ਸਾਹਿਤਕ ਸੱਥ

ਬੱਕਰੀਆਂ ਦਾ ਖੂਹ

ਇਕ ਵਾਰ ਬੇਹੋਰਾ ਤੀਰਥ ਯਾਤਰਾ ’ਤੇ ਨਿਕਲਿਆ। ਉਸ ਦੇ ਕੋਲ ਨਾ ਕੁਝ ਖਾਣ-ਪੀਣ ਨੂੰ ਸੀ ਅਤੇ ਨਾ ਕੁਝ ਉਪਰ ਲੈਣ, ਹੇਠਾਂ ਵਿਛਾਉਣ ਲਈ ਸੀ। ਜਿੱਥੇ ਰਾਤ ਪਈ, ਉਥੇ ਹੀ ਰਹਿ ਗਿਆ। ਜਿੱਥੇ ਭੁੱਖ ਲੱਗੀ, ਉਥੋਂ ਮੰਗ ਕੇ ਖਾਣਾ ਖਾ ਲਿਆ।
ਇਕ ਵਾਰ ਤੁਰਦੇ-ਤੁਰਦੇ ਬੇਹੋਰਾ ਥੱਕ ਗਿਆ। ਦੂਰ-ਦੂਰ ਤਕ ਉਸ ਨੂੰ ਕਿਤੇ ਕੋਈ ਬਸਤੀ ਦਿਖਾਈ ਨਾ ਦਿੱਤੀ। ਭੁੱਖ ਅਤੇ ਪਿਆਸ ਨਾਲ ਬੇਹਾਲ ਉਹ ਇਕ ਰੁੱਖ ਦੀ ਛਾਂ ਹੇਠਾਂ ਬੈਠ ਗਿਆ। ਅਜੇ ਉਹ ਬੈਠਾ ਹੀ ਸੀ ਕਿ ਸਾਹਮਣੇ ਇਕ ਪੁਰਾਣਾ ਖੂਹ ਉਸ ਦੇ ਨਜ਼ਰੀਂ ਪਿਆ।
ਲੋਟਾ-ਰੱਸੀ ਫੜੀ ਉਹ ਕਾਹਲੀ ਨਾਲ ਖੂਹ ਦੇ ਕੋਲ ਪੁੱਜਾ। ਅਜੇ ਉਸ ਨੇ ਖੂਹ ਵਿਚ ਰੱਸੀ ਲਮਕਾਈ ਹੀ ਸੀ ਕਿ ਖੂਹ ਅੰਦਰੋਂ ਬੱਕਰੀ ਦੇ ਮਿਆਂਕਣ ਦੀ ਆਵਾਜ਼ ਉਸ ਦੇ ਕੰਨੀਂ ਪਈ। ਉਸ ਨੇ ਹੈਰਾਨੀ ਨਾਲ ਝੁਕ ਕੇ ਖੂਹ ਅੰਦਰ ਝਾਤੀ ਮਾਰੀ। ਇਕ ਬੱਕਰੀ ਗੋਡੇ-ਗੋਡੇ ਪਾਣੀ ਵਿਚ ਖੜ੍ਹੀ ਸੀ। ਉਹ ਉਪਰ ਵੱਲ ਮੂੰਹ ਚੁੱਕੀ ਮਿਆਂਕ ਰਹੀ ਸੀ। ਉਹ ਖੂਹ ਵਿਚ ਉਤਰਿਆ। ਬੱਕਰੀ ਦੇ ਲੱਕ ਦੁਆਲੇ ਰੱਸੀ ਬੰਨ੍ਹੀ ਅਤੇ ਉਪਰ ਆ ਕੇ ਉਸ ਨੂੰ ਖਿੱਚਣ ਲੱਗਾ।
ਤਦ ਇਕ ਵਪਾਰੀ ਆਪਣੇ ਘੋੜਿਆਂ ’ਤੇ ਸਾਮਾਨ ਲੱਦੀ ਉਥੇ ਆਇਆ ਅਤੇ ਬੋਲਿਆ, ‘‘ਪੀਣ ਨੂੰ ਪਾਣੀ ਮਿਲੇਗਾ?’’
‘‘ਇਥੇ-ਕਿੱਥੇ ਪਾਣੀ? ਹਾਂ, ਥੋੜ੍ਹਾ ਬਹੁਤ ਹੋਵੇਗਾ। ਬੱਕਰੀਆਂ ਦੇ ਖੂਹ ਵਿਚ ਭਲਾ ਪਾਣੀ ਕਿੱਥੇ ਮਿਲਦਾ ਹੈ?’’
‘‘ਬੱਕਰੀਆਂ ਦਾ ਖੂਹ?’’ ਵਪਾਰੀ ਨੇ ਹੈਰਾਨੀ ਨਾਲ ਪੁੱਛਿਆ।
‘‘ਹਾਂ, ਹਾਂ, ਇਹਦੇ ਵਿਚ ਅਚੰਭੇ ਦੀ ਕਿਹੜੀ ਗੱਲ ਹੈ? ਤੁਸੀਂ ਦੇਖ ਨਹੀਂ ਰਹੇ ਕਿ ਮੈਂ ਕੀ ਕਰ ਰਿਹਾ ਹਾਂ?’’ ਬੇਹੋਰਾ ਬੋਲਿਆ।
ਉਸ ਨੇ ਜ਼ੋਰ ਲਾਇਆ। ਰੱਸੀ ਖਿੱਚੀ ਅਤੇ ਬੱਕਰੀ ਖੂਹ ’ਚੋਂ ਉਪਰ ਆ ਗਈ। ਵਪਾਰੀ ਅੱਖਾਂ ਪਾੜ-ਪਾੜ ਹੈਰਾਨੀ ਨਾਲ ਦੇਖਦਾ ਰਹਿ ਗਿਆ।
‘‘ਇਹ ਬੱਕਰੀ ਤੁਸੀਂ ਖੂਹ ਵਿਚੋਂ ਕੱਢ ਰਹੇ ਹੋ?’’ ਵਪਾਰੀ ਨੇ ਪੁੱਛਿਆ।
‘‘ਹੋਰ ਨਹੀਂ ਤਾਂ ਕੀ ਆਸਮਾਨ ਤੋਂ?’’ ਬੇਹੋਰਾ ਬੋਲਿਆ। ‘‘ਸੁਣਿਆ ਨਹੀਂ, ਜੋ ਮੈਂ ਹੁਣੇ ਕਿਹਾ ਸੀ। ਇਹ ਬੱਕਰੀਆਂ ਦਾ ਖੂਹ ਹੈ। ਜਦ ਵੀ ਮੇਰਾ ਦਿਲ ਕਰਦਾ ਹੈ, ਇਸ ’ਚੋਂ ਕਿੰਨੀਆਂ ਹੀ ਬੱਕਰੀਆਂ ਕੱਢ ਲੈਂਦਾ ਹਾਂ।’’ ‘‘ਕੀ ਇਸ ਖੂਹ ਦੇ ਅੰਦਰ ਬਹੁਤ ਸਾਰੀਆਂ ਬੱਕਰੀਆਂ ਹਨ?’’ ਵਪਾਰੀ ਨੇ ਪੁੱਛਿਆ।
‘‘ਬੱਕਰੀਆਂ ਹੈ ਨਹੀਂ, ਪਰ ਜਦ ਚਾਹਵਾਂ, ਤਿਆਰ ਕਰ ਲੈਂਦਾ ਹਾਂ?’’ ਬੇਹੋਰੇ ਨੇ ਲਾਪ੍ਰਵਾਹੀ ਨਾਲ ਉੱਤਰ ਦਿੱਤਾ।
‘‘ਉਹ ਕਿਵੇਂ?’’
‘‘ਬਾਈ, ਸਿੱਧਾ-ਸਿੱਧਾ ਹਿਸਾਬ ਹੈ’’, ਬੇਹੋਰਾ ਕਹਿਣ ਲੱਗਾ। ‘‘ਰਾਤ ਨੂੰ ਇਸ ਖੂਹ ਵਿਚ ਬੱਕਰੀ ਦੇ ਸਿੰਗ ਸੁੱਟ ਦਿਓ, ਸਵੇਰੇ ਰੱਸੀ ਨਾਲ ਬੱਕਰੀ ਉਪਰ ਖਿੱਚ ਲਵੋ। ਜਿੰਨੇ ਸਿੰਗ ਖੂਹ ਵਿਚ ਸੁੱਟੋਗੇ, ਓਨੀਆਂ ਹੀ ਬੱਕਰੀਆਂ ਤਿਆਰ ਮਿਲ ਜਾਣਗੀਆਂ।’’
ਵਪਾਰੀ ਨੇ ਸੋਚਿਆ, ਇਹ ਤਾਂ ਬੜੇ ਫਾਇਦੇ ਦਾ ਕੰਮ ਹੈ। ਘੋੜਿਆਂ ਉਤੇ ਸਾਮਾਨ ਲੱਦ ਕੇ ਵੇਚਣ ਨਾਲੋਂ ਤਾਂ ਇਹ ਕਈ ਗੁਣਾਂ ਵੱਧ ਲਾਭ ਦਾ ਕੰਮ ਹੈ।
‘‘ਇਸ ਖੂਹ ਨੂੰ ਵੇਚੋਗੇ?’’ ਵਪਾਰੀ ਨੇ ਪੁੱਛਿਆ।
‘‘ਚੰਗੇ ਪੈਸੇ ਮਿਲਣਗੇ ਤਾਂ ਵੇਚ ਵੀ ਸਕਦਾ ਹਾਂ।’’ ਬੇਹੋਰਾ ਨੇ ਜਵਾਬ ਦਿੱਤਾ। ਸਾਮਾਨ ਨਾਲ ਲੱਦੇ ਵਪਾਰੀ ਕੋਲ ਸੱਤ ਘੋੜੇ ਸਨ।
‘‘ਇਕ ਘੋੜਾ ਅਤੇ ਸਾਮਾਨ ਲੈ ਲਵੋ ਅਤੇ ਖੂਹ ਮੈਨੂੰ ਦੇ ਦਿਓ।’’ ਵਪਾਰੀ ਨੇ ਕੁਝ ਸੋਚਦੇ ਹੋਏ ਕਿਹਾ।
ਬੇਹੋਰਾ ਹੱਸ ਪਿਆ ਅਤੇ ਬੋਲਿਆ, ‘‘ਬੜੀ ਚੰਗੀ ਗੱਲ ਕਹੀ। ਸਿਰਫ ਇਕ ਘੋੜੇ ਦੇ ਬਦਲੇ ਇਹ ਕੀਮਤੀ ਖੂਹ? ਭਰਾਵਾ, ਇਹ ਖੂਹ ਪਿੰਡ ਵਿਚ ਹੈ, ਇਸ ਲਈ ਇਸ ਦੀ ਕੋਈ ਕੀਮਤ ਨਹੀਂ। ਜੇਕਰ ਇਹ ਖੂਹ ਸ਼ਹਿਰ ਵਿਚ ਹੁੰਦਾ ਤਾਂ ਇਹ ਲੱਖਾਂ ਵਿਚ ਵਿਕਦਾ।’’
‘‘ਅੱਛਾ, ਦੋ ਘੋੜੇ ਲੈ ਲਵੋ।’’
‘‘ਨਹੀਂ, ਨਹੀਂ। ਇਸ ਨੂੰ ਖਰੀਦਣਾ ਤੁਹਾਡੇ ਵੱਸ ਦੀ ਗੱਲ ਨਹੀਂ।’’
‘‘ਅੱਛਾ, ਦੋ ਘੋੜੇ ਹੋਰ ਲੈ ਲਵੋ…ਤਿੰਨ ਲੈ ਲਵੋ…ਅੱਛਾ ਚਾਰ ਲੈ ਲਵੋ ਪਰ ਨਾਂਹ ਨਾ ਕਰਨਾ।’’ ਵਪਾਰੀ ਮਿੰਨਤਾਂ ਕਰਨ ਲੱਗਾ।
ਪ੍ਰੰਤੂ ਬੇਹੋਰਾ ’ਤੇ ਭੋਰਾ ਵੀ ਅਸਰ ਨਾ ਹੋਇਆ। ਕਹਿਣ ਲੱਗਾ, ‘‘ਤੁਸੀਂ ਜਾਵੋ। ਜਾਵੋ ਆਪਣਾ ਕੰਮ ਕਰੋ।’’
ਵਪਾਰੀ ਸੱਚਮੁੱਚ ਕੁਝ ਦੂਰ ਤਕ ਆਪਣੇ ਘੋੜਿਆਂ ਦੇ ਨਾਲ ਗਿਆ। ਪਰ ਕੁਝ ਦੇਰ ਮਗਰੋਂ ਫਿਰ ਮੁੜ ਆਇਆ। ਕਹਿਣ ਲੱਗਾ, ‘‘ਅੱਛਾ, ਮੇਰੇ ਇਹ ਸਾਰੇ ਘੋੜੇ ਲੈ ਲਵੋ, ਸਾਮਾਨ ਵੀ ਲੈ ਲਵੋ, ਪਰ ਖੂਹ ਮੈਨੂੰ ਦੇ ਦਿਓ।’’
‘‘ਹੈ ਤਾਂ ਇਹ ਵੀ ਘੱਟ ਕੀਮਤ’’, ਬੇਹੋਰਾ ਨੇ ਲਾਪ੍ਰਵਾਹੀ ਨਾਲ ਕਿਹਾ।
‘‘ਪਰ ਹੁਣ ਤੁਸੀਂ ਬੜੀ ਜ਼ਿੱਦ ਕਰ ਰਹੇ ਹੋ ਤਾਂ ਲੈ ਲਵੋ। ਤੁਹਾਨੂੰ ਨਿਰਾਸ਼ ਕਰਨਾ ਮੈਨੂੰ ਚੰਗਾ ਨਹੀਂ ਲੱਗ ਰਿਹਾ।’’
ਬੇਹੋਰਾ ਨੇ ਵਪਾਰੀ ਨੂੰ ਖੂਹ ਦੇ ਦਿੱਤਾ ਅਤੇ ਬਦਲੇ ਵਿਚ ਸਾਮਾਨ ਨਾਲ ਲੱਦੇ ਘੋੜੇ ਹੱਕਦਾ ਹੋਇਆ ਜਾਣ ਲੱਗਾ ਤਾਂ ਵਪਾਰੀ ਨੇ ਪੁੱਛਿਆ, ‘‘ਭਰਾ, ਤੂੰ ਜਾ ਤਾਂ ਰਿਹਾ ਹੈਂ, ਆਪਣਾ ਨਾਂ ਤਾਂ ਦੱਸਦਾ ਜਾ।’’
‘‘ਮੇਰਾ ਨਾਂ ਹੈ ਮੈਂਕ ਹਾਂਗਾਊਂ।’’
‘‘ਪਿੰਡ ਦਾ ਨਾਂ?’’
‘‘ਪਤਾ ਨਹੀਂ।’’ ਐਨਾ ਕਹਿ ਕੇ ਹੱਥ ਹਿਲਾਉਂਦਾ ਹੋਇਆ ਉਹ ਚਲਾ ਗਿਆ।
ਵਪਾਰੀ ਬੜਾ ਖੁਸ਼ ਸੀ। ਸੋਚਣ ਲੱਗਾ ਕਿ ਇਕ ਦਿਨ ਵਿਚ ਇਕ ਸਿੰਗ ਵੀ ਖੂਹ ਵਿਚ ਸੁੱਟਾਂਗਾ ਤਾਂ ਸਵੇਰੇ ਰੋਜ਼ ਇਕ ਬੱਕਰੀ ਮਿਲ ਜਾਇਆ ਕਰੇਗੀ। ਇਕ ਮਹੀਨੇ ਵਿਚ ਤੀਹ ਅਤੇ ਸਾਲ ਵਿਚ ਤਿੰਨ ਸੌ ਪੈਂਹਠ। ਹਾਂ, ਇਹ ਵੀ ਤਾਂ ਹੋ ਸਕਦਾ ਹੈ ਕਿ ਖੂਹ ਵਿਚ ਇਕੱਠੇ ਸੱਤ-ਅੱਠ ਸਿੰਗ ਸੁੱਟ ਦਿਆਂ ਅਤੇ ਸਵੇਰੇ ਸੱਤ-ਅੱਠ ਬੱਕਰੀਆਂ ਮਿਲ ਜਾਣ। ਮੈਂ ਕੁਝ ਹੀ ਦਿਨਾਂ ਵਿਚ ਲੱਖਪਤੀ ਹੋ ਜਾਊਂਗਾ। ਵਪਾਰੀ ਜਿਉਂ-ਜਿਉਂ ਬੱਕਰੀਆਂ ਦੇ ਬਾਰੇ ਵਿਚ ਸੋਚਦਾ, ਤਿਉਂ-ਤਿਉਂ ਉਸ ਦੀ ਖੁਸ਼ੀ ਵਧਦੀ ਜਾਂਦੀ।
ਅੰਤ ਵਿਚ ਉਹ ਸੋਚਣ ਲੱਗਾ ਕਿ ਜਦ ਮੇਰੇ ਕੋਲ ਸੈਂਕੜੇ ਬੱਕਰੀਆਂ ਹੋਣਗੀਆਂ ਤਾਂ ਮੈਂ ਕਿਉਂ ਸੱਤ-ਅੱਠ ਹੀ ਸਿੰਗ ਖੂਹ ਵਿਚ ਸੁੱਟਾਂਗਾ? ਕਿਉਂ ਨਾ ਸੈਂਕੜੇ ਸਿੰਗਾਂ ਨਾਲ ਖੂਹ ਨੂੰ ਭਰ ਦਊਂਗਾ। ਚਾਰ-ਪੰਜ ਮੋਟੇ-ਤਾਜ਼ੇ ਨੌਕਰ ਰੱਖ ਲਾਊਂਗਾ। ਉਹ ਸਾਰਾ ਦਿਨ ਖੂਹ ’ਚੋਂ ਰੱਸਿਆਂ ਨਾਲ ਖਿੱਚ ਖਿੱਚ ਕੇ ਬੱਕਰੀਆਂ ਨੂੰ ਬਾਹਰ ਕੱਢਦੇ ਰਹਿਣਗੇ। ਇਸ ਤਰ੍ਹਾਂ ਮੈਂ ਇਕ ਦਿਨ ਕਰੋੜਪਤੀ ਬਣ ਜਾਊਂਗਾ। ਰਾਜਾ ਵੀ ਮੈਨੂੰ ਸਲਾਮੀ ਮਾਰੇਗਾ।
ਰਾਤ ਨੂੰ ਉਹ ਕੋਲ ਦੇ ਹੀ ਇਕ ਪਿੰਡ ’ਚੋਂ ਬੱਕਰੀ ਦੇ ਦੋ ਸਿੰਗ ਖਰੀਦ ਲਿਆਇਆ ਅਤੇ ਚੁੱਪਚਾਪ ਉਸ ਨੇ ਸਿੰਗ ਖੂਹ ਵਿਚ ਸੁੱਟ ਦਿੱਤੇ। ਉਹ ਖੂਹ ਦੇ ਕੋਲ ਹੀ ਜ਼ਮੀਨ ’ਤੇ ਚਾਦਰ ਵਿਛਾ ਕੇ ਲੰਮਾ ਪੈ ਗਿਆ। ਸਵੇਰ ਦੀ ਉਡੀਕ ਵਿਚ ਸਾਰੀ ਰਾਤ ਸੌਂ ਨਹੀਂ ਸਕਿਆ।
ਸਵੇਰੇ ਖੂਹ ਵਿਚ ਝਾਕਿਆ ਤਾਂ ਉਸ ਨੂੰ ਖੂਹ ਵਿਚ ਕੁਝ ਵੀ ਦਿਖਾਈ ਨਹੀਂ ਦਿੱਤਾ। ਉਹ ਖੂਹ ਵਿਚ ਉਤਰ ਗਿਆ। ਪਾਣੀ ਨੂੰ ਟੋਹਿਆ। ਉਥੇ ਕੁਝ ਵੀ ਨਹੀਂ ਸੀ। ਸਿਰਫ ਬੱਕਰੀ ਦੇ ਦੋ ਸਿੰਗ ਸਨ ਜੋ ਉਸ ਨੇ ਰਾਤ ਨੂੰ ਖੂਹ ਵਿਚ ਸੁੱਟੇ ਸਨ।
ਜ਼ਰੂਰ ਸਿੰਗ ਸੁੱਟਣ ਵਿਚ ਉਸ ਤੋਂ ਕੋਈ ਭੁੱਲ ਹੋਈ ਹੈ। ਇਹੋ ਜਿਹਾ ਸੋਚ ਕੇ ਉਸ ਰਾਤ ਵਪਾਰੀ ਨੇ ਫਿਰ ਦੋ ਸਿੰਗ ਖੂਹ ਵਿਚ ਸੁੱਟੇ ਪ੍ਰੰਤੂ ਸਵੇਰੇ ਇਸ ਵਾਰ ਵੀ ਕੁਝ ਨਹੀਂ ਮਿਲਿਆ ਤਾਂ ਉਹ ਨਿਰਾਸ਼ ਹੋ ਗਿਆ।
‘‘ਜ਼ਰੂਰ ਉਹ ਆਦਮੀ ਮੇਰੇ ਨਾਲ ਠੱਗੀ ਮਾਰ ਗਿਆ ਹੈ।’’ ਉਸ ਨੇ ਸੋਚਿਆ। ਜਿਹੜੇ ਪਾਸੇ ਵੱਲ ਮੈਂਕ ਹਾਂਗਾਊਂ ਗਿਆ ਸੀ, ਉਹ ਉਸੇ ਦਿਸ਼ਾ ਵੱਲ ਨੂੰ ਦੌੜਨ ਲੱਗਾ।
ਤੁਰਦੇ-ਤੁਰਦੇ ਰਾਹ ਵਿਚ ਇਕ ਪਿੰਡ ਆਇਆ। ਕੁਝ ਲੋਕ ਇਕ ਥਾਂ ਖੜ੍ਹੇ ਸਨ। ਵਪਾਰੀ ਪ੍ਰੇਸ਼ਾਨੀ ਨਾਲ ਬੋਲਿਆ,‘‘ਕੀ ਤੁਸੀਂ ਮੈਂਕ ਹਾਂਗਾਊਂ ਨੂੰ ਜਾਣਦੇ ਹੋ?’’
ਲੋਕਾਂ ਦੀ ਸਮਝ ਵਿਚ ਸਾਫ-ਸਾਫ ਨਹੀਂ ਆਇਆ ਕਿ ਉਹ ਕੀ ਕਹਿ ਰਿਹਾ ਹੈ।
ਇਕ ਨੇ ਪੁੱਛਿਆ,‘‘ਤੁਸੀਂ ਇਹੀ ਤਾਂ ਕਹਿ ਰਹੇ ਹੋ ਕਿ ਮੈਂਕ ਹਾਂਗਾਊਂ?’’
‘‘ਹਾਂ, ਹਾਂ, ਮੈਂਕ ਹਾਂਗਾਊਂ।’’
‘‘ਇਹਦੇ ਵਿਚ ਪੁੱਛਣ ਦੀ ਕੀ ਗੱਲ ਹੈ? ਤੁਸੀਂ ਇਥੇ ਗਾਓ। ਇਥੇ। ਅਸੀਂ ਬਾਜਾ ਵਜਾਉਣ ਜਾਣਦੇ ਹਾਂ।’’
‘‘ਇਹ ਤੁਸੀਂ ਕੀ ਕਹਿ ਰਹੇ ਹੋ?’’ ਵਪਾਰੀ ਨੇ ਝੁੰਜਲਾ ਕੇ ਕਿਹਾ।
‘‘ਅਸੀਂ ਠੀਕ ਕਹਿ ਰਹੇ ਹਾਂ। ਇਹਦੇ ਵਿਚ ਪੁੱਛਣਾ ਕੀ? ਤੁਸੀਂ ਗਾਣਾ ਗਾਓ ਨਾ।’’
‘‘ਮੈਂ ਲੁੱਟਿਆ ਗਿਆ। ਉਹ ਠੱਗ ਮੈਨੂੰ ਦਿਨੇ ਹੀ ਲੁੱਟ ਕੇ ਲੈ ਗਿਆ ਅਤੇ ਤੁਸੀਂ ਮੇਰਾ ਮਜ਼ਾਕ ਉਡਾ ਰਹੇ ਹੋ’’ ਉਹ ਤੈਸ਼ ਵਿਚ ਅੱਗੇ ਨਿਕਲ ਗਿਆ।
ਮੈਂਕ ਹਾਂਗਾਊਂ ਦੀ ਤਲਾਸ਼ ਵਿਚ ਵਪਾਰੀ ਪਿੰਡ-ਪਿੰਡ, ਸ਼ਹਿਰ-ਸ਼ਹਿਰ ਪਾਗਲਾਂ ਵਾਂਗ ਭਟਕਣ ਲੱਗਾ। ਅੰਤ ਵਿਚ ਸਿਪਾਹੀਆਂ ਨੇ ਉਸ ਨੂੰ ਪਾਗਲ ਸਮਝ ਕੇ ਫੜ ਲਿਆ ਅਤੇ ਰਾਜੇ ਦੇ ਦਰਬਾਰ ਵਿਚ ਲੈ ਗਏ।
‘‘ਹਜ਼ੂਰ ਇਹ ਬੜਾ ਅਜੀਬ ਪਾਗਲ ਹੈ। ਥਾਂ-ਥਾਂ ਘੁੰਮਦਾ ਹੋਇਆ ਪਹਿਲਾਂ ਤਾਂ ਲੋਕਾਂ ਤੋਂ ਪੁੱਛਦਾ ਹੈ ਕਿ ਮੈਂਕ ਹਾਂਗਾਊਂ? ਲੋਕ ਉਥੇ ਹੀ ਗਾਉਣ ਦੀ ਆਗਿਆ ਦਿੰਦੇ ਹਨ ਤਾਂ ਇਹ ਉਨ੍ਹਾਂ ਨਾਲ ਲੜਨ-ਝਗੜਨ ’ਤੇ ਉਤਾਰੂ ਹੋ ਜਾਂਦਾ ਹੈ।’’
ਰਾਜਾ ਸ਼ਾਂਤ ਸੁਭਾਅ ਦਾ ਸੀ। ਉਸ ਨੇ ਵਪਾਰੀ ਤੋਂ ਸਾਰੀਆਂ ਗੱਲਾਂ ਪਤਾ ਕੀਤੀਆਂ। ਉਹ ਸਮਝ ਗਿਆ ਕਿ ਇਹ ਕਰਾਮਾਤ ਬੇਹੋਰਾ ਦੇ ਬਿਨਾਂ ਹੋਰ ਕਿਸੇ ਦੀ ਵੀ ਨਹੀਂ ਹੋ ਸਕਦੀ। ਸੈਨਿਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਬੇਹੋਰਾ ਨੂੰ ਕੁਝ ਲੋਕਾਂ ਨੇ ਸੱਤ ਘੋੜਿਆਂ ਨੂੰ ਸਾਮਾਨ ਸਮੇਤ ਲਿਜਾਂਦੇ ਦੇਖਿਆ ਹੈ। ਆਖਿਰ ਸੈਨਿਕ ਬੇਹੋਰਾ ਨੂੰ ਫੜ ਲਿਆਏ।
‘‘ਤੁਹਾਡਾ ਨਾਂ ਕੀ ਹੈ?’’
‘‘ਸਰਕਾਰ, ਮੈਨੂੰ ਬੇਹੋਰਾ ਕਹਿੰਦੇ ਹਨ।’’ ਹੱਥ ਜੋੜਦੇ ਹੋਏ ਉਸ ਨੇ ਉਤਰ ਦਿੱਤਾ।
‘‘ਤਾਂ ਫਿਰ ਇਹ ਮੈਂਕ ਹਾਂਗਾਊਂ ਕੀ ਹੈ?’’
‘‘ਮੈਂਕ ਹਾਂਗਾਊਂ ਤਾਂ ਸਰਕਾਰ ਮੈਂ ਕਹਾਂ ਗਾਊਂ (ਮੈਂ ਕਿੱਥੇ ਗਾਵਾਂ) ਹੀ ਹੈ।’’
‘‘ਤਾਂ ਫਿਰ ਇਹ ਤੁਹਾਡਾ ਨਾਂ ਨਹੀਂ ਹੈ?’’
‘‘ਮੇਰਾ ਨਾਂ ਕਿਵੇਂ ਹੋ ਸਕਦਾ ਹੈ ਸਰਕਾਰ।’’
‘‘ਇਹ ਵਪਾਰੀ ਤਾਂ ਇਹੀ ਸਮਝਦਾ ਹੈ।’’ ਰਾਜੇ ਨੇ ਕਿਹਾ।
‘‘ਇਹ ਤਾਂ ਇਹ ਵੀ ਸਮਝ ਸਕਦਾ ਹੈ ਕਿ ਸਿੰਗ ਖੂਹ ਵਿਚ ਸੁੱਟਣ ’ਤੇ ਬੱਕਰੀ ਬਣ ਜਾਂਦੇ ਹਨ।’’ ਬੇਹੋਰਾ ਨੇ ਜਵਾਬ ਦਿੱਤਾ।
ਦਰਬਾਰ ਵਿਚ ਬੈਠੇ ਸਾਰੇ ਲੋਕ ਹੱਸ ਪਏ।
ਰਾਜੇ ਨੇ ਘੋੜਿਆਂ ਸਮੇਤ ਸਾਰਾ ਸਾਮਾਨ ਵਪਾਰੀ ਨੂੰ ਵਾਪਸ ਦਿਵਾ ਦਿੱਤਾ।
ਵਪਾਰੀ ਰਾਜ ਮਹੱਲ ’ਚੋਂ ਬਾਹਰ ਆਇਆ ਤਾਂ ਕੁਝ ਬੱਚਿਆਂ ਨੇ ਉਸ ਨੂੰ ਘੇਰ ਲਿਆ, ‘‘ਮੈਂਕ ਹਾਂਗਾਊਂ। ਮੈਂਕ ਹਾਂਗਾਊਂ।’’
ਵਪਾਰੀ ਹੁਣ ਸੱਚਮੁੱਚ ਬੜਾ ਖੁਸ਼ ਸੀ। ਉਹ ਖੁਸ਼ੀ ਨਾਲ ਨੱਚਣ ਤੇ ਗਾਉਣ ਲੱਗਾ ਸੀ।
-ਨਿਰਮਲ ਪ੍ਰੇਮੀ

Comment here