ਢਾਕਾ-ਬੰਗਲਾਦੇਸ਼ ਵਿਚ ਅਗਲੇ ਸਾਲ ਜਨਵਰੀ ਵਿਚ ਆਮ ਚੋਣਾਂ ਹੋਣ ਦੀ ਉਮੀਦ ਹੈ। ਉੱਤਰ-ਪੂਰਬੀ ਬੰਗਲਾਦੇਸ਼ ’ਚ ਆਗਾਮੀ ਚੋਣਾਂ ’ਤੇ ਨਜ਼ਰ ਰੱਖਣ ਨੂੰ ਲੈ ਕੇ ਸਿਆਸੀ ਵਿਵਾਦ ਦਰਮਿਆਨ ਵਿਰੋਧੀ ਪਾਰਟੀ ਦੇ ਵਰਕਰਾਂ ਨੂੰ ਖਿੰਡਾਉਣ ਲਈ ਪੁਲਸ ਨੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਇੱਥੋਂ ਪ੍ਰਕਾਸ਼ਿਤ ਬੰਗਾਲੀ ਭਾਸ਼ਾ ਦੇ ਪ੍ਰਮੁੱਖ ਅਖਬਾਰ ‘ਪ੍ਰੋਥੋਮ ਲੋ’ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਹੋਈ ਝੜਪ ’ਚ ਤਕਰੀਬਨ 300 ਲੋਕ ਜ਼ਖਮੀ ਹੋ ਗਏ। ਕੁਝ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ। ਅਖਬਾਰ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਸਮਰਥਕਾਂ ’ਤੇ ਪੁਲਸ ਨੇ ਗੋਲੀਬਾਰੀ ਕੀਤੀ।
ਬੰਗਲਾਦੇਸ਼ ਦੀ ਯੂਨਾਈਟਿਡ ਨਿਊਜ਼ ਏਜੰਸੀ ਨੇ ਦੱਸਿਆ ਕਿ ਹਬੀਗੰਜ ਕਸਬੇ ਵਿਚ ਹੋਈਆਂ ਝੜਪਾਂ ਵਿਚ ਪੁਲਸ ਅਧਿਕਾਰੀਆਂ ਸਮੇਤ ਲਗਭਗ 150 ਲੋਕ ਜ਼ਖਮੀ ਹੋਏ ਹਨ। ਹਬੀਗੰਜ ਜ਼ਿਲ੍ਹੇ ਦੇ ਇਕ ਪੁਲਸ ਅਧਿਕਾਰੀ ਪਲਾਸ਼ ਰੰਜਨ ਡੇ ਨੇ ਕਿਹਾ ਕਿ ਪੁਲਸ ਨੂੰ ਕਾਰਵਾਈ ਕਰਨ ਲਈ ਮਜਬੂਰ ਕੀਤਾ ਗਿਆ ਕਿਉਂਕਿ ਵਿਰੋਧੀ ਕਾਰਕੁੰਨਾਂ ਨੇ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਦਰਅਸਲ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਬੀ.ਐਨ.ਪੀ – ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਅਤੇ ਜਨਵਰੀ ਵਿਚ ਅਗਲੀਆਂ ਆਮ ਚੋਣਾਂ ਤੱਕ ਗੈਰ-ਪਾਰਟੀ ਦੇਖਭਾਲ ਕਰਨ ਵਾਲੀ ਸਰਕਾਰ ਨੂੰ ਸੱਤਾ ਸੌਂਪਣ ਦੀ ਮੰਗ ਕਰ ਰਹੀ ਹੈ। ਜ਼ਿਆ ਦੀ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਨੇ ਹਸੀਨਾ ‘ਤੇ 2018 ਵਿਚ ਵੋਟਾਂ ਦੀ ਧਾਂਦਲੀ ਦਾ ਦੋਸ਼ ਲਾਇਆ ਹੈ। ਪਾਰਟੀ ਇਸ ਗੱਲ ‘ਤੇ ਵਿਰੋਧ ਕਰ ਰਹੀ ਹੈ ਕਿ ਅਗਲੀਆਂ ਆਮ ਚੋਣਾਂ ਦੀ ਨਿਗਰਾਨੀ ਕਿਸ ਨੂੰ ਕਰਨੀ ਚਾਹੀਦੀ ਹੈ। ਹਸੀਨਾ ਨੇ ਕਿਹਾ ਹੈ ਕਿ ਉਹ ਲਗਾਤਾਰ ਚੌਥੀ ਵਾਰ ਸੱਤਾ ‘ਚ ਵਾਪਸੀ ਦੀ ਉਮੀਦ ਕਰਦੀ ਹੈ।
Comment here