ਅਪਰਾਧਸਿਆਸਤਖਬਰਾਂਦੁਨੀਆ

ਬੰਗਲਾਦੇਸ਼ ਚ ਦੀਵਾਲੀ ਤੇ ਕਾਲੀ ਪੂਜਾ ਤੋਂ ਪਹਿਲਾਂ ਹਿੰਦੂ ਮੰਦਰਾਂ ਚ ਫਿਰ ਭੰਨਤੋੜ

ਢਾਕਾ- ਬੰਗਲਾਦੇਸ਼ ‘ਚ ਦੀਵਾਲੀ ਅਤੇ ਕਾਲੀ ਪੂਜਾ ਤੋਂ ਪਹਿਲਾਂ ਮੰਦਰਾਂ ‘ਤੇ ਫਿਰ ਹਮਲਾ ਕੀਤਾ ਗਿਆ। ਸੋਮਵਾਰ ਦੇਰ ਰਾਤ ਨੌਗਾਓਂ ਜ਼ਿਲੇ ਦੇ ਦੋ ਪਿੰਡਾਂ ‘ਚ ਭੜਕੀ ਭੀੜ ਨੇ ਵੱਖ-ਵੱਖ ਮੰਦਰਾਂ ‘ਤੇ ਹਮਲਾ ਕਰਕੇ ਮੰਦਰ ‘ਚ ਰੱਖੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ। ਦੀਵਾਲੀ ਅਤੇ ਕਾਲੀ ਪੂਜਾ ਤੋਂ ਠੀਕ ਪਹਿਲਾਂ ਮੁੜ ਸ਼ੁਰੂ ਹੋਏ ਹਮਲਿਆਂ ਨੇ ਬੰਗਲਾਦੇਸ਼ ਵਿੱਚ ਫਿਰਕੂ ਤਣਾਅ ਨੂੰ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕਈ ਸ਼ਹਿਰਾਂ ‘ਚ ਨਵਰਾਤਰੀ ਦੌਰਾਨ ਦੁਰਗਾ ਪੰਡਾਲਾਂ ਅਤੇ ਮੰਦਰਾਂ ‘ਤੇ ਹਮਲੇ ਹੋਏ ਸਨ। ਮੌਕੇ ‘ਤੇ ਪਹੁੰਚੇ ਪੋਰਸ਼ਾ ਉਪਜ਼ਿਲਾ ਦੇ ਅਧਿਕਾਰੀ ਮੁਹੰਮਦ ਨਜਮੁਲ ਹਾਮਿਦ ਰਜ਼ਾ ਨੇ ਦੱਸਿਆ ਕਿ ਘਟਨਾ ‘ਚ ਸ਼ਾਮਲ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ਦੇ ਕਿਸੇ ਹਿੰਦੂ ਮੰਦਰ ਵਿੱਚ ਦਾਖ਼ਲ ਹੋ ਕੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ। ਇਸ ਤੋਂ ਪਹਿਲਾਂ, ਬੰਗਲਾਦੇਸ਼ ਵਿੱਚ ਕਈ ਦੁਰਗਾ ਪੰਡਾਲਾਂ ਵਿੱਚ ਨਵਰਾਤਰੀ ਦੌਰਾਨ ਕੱਟੜਪੰਥੀਆਂ ਦੁਆਰਾ ਭੰਨਤੋੜ ਕੀਤੀ ਗਈ ਸੀ। ਸੋਸ਼ਲ ਮੀਡੀਆ ‘ਤੇ ਖ਼ਬਰ ਫੈਲ ਗਈ ਕਿ ਕੋਮਿਲਾ ਕਸਬੇ ਵਿਚ ਨਨੁਆਰ ਦੀਘੀ ਝੀਲ ਦੇ ਨੇੜੇ ਇਕ ਦੁਰਗਾ ਪੂਜਾ ਪੰਡਾਲ ਵਿਚ ਕਥਿਤ ਤੌਰ ‘ਤੇ ਕੁਰਾਨ ਦੀ ਬੇਅਦਬੀ ਕੀਤੀ ਗਈ ਸੀ। ਜਿਸ ਤੋਂ ਬਾਅਦ ਕੱਟੜਪੰਥੀਆਂ ਦੀ ਭੀੜ ਨੇ ਚਾਂਦਪੁਰ ਦੇ ਹਾਜੀਗੰਜ, ਚਟੋਗ੍ਰਾਮ ਦੇ ਬੰਸ਼ਖਾਲੀ ਅਤੇ ਕਾਕਸ ਬਾਜ਼ਾਰ ਦੇ ਪੇਕੂਆ ਵਿਖੇ ਹਿੰਦੂ ਮੰਦਰਾਂ ਅਤੇ ਪੰਡਾਲਾਂ ‘ਤੇ ਹਮਲਾ ਕੀਤਾ। 15 ਅਕਤੂਬਰ ਨੂੰ ਨੋਆਖਲੀ ਇਲਾਕੇ ‘ਚ ਇਸਕਾਨ ਮੰਦਰ ‘ਤੇ ਹਮਲਾ ਕਰਕੇ ਭੰਨਤੋੜ ਕੀਤੀ ਗਈ ਸੀ। ਇਸ ਦੌਰਾਨ ਹਮਲਾਵਰਾਂ ਨੇ ਮੰਦਰ ‘ਚ ਮੌਜੂਦ ਸ਼ਰਧਾਲੂਆਂ ‘ਤੇ ਵੀ ਕੁੱਟਮਾਰ ਕੀਤੀ। ਇਸਕਾਨ ਮੰਦਰ ਨੇ ਟਵੀਟ ਕੀਤਾ ਸੀ ਕਿ ਇਸ ਹਮਲੇ ‘ਚ ਕਈ ਸ਼ਰਧਾਲੂ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕੱਟੜਪੰਥੀਆਂ ਦੀ ਭੀੜ ਨੇ ਮੰਦਰ ਦੇ ਪਰਿਸਰ ਨੂੰ ਵੀ ਅੱਗ ਲਗਾ ਦਿੱਤੀ।

Comment here