ਚਲੰਤ ਮਾਮਲੇਦੁਨੀਆਬਾਲ ਵਰੇਸ

ਬੱਚਿਆਂ ਲਈ ਹਾਨੀਕਾਰਕ ਸੰਗੀਤਕ ਸ਼ੋਰ!

ਬੱਚਿਓ, ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਵਿਚ ਈਅਰਫੋਨ ਦਾ ਵਧਦਾ ਜਾ ਰਿਹਾ ਇਸਤੇਮਾਲ ਸਿਹਤ ਲਈ ਚੰਗਾ ਨਹੀਂ ਹੈ। ਸੰਗੀਤ ਸੁਣਨਾ ਤਾਂ ਬਹੁਤ ਚੰਗੀ ਗੱਲ ਹੈ, ਇਸ ਨਾਲ ਰੂਹ ਨੂੰ ਖੁਰਾਕ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ, ਪਰ ਲਗਾਤਾਰ ਕੰਨ ਵਿਚ ਈਅਰਫੋਨ ਲਗਾ ਕੇ ਤੇਜ਼ ਆਵਾਜ਼ ਵਿਚ ਗਾਣੇ ਸੁਣਨਾ, ਕੰਨਾਂ ਦੇ ਨਾਲ-ਨਾਲ ਦਿਮਾਗ਼ ਦੀ ਸਿਹਤ ਲਈ ਵੀ ਠੀਕ ਨਹੀਂ ਹੈ। ਜੇ ਤੁਸੀਂ ਈਅਰਫੋਨ ‘ਤੇ ਤੇਜ਼ ਆਵਾਜ਼ ਵਿਚ ਲਗਾਤਾਰ ਗਾਣੇ ਸੁਣਦੇ ਹੋ ਤਾਂ ਇਸ ਨਾਲ ਸੁਣਨ ਦੀ ਸਮਰੱਥਾ ਵੀ ਪ੍ਰਭਾਵਿਤ ਹੋਣ ਲਗਦੀ ਹੈ। ਧੁਨੀ, ਹਵਾ ਵਿਚ ਕੰਪਨ ਨਾਲ ਪੈਦਾ ਹੁੰਦੀ ਹੈ। ਜਦੋਂ ਕੰਪਨ ਕੰਨ ਦੇ ਪੜਦਿਆਂ ‘ਤੇ ਪੈਂਦੀ ਹੈ, ਤਾਂ ਸਾਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ। ਹੈੱਡਫੋਨ ‘ਤੇ ਤੇਜ਼ ਆਵਾਜ਼ ਵਿਚ ਗਾਣੇ ਸੁਣਨ ਨਾਲ ਕੰਨ ਦੇ ਪੜਦਿਆਂ ‘ਤੇ ਲਗਾਤਾਰ ਤੇਜ਼ ਵਾਰ ਹੁੰਦਾ ਹੈ, ਜਿਸ ਨਾਲ ਬਾਹਰ ਦੀਆਂ ਆਵਾਜ਼ਾਂ ਸੁਣਾਈ ਨਹੀਂ ਦਿੰਦੀਆਂ। ਇਸ ਨਾਲ ਦਿਮਾਗ਼ ਤੇਜ਼ ਵਾਰ ਨੂੰ ਸਹਿਣ ਕਰਨ ਦੀ ਸਮਰੱਥਾ ਵਿਕਸਿਤ ਕਰ ਲੈਂਦਾ ਹੈ, ਸੋ ਹੌਲੇ ਜਿਹੇ ਵਾਰ ਨੂੰ ਦਿਮਾਗ਼ ਪੜ੍ਹ ਨਹੀਂ ਪਾਉਂਦਾ, ਜਿਸ ਨਾਲ ਸਾਧਾਰਨ ਆਵਾਜ਼ ਨੂੰ ਸੁਣਨ ਵਿਚ ਪਰੇਸ਼ਾਨੀ ਹੁੰਦੀ ਹੈ।
ਹੈੱਡਫੋਨ/ਈਅਰਫੋਨ ਲਗਾ ਕੇ ਗਾਣੇ ਸੁਣਨ ਨਾਲ ਜਾਂ ਇਕ-ਦੂਜੇ ਦਾ ਈਅਰਫੋਨ ਵਰਤਣ ਨਾਲ ਕੰਨਾਂ ਵਿਚ ਇਨਫੈਕਸ਼ਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਹੈੱਡਫੋਨ ਲਗਾ ਕੇ ਟਾਇਲੇਟ ਚਲੇ ਜਾਂਦੇ ਹਨ। ਹੈੱਡਫੋਨ ਨੂੰ ਕਿਤੇ ਵੀ ਰੱਖ ਦਿੰਦੇ ਹਨ ਜਿਸ ਨਾਲ ਹੈੱਡਫੋਨ ਉੱਪਰ ਹਾਨੀਕਾਰਕ ਬੈਕਟੀਰੀਆ ਜਮ੍ਹਾਂ ਹੋ ਜਾਂਦੇ ਹਨ, ਜ਼ਾਹਿਰ ਹੈ ਕੰਨਾਂ ਵਿਚ ਇਨਫੈਕਸ਼ਨ ਹੋਣ ਦੀ ਸਮੱਸਿਆ ਵੱਧ ਸਕਦੀ ਹੈ। ਜੇ ਤੁਹਾਨੂੰ ਲਗਦਾ ਹੈ ਕਿ ਕੰਮ ਕਰਦੇ ਸਮੇਂ ਹੈੱਡਫੋਨ ‘ਤੇ ਸੰਗੀਤ ਸੁਣਨ ਨਾਲ ਇਕਾਗਰਤਾ ਵੱਧਦੀ ਹੈ ਤਾਂ, ਤੁਸੀਂ ਗ਼ਲਤ ਹੋ। ਸ਼ੁਰੂਆਤ ਵਿਚ ਭਲੇ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਤੇਜ਼ ਸੰਗੀਤ ਤੁਹਾਨੂੰ ਕੰਮ ਦੇ ਪ੍ਰਤੀ ਇਕਾਗਰ ਕਰ ਰਿਹਾ ਹੈ, ਲੇਕਿਨ ਲੰਬੇ ਸਮੇਂ ਤੱਕ ਇਸ ਆਦਤ ਨੂੰ ਅਪਨਾਉਣ ਨਾਲ ਤੁਸੀਂ ਆਪਣੀ ਸਾਧਾਰਨ ਇਕਾਗਰਤਾ ਵੀ ਗੁਆ ਸਕਦੇ ਹੋ। ਇਸ ਨਾਲ ਕੰਨਾਂ ਦੇ ਨਾਲ-ਨਾਲ ਦਿਮਾਗ਼ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਦੀ ‘ਲਗ਼ਜ਼ਰੀ ਆਈਟਮ’ ਭਵਿੱਖ ਵਿਚ ਕਿੰਨੀ ਮਹਿੰਗੀ ਪੈਣ ਵਾਲੀ ਹੈ। ਜੇ ਤੁਸੀਂ ਆਪਣੇ ਬੱਚੇ ਦੇ ਕੰਨਾਂ ‘ਤੇ ਲੱਗੇ ਏਅਰਫੋਨ ਵਿਚੋਂ ਦੀ ਆਵਾਜ਼ ਨੂੰ ਸੁਣ ਪਾ ਰਹੇ ਹੋ, ਤਾਂ ਨਿਰਸੰਦੇਹ ਇਹ ਆਵਾਜ਼ ਬੱਚੇ ਦੇ ਕੰਨਾਂ ਨੂੰ ਪੱਕੇ ਤੌਰ ‘ਤੇ ਪ੍ਰਭਾਵਿਤ ਕਰੇਗੀ। 85 ਡੈਸੀਬਲ ਤੱਕ ਦੀ ਧੁਨੀ, ਕੁਝ ਸੀਮਤ ਸਮੇਂ ਲਈ ਕੰਨਾਂ ਲਈ ਸੁਰੱਖਿਅਤ ਹੈ, ਪਰ 90 ਡੈਸੀਬਲ ਤੋਂ ਵੱਧ ਧੁਨੀ, 8 ਘੰਟੇ ਪ੍ਰਤੀਦਿਨ, ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰੇਗੀ। ਤੱਥਾਂ ਅਨੁਸਾਰ 95 ਡੈਸੀਬਲ ਧੁਨੀ, 4 ਘੰਟੇ ਪ੍ਰਤੀਦਿਨ; ਸੁਣਨ ਤੋਂ ਬਾਅਦ, 100 ਡੈਸੀਬਲ ਧੁਨੀ, 2 ਘੰਟੇ ਪ੍ਰਤੀਦਿਨ; 105 ਡੈਸੀਬਲ ਧੁਨੀ, 1 ਘੰਟੇ ਪ੍ਰਤੀਦਿਨ; 110 ਡੈਸੀਬਲ ਧੁਨੀ 30 ਮਿੰਟ ਪ੍ਰਤੀਦਿਨ; 115 ਡੈਸੀਬਲ ਧੁਨੀ, 15 ਮਿੰਟ ਪ੍ਰਤੀਦਿਨ ਸੁਣਨ ਤੋਂ ਬਾਅਦ ; ਅਤੇ 120 ਡੈਸੀਬਲ ਤੋਂ ਵੱਧ ਧੁਨੀ, ਉਸੇ ਸਮੇਂ ਹੀ ਸੁਣਨ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ। ਈਅਰਫੋਨ ਦੀ ਲਗਾਤਾਰ ਵਰਤੋਂ ਨਾਲ ਸੁਣਨ ਸ਼ਕਤੀ 40-50 ਡੈਸੀਬਲ ਤੱਕ ਘੱਟ ਜਾਂਦੀ ਹੈ, ਸੋ 90 ਡੈਸੀਬਲ ਤੋਂ ਤੇਜ਼ ਆਵਾਜ਼ ਵਿਚ ਗਾਣੇ ਨਾ ਸੁਣੋ ਅਤੇ ਗਾਣੇ ਸੁਣਦੇ ਹੋਏ ਵਿੱਚ ਵਿੱਚ ਬਰੇਕ ਜ਼ਰੂਰ ਲਓ।

Comment here