ਹਰ ਘਰ ਪਰਿਵਾਰ ਵਿੱਚ ਕਈ ਤਰ੍ਹਾਂ ਦੇ ਹਲਾਤ ਪੈਦਾ ਹੁੰਦੇ ਹਨ। ਜਿੱਥੇ ਪਰਿਵਾਰ ਇੱਕ ਦੂਸਰੇ ਦੇ ਪਿਆਰ ਸਨੇਹ ਵਿੱਚ ਭਿੱਜਾ ਮੁੱਹਬਤ ਦੀਆਂ ਬਾਤਾਂ ਪਾਉਂਦਾ ਹੈ, ਖੁਸ਼ੀਆਂ ਮਨਾਉਂਦਾ, ਆਪਣਿਆਂ ਦੇ ਹਾਸਿਆਂ ਵਿੱਚ ਹੱਸਦਾ ਉੱਥੇ ਕਈ ਵਾਰ ਨਿੱਕੀ ਮੋਟੀ ਕਿਹਾ ਸੁਣੀ ਹੋਣੀ ਵੀ ਆਮ ਗੱਲ ਹੈ। ਹਰ ਘਰ ਪਰਿਵਾਰ ਦੇ ਆਪਣੇ ਸੌ ਮਸਲੇ ਹੁੰਦੇ ਹਨ, ਜਿੰਨਾਂ ਨੂੰ ਵਿਚਾਰਦਿਆਂ ਹਰ ਮੈਂਬਰ ਆਪਣੀ ਆਪਣੀ ਰਾਇ ਦਿੰਦਾ ਹੈ। ਹਰੇਕ ਇਨਸਾਨ ਦਾ ਗੱਲ ਨੂੰ ਸਮਝਣ ਦਾ ਨਜ਼ਰੀਆ ਆਪੋ ਆਪਣਾ ਹੁੰਦਾ ਹੈ। ਜਦੋਂ ਇਹ ਇੱਕ ਦੂਸਰੇ ਨਾਲ ਮੇਲ ਨਹੀਂ ਖਾਂਦਾ ਤਾਂ ਅਕਸਰ ਪਰਿਵਾਰਾਂ ਵਿੱਚ ਝਗੜੇ ਪੈਦਾ ਹੋ ਜਾਂਦੇ ਹਨ। ਜਿਸ ਨਾਲ ਪਰਿਵਾਰਿਕ ਸਥਿਤੀਆਂ ਉਲਝ ਜਾਂਦੀਆਂ ਹਨ, ਅਤੇ ਕਈ ਵਾਰ ਰਿਸ਼ਤਿਆਂ ਵਿੱਚ ਵੀ ਫਿਕ ਪੈ ਜਾਂਦੀ ਹੈ।
ਜਿਆਦਾਤਰ ਪਰਿਵਾਰਿਕ ਝਗੜਿਆਂ ਦਾ ਮੁੱਖ ਕਾਰਣ ਪਤੀ ਪਤਨੀ , ਮਾਪਿਆਂ ਅਤੇ ਬੱਚਿਆਂ ਦੀ ਆਪਸੀ ਅਸਹਿਮਤੀ ਹੁੰਦੀ ਹੈ। ਨਿੱਕੀਆਂ ਨਿੱਕੀਆਂ ਗੱਲਾਂ ਤੇ ਪਰਿਵਾਰਿਕ ਮੈਂਬਰਾਂ ਦੀ ਅਸਹਿਮਤੀ, ਅਸਹਿਣਸ਼ੀਲਤਾ ਅਤੇ ਹਾਜ਼ਰ ਜਵਾਬੀ ਵੱਡੇ ਝਗੜਿਆਂ ਦਾ ਰੂਪ ਧਾਰਨ ਕਰਦੀ ਹੈ। ਜਿਸਦਾ ਬੁਰਾ ਅਸਰ ਪਰਿਵਾਰ ਦੇ ਹਰੇਕ ਮੈਂਬਰ ਦੀ ਸਰੀਰਕ ਅਤੇ ਮਾਨਸਿਕ ਸਿਹਤ ਉੱਪਰ ਹੁੰਦਾ ਹੈ। ਇਸ ਸਥਿਤੀ ਦਾ ਸਭ ਤੋਂ ਭਿਆਨਕ ਅਸਰ ਬੱਚਿਆਂ ਉੱਪਰ ਹੁੰਦਾ ਹੈ । ਬੱਚਿਆਂ ਦਾ ਪਹਿਲਾ ਸਕੂਲ ਉਹਨਾਂ ਦਾ ਘਰ ਹੁੰਦਾ ਹੈ, ਪਹਿਲੇ ਗੁਰੂ ਮਾਪੇ ਹੁੰਦੇ ਹਨ। ਬੱਚਿਆਂ ਦੇ ਸ਼ਖਸੀਅਤ ਦੇ ਨਿਰਮਾਣ ਵਿੱਚ ਮਾਪਿਆਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਜਿਸ ਤਰ੍ਹਾਂ ਦੇ ਮਾਹੌਲ ਵਿੱਚ ਬੱਚਾ ਵੱਡਾ ਹੋਵੇਗਾ ਉਸੇ ਤਰ੍ਹਾਂ ਦੀ ਬੱਚੇ ਦੀ ਸ਼ਖਸੀਅਤ ਉੱਭਰ ਕੇ ਬਾਹਰ ਆਉਂਦੀ ਹੈ। ਇੱਕ ਸਰਵੇਖਣ ਅਨੁਸਾਰ ਜਿੰਨਾਂ ਬੱਚਿਆਂ ਦੇ ਪਰਿਵਾਰ ਵਿੱਚ ਉਹਨਾਂ ਦੀ ਅੱਖਾਂ ਸਾਹਮਣੇ ਹਰ ਵੇਲੇ ਕਲੇਸ਼ ਰਹਿੰਦਾ ਹੈ, ਉਹ ਦੂਸਰੇ ਬੱਚਿਆਂ ਦੇ ਮੁਕਾਬਲੇ ਜਾਂ ਤਾਂ ਵੱਧ ਗੁਸੈਲੇ ਅਤੇ ਆਪੇ ਤੋਂ ਬਾਹਰ ਹੋ ਜਾਣ ਵਾਲੇ ਹੁੰਦੇ ਹਨ ਜਾਂ ਦਿਲ ਦੇ ਬਹੁਤ ਕਮਜ਼ੋਰ, ਸਹਿਮੇ, ਘੱਟ ਆਤਮ ਵਿਸ਼ਵਾਸ ਵਾਲੇ ਅਤੇ ਹਮੇਸ਼ਾ ਨਿਰਾਸ਼ ਰਹਿਣ ਵਾਲੇ ਬਣ ਜਾਂਦੇ ਹਨ।
ਪਹਿਲੀ ਗੱਲ ਕਿ ਪਰਿਵਾਰਕ ਝਗੜੇ ਹੋਣੇ ਹੀ ਨਹੀਂ ਚਾਹੀਦੇ, ਮਾਪਿਆਂ ਨੂੰ ਏਨੇ ਸੂਝਵਾਨ ਹੋਣਾ ਚਾਹੀਦਾ ਹੈ ਕਿ ਉਹ ਹਰ ਗੱਲ ਦਾ ਹੱਲ ਸ਼ਾਂਤੀ ਨਾਲ ਬੈਠ ਕੇ ਇੱਕ ਦੂਸਰੇ ਨਾਲ ਵਿਚਾਰ ਕਰਕੇ ਕੱਢਣ ਦੇ ਯੋਗ ਹੋਣ। ਜੇਕਰ ਅਜਿਹੀ ਸੁਚੱਜੀ ਸੋਚ ਦੇ ਮਾਲਿਕ ਨਹੀਂ ਹਨ, ਤਾਂ ਘੱਟੋ ਘੱਟ ਇਹ ਯਤਨ ਜਰੂਰ ਕਰਨ ਕਿ ਆਪਣੇ ਬੱਚਿਆਂ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦਾ ਝਗੜਾ, ਬਹਿਸ ਨਾ ਕੀਤੀ ਜਾਵੇ। ਇਹਨਾਂ ਝਗੜਿਆਂ ਦਾ ਬੱਚੇ ਦੀ ਮਾਨਸਿਕਤਾ ਉੱਪਰ ਬਹੁਤ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਪਰਿਵਾਰਿਕ ਝਗੜਿਆਂ ਦਾ ਇੱਕ ਸਭ ਤੋਂ ਬੁਰਾ ਪ੍ਰਭਾਵ ਇਹ ਹੈ ਕਿ ਬੱਚੇ ਚਨੌਤੀਆਂ ਭਰਭੂਰ ਸਥਿਤੀਆਂ ਨੂੰ ਸਮਝਣ ਅਤੇ ਨਜਿੱਠਣ ਪਬੀ ਇੱਕ ਵੱਖਰਾ ਭਰਮ ਪਾਲ ਲੈਂਦੇ ਹਨ। ਉਹਨਾਂ ਨੂੰ ਇਹ ਲੱਗਣ ਲੱਗਦਾ ਹੈ ਕਿਸੇ ਵੀ ਅਣਸੁਖਾਵੀਂ ਸਥਿਤੀ ਉੱਪਰ ਕਾਬੂ ਕਰਨ ਦਾ ਤਰੀਕਾ ਕੇਵਲ ਝਗੜਾ ਜਾਂ ਬਹਿਸ ਕਰਨਾ ਹੈ। ਇਹ ਪ੍ਰਭਾਵ ਬੱਚਿਆਂ ਦੀ ਚੰਗੀ ਸ਼ਖਸੀਅਤ ਨਿਰਮਾਣ ਵਿੱਚ ਸਭ ਤੋਂ ਵੱਡਾ ਰੋੜਾ ਬਣ ਜਾਂਦਾ ਹੈ।
ਮਾਪਿਆਂ ਨੂੰ ਚਾਹੀਦਾ ਹੈ ਕਿ ਹਰੇਕ ਮਸਲੇ ਨੂੰ ਬੜੇ ਹੀ ਸੰਜੀਦਾ ਢੰਗ ਨਾਲ ਹੱਲ ਕੀਤਾ ਜਾਵੇ। ਬਹਿਸ ਕਰਨ ਜਾਂ ਕਰੋਧਿਤ ਹੋਣ ਦੀ ਬਜਾਇ ਇੱਕ ਦੂਸਰੇ ਸਾਹਮਣੇ ਆਪਣੇ ਪੱਖ ਰੱਖੇ ਜਾਣ, ਇੱਕ ਦੂਸਰੇ ਦੇ ਵਿਚਾਰਾਂ ਨੂੰ ਸਮਝਣ ਦਾ ਯਤਨ ਕੀਤਾ ਜਾਵੇ ਅਤੇ ਇੱਕ ਦੂਸਰੇ ਦੀ ਸਹਿਮਤੀ ਨਾਲ ਮਸਲੇ ਨੂੰ ਸੁਲਝਾਇਆ ਜਾਵੇ। ਅਜਿਹਾ ਕਰਨ ਨਾਲ ਇੱਕ ਤਾਂ ਪਰਿਵਾਰਿਕ ਮਾਹੌਲ ਖਰਾਬ ਨਹੀਂ ਹੋਵੇਗਾ, ਦੂਸਰਾ ਬੱਚਿਆਂ ਉੱਪਰ ਕਿਸੇ ਤਰ੍ਹਾਂ ਦਾ ਬੁਰਾ ਪ੍ਰਭਾਵ ਨਹੀਂ ਪਵੇਗਾ ਅਤੇ ਤੀਸਰਾ ਬੱਚੇ ਆਪਣੇ ਮਾਤਾ ਪਿਤਾ ਦੀ ਸੰਜੀਦਗੀ, ਸਮਝਦਾਰੀ ਨੂੰ ਸਮਝਦੇ ਹੋਏ ਉਹਨਾਂ ਦਾ ਹੋਰ ਸਤਿਕਾਰ ਕਰਨਗੇ।
ਇਸ ਲਈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਆਗਿਆਕਾਰੀ, ਅਨੁਸ਼ਾਸਨ ਪਸੰਦ, ਸਮਝਦਾਰ ਹੋਣ ਤਾਂ ਉਹਨਾਂ ਨੂੰ ਪਰਿਵਾਰਿਕ ਝਗੜਿਆਂ ਤੋਂ ਹਮੇਸ਼ਾ ਦੂਰ ਰੱਖੋ। ਅਜਿਹਾ ਕਰਨ ਨਾਲ ਤੁਹਾਡੇ ਬੱਚਿਆਂ ਦੀ ਇੱਕ ਚੰਗੀ ਸ਼ਖਸੀਅਤ ਦਾ ਵਿਕਾਸ ਹੋਵੇਗਾ , ਪਰਿਵਾਰਿਕ ਮੈਂਬਰਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਤੰਦਰੁਸਤ ਰਹੇਗੀ ਅਤੇ ਤੁਸੀਂ ਸਾਰੇ ਇੱਕ ਖੁਸ਼ਹਾਲ ਜੀਵਨ ਜੀਅ ਸਕਦੇ ਹੋ।
-ਹਰਕੀਰਤ ਕੌਰ
Comment here