ਖਬਰਾਂ

ਬੱਸ ਤੇ ਟਰੱਕ ਵਿਚਾਲੇ ਟੱਕਰ ’ਤੇ ਲੱਗੀ ਅੱਗ, ਕਈ ਲੋਕ ਜ਼ਿੰਦਾ ਸੜੇ

ਬਾੜਮੇਰ-ਲੰਘੇ ਦਿਨੀਂ ਬਾੜਮੇਰ ਜ਼ਿਲ੍ਹੇ ਵਿਚ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਬੱਸ ਨੂੰ ਅੱਗ ਲੱਗ ਗਈ। ਬੱਸ ’ਚ ਸਵਾਰ 11 ਲੋਕ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਉੱਥੇ ਹੀ 22 ਹੋਰ ਯਾਤਰੀ ਝੁਲਸ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਅਤੇ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਕੇ ਫਾਇਰ ਵਿਭਾਗ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਇਹ ਹਾਦਸਾ ਬਾੜਮੇਰ ਜ਼ਿਲ੍ਹੇ ਦੇ ਪਚਪਦਰਾ ਥਾਣਾ ਖੇਤਰ ਦੇ ਜੋਧਪੁਰ ਹਾਈਵੇਅ ’ਤੇ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਅਚਾਨਕ ਅੱਗ ਲੱਗਣ ਕਾਰਨ ਬੱਸ ’ਚ ਬੈਠੀਆਂ ਸਵਾਰੀਆਂ ’ਚ ਅਫ਼ੜਾ-ਦਫੜੀ ਮਚ ਗਈ। ਹਾਦਸੇ ’ਚ ਝੁਲਸੇ ਹੋਏ ਲੋਕਾਂ ਨੂੰ ਬਾਲੋਤਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਮਗਰੋਂ ਹਾਈਵੇਅ ਦੇ ਦੋਹਾਂ ਪਾਸੇ ਲੰਬਾ ਜਾਮ ਲੱਗ ਗਿਆ।
ਘਟਨਾ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਬਾੜਮੇਰ ਵਿਚ ਹੋਏ ਬੱਸ-ਟਰੱਕ ਹਾਦਸੇ ਦੇ ਸਬੰਧ ’ਚ ਜ਼ਿਲ੍ਹਾ ਕਲੈਕਟਰ ਬਾੜਮੇਰ ਨਾਲ ਫੋਨ ’ਤੇ ਗੱਲਬਾਤ ਕਰ ਕੇ ਰਾਹਤ ਅਤੇ ਬਚਾਅ ਕੰਮਾਂ ਦੇ ਸਬੰਧ ਵਿਚ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਝੁਲਸੇ ਲੋਕਾਂ ਦਾ ਬਿਹਤਰ ਇਲਾਜ ਯਕੀਨੀ ਕੀਤਾ ਜਾਵੇਗਾ।
ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ’ਤੇ ਦੁੱਖ਼ ਜ਼ਾਹਰ ਕੀਤਾ ਹੈ। ਪੀ. ਐੱਮ. ਮੋਦੀ ਨੇ ਹਾਦਸੇ ਵਿਚ ਮਾਰੇ ਗਏ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਮੁਆਵਜ਼ਾ ਜਦਕਿ ਝੁਲਸੇ ਯਾਤਰੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੇ ਟਵੀਟ ਕੀਤਾ ਕਿ ਇਹ ਦੁਖ਼ਦ ਹੈ ਕਿ ਰਾਜਸਥਾਨ ਦੇ ਬਾੜਮੇਰ-ਜੋਧਪੁਰ ਹਾਈਵੇਅ ’ਤੇ ਬੱਸ-ਟਰੱਕ ਦੀ ਟੱਕਰ ਵਿਚ 11 ਲੋਕਾਂ ਦੀ ਜਾਨ ਚੱਲੀ ਗਈ। ਦੁੱਖ਼ ਦੀ ਇਸ ਘੜੀ ਵਿਚ ਮ੍ਰਿਤਕ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

Comment here