‘ਆਪ’ ਦੇ ਰਾਘਵ ਚੱਢਾ ਨੇ ਬੱਬੂ ਮਾਨ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਗਾਇਕ ਤੇ ਅਦਾਕਾਰ ਬੱਬੂ ਮਾਨ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘‘ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸਤਾਦ @BabbuMaan ਨੂੰ ਮਿਲੇ। ਇਸ ਦੌਰਾਨ ਪੰਜਾਬ ਰਾਜ ਬਾਰੇ ਡੂੰਘਾਈ ਨਾਲ ਚਰਚਾ ਕੀਤੀ।’’
ਰਾਘਵ ਚੱਢਾ ਤੇ ਬੱਬੂ ਮਾਨ ਦੀ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਹੁਣ ਮਾਨ ਦਾ ਸਿਆਸੀ ਸਫ਼ਰ ਸ਼ੁਰੂ ਹੋ ਸਕਦਾ ਹੈ। ਹੁਣ ਬੱਬੂ ਮਾਨ ਸਿਆਸਤ ’ਚ ਐਂਟਰੀ ਕਰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਬੁੱਧੀਜੀਵੀਆਂ ਤੇ ਕਲਾਕਾਰਾਂ ਨਾਲ ਮਿਲ ਕੇ ਬੱਬੂ ਮਾਨ ਨੇ ਬਣਾਈ ‘ਜੂਝਦਾ ਪੰਜਾਬ’ ਜਥੇਬੰਦੀ
ਦੱਸਿਆ ਜਾ ਰਿਹਾ ਹੈ ਕਿ ’ਕਿਸਾਨੀ ਅੰਦੋਲਨ’ ਮਗਰੋਂ ਪੰਜਾਬ ’ਚ ਵੱਡੀ ਤਬਦੀਲੀ ਲਈ ਬੱਬੂ ਮਾਨ ਸਰਗਰਮ ਹਨ। ਇਸ ਤੋਂ ਇਲਾਵਾ ਇਹ ਖ਼ਬਰਾਂ ਹਨ ਕਿ ਬੱਬੂ ਮਾਨ ਕਿਸਾਨ ਜਥੇਬੰਦੀਆਂ ਨੂੰ ਚੋਣਾਂ ਲੜਨ ਲਈ ਆਖ ਰਹੇ ਹਨ। ਇਸ ਦੇ ਨਾਲ ਹੀ ਬੱਬੂ ਮਾਨ ਨੇ ਬੁੱਧੀਜੀਵੀਆਂ ਤੇ ਕਲਾਕਾਰਾਂ ਨਾਲ ਮਿਲ ਕੇ ’ਜੂਝਦਾ ਪੰਜਾਬ’ ਨਾਂ ਦੀ ਜਥੇਬੰਦੀ ਵੀ ਬਣਾਈ ਹੈ। ਇਸ ਅਧੀਨ ਸਿਆਸੀ ਪਾਰਟੀਆਂ ਨੂੰ ਏਜੰਡਾ ਦਿੱਤਾ ਜਾਵੇਗਾ, ਜਿਹੜੀ ਪਾਰਟੀ ਇਸ ਏਜੰਡੇ ’ਤੇ ਕੰਮ ਕਰਨ ਦੀ ਸਹਿਮਤੀ ਦੇਵੇਗੀ, ਉਸ ਦੀ ਹਮਾਇਤ ਕੀਤੀ ਜਾਵੇਗੀ।
ਕਿਸਾਨ ਹੀ ਨੇ ਜੋ ਪੰਜਾਬ ਨੂੰ ਨਵੀਂ ਦਿਸ਼ਾ ਦੇ ਸਕਦੇ ਨੇ – ਬੱਬੂ ਮਾਨ
ਦੱਸ ਦਈਏ ਕਿ ਕਿਸਾਨ ਅੰਦੋਲਨ ਖ਼ਤਮ ਹੋਣ ਮਗਰੋਂ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕਿਸਾਨ ਪੰਜਾਬ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਬੱਬੂ ਮਾਨ ਦਾ ਕਹਿਣਾ ਹੈ ਕਿ ਹੁਣ ਤੱਕ ਅਸੀਂ ਸਾਰੀਆਂ ਪਾਰਟੀ ਦੇਖ ਲਈਆਂ ਹਨ।
ਵੋਟਾਂ ਤੱਕ ਕਿਸਾਨਾਂ ਨੂੰ ਇਕੱਠੇ ਰਹਿਣ ਦੀ ਕੀਤੀ ਅਪੀਲ
ਦੱਸਣਯੋਗ ਹੈ ਕਿ ਬੱਬੂ ਮਾਨ ਸ਼ੁਰੂ ਤੋਂ ਹੀ ‘ਕਿਸਾਨ ਅੰਦੋਲਨ’ ਨਾਲ ਡਟੇ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਿ ਕਿਸਾਨਾਂ ਨੂੰ ਚੋਣਾਂ ਲੜ ਕੇ ਸਿਸਟਮ ਬਦਲਣਾ ਚਾਹੀਦਾ ਹੈ। ਬੱਬੂ ਮਾਨ ਨੇ ਕਿਸਾਨ ਨੂੰ ਅਪੀਲ ਕੀਤੀ ਸੀ ਕਿ ਵੋਟਾਂ ਤੱਕ ਇਕੱਠਾ ਰਹਿਣ, ਵੱਖ ਨਾ ਹੋਣਾ ਅਤੇ ਕਿਸੇ ਪਾਰਟੀ ਦੇ ਕਿਸੇ ਵੀ ਤਰ੍ਹਾਂ ਦੇ ਲਾਲਚ ’ਚ ਨਾ ਆ ਜਾਣਾ।’’
Comment here