਵ ਨੂੰ ਅਦਾਲਤ ‘ਚ ਆ ਕੇ ਆਪਣਾ ਪੱਖ ਪੇਸ਼ ਕਰਨ ਅਤੇ ਮੰਦਰ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜਦ ਨੋਟਿਸ ਵਾਇਰਲ ਹੋਇਆ ਤਾਂ ਪ੍ਰਸ਼ਾਸਨ ਨੇ ਇਸ ਨੂੰ ਤਕਨੀਕੀ ਗਲਤੀ ਦੱਸ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਰਾਏਗੜ੍ਹ ਨਗਰ ਨਿਗਮ ਖੇਤਰ ਦੇ ਵਾਰਡ 25 ਦੀ ਸੁਧਾ ਰਜਵਾੜੇ ਨਾਮ ਦੀ ਔਰਤ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਜ਼ਮੀਨ ਤੱਕ ਪਹੁੰਚ ਨਾ ਹੋਣ ਅਤੇ ਲੋਕਾਂ ਵੱਲੋਂ ਰਸਤੇ ਵਿੱਚ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕੀਤੀ ਸੀ। ਛੱਤੀਸਗੜ੍ਹ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਤਹਿਸੀਲ ਅਦਾਲਤ ਰਾਏਗੜ੍ਹ ‘ਚ ਇਲਾਕੇ ਦੇ 25 ਲੋਕਾਂ ਨੂੰ ਆਪਣਾ ਪੱਖ ਰੱਖਣ ਅਤੇ ਆਪਣੀ ਕਬਜ਼ੇ ਵਾਲੀ ਜ਼ਮੀਨ ਸਬੰਧੀ ਦਸਤਾਵੇਜ਼ਾਂ ਸਮੇਤ ਅਦਾਲਤ ‘ਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ | ਜਿਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ , ਉਨ੍ਹਾਂ ਵਿੱਚ ਸ਼ਿਵ ਮੰਦਰ ਅਤੇ ਸ਼ਿਵ ਭਗਵਾਨ ਦਾ ਨਾਮ ਵੀ ਸ਼ਾਮਲ ਹੈ। ਹੁਣ ਜਦ ਵਿਵਾਦ ਹੋਇਆ ਤਾਂ ਪ੍ਰਸ਼ਾਸਨ ਨੇ ਕਿਹਾ ਕਿ ਗਲਤੀ ਨਾਲ ਸ਼ਿਵ ਮੰਦਰ ਦੇ ਪੁਜਾਰੀ ਸ਼ਿਵ ਮਲਕਾਰ ਦੇ ਨਾਂ ਦੀ ਬਜਾਏ ਸਿੱਧਾ ਸ਼ਿਵ ਮੰਦਰ ਅਤੇ ਸ਼ਿਵ ਭਗਵਾਨ ਲਿਖਿਆ ਗਿਆ, ਦੁਬਾਰਾ ਨੋਟਿਸ ਜਾਰੀ ਕਰ ਦੇਆਂਗੇ।
Comment here