ਸੈਨ ਡਿਏਗੋ-ਅਮਰੀਕਾ ‘ਚ ਅੰਨ੍ਹੇਵਾਹ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਹਥਿਆਰਾਂ ਦੀ ਦੁਰਵਰਤੋਂ ‘ਤੇ ਰੋਕ ਲਗਾਉਣ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਮੰਗਲਵਾਰ ਨੂੰ ਉਸ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕਰ ਸਕਦੇ ਹਨ, ਜਿਸ ਦਾ ਉਦੇਸ਼ ਬੰਦੂਕ ਦੀ ਦੁਰਵਰਤੋਂ ਨੂੰ ਰੋਕਣਾ ਹੈ। ਇਸ ਆਦੇਸ਼ ਦੇ ਲਾਗੂ ਹੋਣ ਤੋਂ ਬਾਅਦ ਬੰਦੂਕ ਖਰੀਦਣ ਵਾਲੇ ਕਿਸੇ ਵੀ ਵਿਅਕਤੀ ਦੇ ਪਿਛੋਕੜ ਦੀ ਹੋਰ ਵਧੇਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇਗੀ। ਨਾਲ ਹੀ ਹਥਿਆਰਾਂ ਦੀ ਬਿਹਤਰ ਅਤੇ ਵਧੇਰੇ ਸੁਰੱਖਿਅਤ ਸਟੋਰੇਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਕਾਰਜਕਾਰੀ ਆਦੇਸ਼ ਦਾ ਉਦੇਸ਼ ਇਹ ਯਕੀਨੀ ਬਣਾਉਣਾ ਵੀ ਹੈ ਕਿ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪਿਛਲੀਆਂ ਗਰਮੀਆਂ ਵਿੱਚ ਲਾਗੂ ਕੀਤੇ ਗਏ ਬੰਦੂਕ ਕੰਟਰੋਲ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਦੀਆਂ ਹਨ।
ਵ੍ਹਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਕੈਲੀਫੋਰਨੀਆ ਦੇ ਮੋਂਟੇਰੇ ਪਾਰਕ ਵਿੱਚ ਹੋਣ ਵਾਲੇ ਆਪਣੇ ਸੰਬੋਧਨ ਦੌਰਾਨ ਬੰਦੂਕ ਦੀ ਦੁਰਵਰਤੋਂ ਨੂੰ ਰੋਕਣ ਗੇ ਆਪਣੇ ਤਾਜ਼ਾ ਯਤਨਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਜਨਵਰੀ ਵਿੱਚ ਇੱਕ ਵਿਅਕਤੀ ਨੇ ਲਾਸ ਏਂਜਲਸ ਦੇ ਨੇੜੇ ਇੱਕ ਡਾਂਸ ਹਾਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।
Comment here