ਅਪਰਾਧਸਿਆਸਤਖਬਰਾਂ

ਬੰਬੀਹਾ ਗੈਂਗ ਦਾ ਮੈਂਬਰ ਨੀਰਜ ਚਸਕਾ ਜੰਮੂ ਤੋਂ ਗਿ੍ਫਤਾਰ

ਗੁਰਲਾਲ ਬਰਾੜ ਅਤੇ ਸੁਰਜੀਤ ਬਾਊਂਸਰ ਦੇ ਕਤਲ ’ਵਿਚ ਸੀ ਲੋੜੀਂਦਾ
ਪੰਜਾਬ ਪੁਲੀਸ ਦੀ ਐਂਟੀ ਗੈਂਗ ਟਾਸਕ ਫੋਰਸ ਨੇ ਕੀਤਾ ਗ੍ਰਿਫ਼ਤਾਰ
ਜੰਮੂ :ਪੰਜਾਬ ਐਂਟੀ ਗੈਂਗ ਟਾਸਕ ਫੋਰਸ ਨੇ ਬੀਤੇ ਦਿਨੀਂ ਨੂੰ ਦਵਿੰਦਰ ਬੰਬੀਹਾ ਗਰੋਹ ਦੇ ਮੈਂਬਰ ਨੀਰਜ ਚਸਕਾ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਗੁਰਲਾਲ ਬਰਾੜ ਅਤੇ ਚੰਡੀਗੜ੍ਹ ਦੇ ਸੁਰਜੀਤ ਬਾਊਂਸਰ ਦੇ ਕਤਲ ਲਈ ਲੋੜੀਂਦਾ ਸੀ। ਗੁਰਲਾਲ ਗੈਂਗਸਟਰ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ। ਗੋਲਡੀ ਬਰਾੜ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਸੀ ਕਿ ਪੁਲੀਸ ਨੇ ਉਸ ਦੇ ਚਚੇਰੇ ਭਰਾ ਦੇ ਕਾਤਲਾਂ ਨੂੰ ਛੱਡ ਦਿੱਤਾ ਹੈ।ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ  ਇੱਥੇ ਦੱਸਿਆ ਕਿ ਪੁਲੀਸ ਨੇ ਚਸਕਾ ਦੇ ਕਬਜ਼ੇ ਵਿੱਚੋਂ ਦੋ ਵਿਦੇਸ਼ੀ ਪਸਤੌਲਾਂ ਅਤੇ 17 ਕਾਰਤੂਸ ਬਰਾਮਦ ਕੀਤੇ ਹਨ। ਯਾਦਵ ਨੇ ਦੱਸਿਆ ਕਿ ਗੁਰਲਾਲ ਦੇ ਕਤਲ ਤੋਂ ਇਲਾਵਾ ਚਸਕਾ ਦੀ ਚਾਰ ਹੋਰ ਕਤਲਾਂ ’ਵਿਚ ਸਿੱਧੀ ਸ਼ਮੂਲੀਅਤ ਸੀ। ਇਨ੍ਹਾਂ ’ਵਿਚ ਅਗਸਤ 2019 ’ਵਿਚ ਕਬੱਡੀ ਖਿਡਾਰੀ ਮਨੀ ਦਾ ਕਤਲ ਵੀ ਸ਼ਾਮਲ ਹੈ ਜਿਸ ਨੂੰ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਅਮਨਾ ਜੈਤੋ ਦੇ ਇਸ਼ਾਰੇ ’ਤੇ ਕਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮਾਰਚ 2021 ’ਚ ਪਰਦੀਪ ਉਰਫ਼ ਪੰਜਾ ਅਤੇ ਰਾਹੁਲ ਦੀ ਅੰਬਾਲਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ।
ਡੀਜੀਪੀ ਨੇ ਦੱਸਿਆ ਕਿ ਚਸਕਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਰਚ 2020 ਵਿੱਚ ਚੰਡੀਗੜ੍ਹ ਦੇ ਸੈਕਟਰ-38 ਵਿੱਚ ਸੁਰਜੀਤ ਬਾਊਂਸਰ ਦਾ ਕਤਲ ਕੀਤਾ ਸੀ। ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਸੀ ਕਿ ਸਕੇਤੜੀ ’ਚ ਬਾਊਂਸਰ ਅਮਿਤ ਸ਼ਰਮਾ ਦੀ ਹੱਤਿਆ ਦਾ ਬਦਲਾ ਲੈਣ ਲਈ ਸੁਰਜੀਤ ਬਾਊਂਸਰ ਦੀ ਹੱਤਿਆ ਕੀਤੀ ਗਈ ਹੈ। ਯਾਦਵ ਨੇ ਕਿਹਾ ਕਿ ਚਸਕਾ ਤੋਂ ਪੁੱਛ-ਪੜਤਾਲ ਨਾਲ ਬੰਬੀਹਾ ਗਰੋਹ ਦੀਆਂ ਹੋਰ ਗਤੀਵਿਧੀਆਂ ਅਤੇ ਯੋਜਨਾਵਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਈ ਸਾਥੀਆਂ ਦੀ ਪੁੱਛ-ਗਿੱਛ ਤੋਂ ਪਤਾ ਲੱਗਾ ਹੈ ਕਿ ਗੁਰਲਾਲ ਬਰਾੜ ਦੇ ਕਤਲ ਵਿੱਚ ਸ਼ਾਮਲ ਹੋਣ ਕਰਕੇ ਚਸਕਾ ਬਿਸ਼ਨੋਈ ਗਰੋਹ ਦੀ ਹਿੱਟ ਲਿਸਟ ’ਤੇ ਸੀ।

Comment here