ਬਾਂਕੁਡਾ– ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਭਾਰਤ ਵਿੱਚ ਕਈ ਕਾਰੋਬਾਰ ਪ੍ਰਭਾਵਿਤ ਹੋਏ ਹਨ, ਹੌਜਰੀ, ਅਤੇ ਸੁੱਕੇ ਮੇਵਿਆਂ ਦੇ ਬਜ਼ਾਰ ਉੱਤੇ ਅਸਰ ਪਿਆ ਹੈ, ਹੁਣ ਇਹ ਵੀ ਖਬਰ ਆ ਰਹੀ ਹੈ ਕਿ ਨਾਲ ਪੱਛਮੀ ਬੰਗਾਲ ਵਿਚ ਬਾਂਕੁਡਾ ਜ਼ਿਲੇ ਦੇ ਇਕ ਕਸਬੇ ਵਿਚ ਦਸਤਾਰ ਬਣਾਉਣ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਵੀ ਨੁਕਸਾਨ ਝਲਣਾ ਪੈ ਰਿਹਾ ਹੈ, ਜੋ ਪਿਛਲੇ 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਕਾਬੁਲੀਵਾਲਿਆਂ ਲਈ ਰੰਗ-ਬਿਰੰਗੀਆਂ ਦਸਤਾਰਾਂ ਦੀ ਸਪਲਾਈ ਕਰਦੇ ਆ ਰਹੇ ਹਨ। ਸਥਾਨਕ ਬੁਨਕਰ ਸੰਗਠਨ ਦੇ ਬੁਲਾਰੇ ਸ਼ਿਆਮਪਦ ਦੱਤਾ ਨੇ ਕਿਹਾ ਕਿ ਅਫਗਾਨਿਸਤਾਨ ਦਾ ਸੰਕਟ ਸ਼ੁਰੂ ਹੋਣ ਤੋਂ ਬਾਅਦ ਸੋਨਾਮੁਖੀ ਕਸਬੇ ਦੇ ਲਗਭਗ 150 ਦਸਤਾਰ ਬਣਾਉਣ ਵਾਲੇ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੀਆਂ ਦਸਤਾਰਾਂ ਨੂੰ ਅਫਗਾਨਿਸਤਾਨ ਭੇਜਣ ਵਾਲੀ ਸੂਰਤ ਦੀ ਇਕ ਏਜੰਸੀ ਨੇ ਇਹ ਕੰਮ ਬੰਦ ਕਰ ਦਿੱਤਾ ਹੈ। ਸੋਨਾਮੁਖੀ ਸ਼ਹਿਰ ਰੇਸ਼ਮ ਦੀ ਬੁਣਾਈ ਲਈ ਜਾਣਿਆ ਜਾਂਦਾ ਹੈ। ਦੱਤਾ ਨੇ ਕਿਹਾ ਕਿ ਪਹਿਲਾਂ ਕਰੋਨਾ ਕਾਲ ਚ ਤਾਲਾਬੰਦੀ ਕਾਰਨ ਕਾਰੋਬਾਰ ਨੂੰ ਝਟਕਾ ਲੱਗਾ ਤੇ ਹੁਣ ਤਾਲਿਬਾਨ ਦੇ ਅਫਗਾਨ ਚ ਕਬਜ਼ੇ ਕਾਰਨ ਕਾਰੋਬਾਰ ਠਪ ਹੋ ਗਿਆ ਹੈ। ਕਾਬੁਲ ਤੋਂ ਲਗਭਗ 3000 ਕਿਲੋਮੀਟਰ ਦੂਰ ਸਥਿਤ ਸੋਨਾਮੁਕੀ ਲਗਭਗ 4 ਦਹਾਕੇ ਪਹਿਲਾਂ ਉਸ ਸਮੇਂ ਦਸਤਾਰ ਬਣਾਉਣ ਦਾ ਕੇਂਦਰ ਬਣਿਆ ਸੀ ਜਦੋਂ ਕੁਝ ਪਖਤੂਨ ਲੋਕ ਮਸਾਲੇ, ਸੁੱਕੇ ਮੇਵੇ ਆਦਿ ਵੇਚਣ ਲਈ ਕ੍ਰਿਸ਼ਣਾਬਾਜ਼ਾਰ ਆਉਣ ਲੱਗੇ ਸਨ। ਇਥੇ ਉਨ੍ਹਾਂ ਨੂੰ ਕਾਬੁਲੀਵਾਲਾ ਕਿਹਾ ਜਾਂਦਾ ਹੈ। ਇਸ ਬਾਜ਼ਾਰ ਦੇ ਪੁਰਾਣੇ ਬਸ਼ਿੰਦੇ ਨੇ ਦੱਸਿਆ ਕਿ ਸਥਾਨਕ ਬੁਣਕਰਾਂ ਨਾਲ ਉਨ੍ਹਾਂ ਦਾ ਮੇਲਜੋਲ ਵੱਧਣ ਤੋਂ ਬਾਅਦ ਪਖਤੂਨ ਲੋਕਾਂ ਨੇ ਸਥਾਨਕ ਬੁਣਕਰਾਂ ਤੋਂ ਦਸਤਾਰਾਂ ਬਣਵਾਉਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਇਹ ਕਾਰੋਬਾਰ ਵੱਧਣ-ਫੁੱਲਣ ਲੱਗਾ ਅਤੇ ਲਗਭਗ 150 ਬੁਣਕਰ ਇਸ ਕੰਮ ਵਿਚ ਲੱਗ ਗਏ ਅਤੇ ਇਹ ਕਾਰੋਬਾਰ ਕਈ ਪੀੜ੍ਹੀਆਂ ਤੱਕ ਜਾਰੀ ਰਿਹਾ। ਪਰ ਹੁਣ ਇਹਨਾਂ ਦੀ ਹੋਂਦ ਤੇ ਹੀ ਸੰਕਟ ਖੜਾ ਹੋ ਗਿਆ ਹੈ।
Comment here