ਅਪਰਾਧਸਿਆਸਤਖਬਰਾਂਦੁਨੀਆ

ਬੰਗਲਾਦੇਸ਼ ’ਚ ਇਕ ਵਾਰ ਫਿਰ ਹਿੰਦੂਆਂ ਦੇ ਘਰਾਂ, ਦੁਕਾਨਾਂ ਤੇ ਮੰਦਰ ’ਚ ਭੰਨਤੋੜ

ਢਾਕਾ-ਮੁਸਲਿਮ ਬਹੁਗਿਣਤੀ ਵਾਲੇ ਬੰਗਲਾਦੇਸ਼ ਵਿਚ ਹਿੰਦੂਆਂ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ। ਫੇਸਬੁੱਕ ’ਤੇ ਇਸਲਾਮ ਸਬੰਧੀ ਇਕ ਪੋਸਟ ਤੋਂ ਬਾਅਦ ਦੱਖਣ-ਪੱਛਮੀ ਖੇਤਰ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਹਿੰਦੂ ਭਾਈਚਾਰੇ ਦੇ ਇਕ ਮੰਦਰ, ਕਈ ਘਰਾਂ ਤੇ ਦੁਕਾਨਾਂ ਵਿਚ ਭੰਨਤੋੜ ਕੀਤੀ।  ਘਟਨਾ ਨਾਰੇਲ ਜ਼ਿਲ੍ਹੇ ਦੇ ਸਹਿਪਾਰਾ ਪਿੰਡ ਵਿਚ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਹੋਈ।
ਪੁਲਿਸ ਸਟੇਸ਼ਨ ਦੇ ਇਕ ਇੰਸਪੈਕਟਰ ਹਾਰਨ ਚੰਦਰਪਾਲ ਨੇ ਦੱਸਿਆ ਕਿ ਪਿੰਡ ਵਿਚ ਹਿੰਦੂਆਂ ਦੀ ਧਾਰਮਿਕ ਥਾਂ ਤੇ ਘਰਾਂ ਵਿਚ ਭੰਨਤੋੜ ਕੀਤੀ ਗਈ। ਇਕ ਘਰ ਵਿਚ ਅੱਗ ਲਗਾ ਦਿੱਤੀ ਗਈ। ਹਮਲਾਵਰ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਹਵਾਈ ਫਾਇਰਿੰਗ ਕੀਤੀ। ਫ਼ਿਲਹਾਲ ਸਥਿਤੀ ਕੰਟਰੋਲ ਵਿਚ ਹੈ। ਹਾਰਨ ਨੇ ਕਿਹਾ ਕਿ ਇਕ ਨੌਜਵਾਨ ਨੇ ਫੇਸਬੁੱਕ ’ਤੇ ਕੁਝ ਇਤਰਾਜ਼ਯੋਗ ਪੋਸਟ ਪਾਈ ਸੀ, ਜਿਸ ਨਾਲ ਮੁਸਲਮਾਨਾਂ ਵਿਚ ਗੁੱਸਾ ਭੜਕ ਗਿਆ। ਤਲਾਸ਼ ਕਰਨ ’ਤੇ ਨੌਜਵਾਨ ਦਾ ਪਤਾ ਨਾ ਲੱਗਣ ’ਤੇ ਪੁਲਿਸ ਉਸ ਦੇ ਪਿਤਾ ਨੂੰ ਥਾਣੇ ਲੈ ਗਈ। ਸ਼ੁੱਕਰਵਾਰ ਦੀ ਨਮਾਜ਼ ਪਿੱਛੋਂ ਹਿੰਦੂ ਨੌਜਵਾਨ ਦੀ ਪੋਸਟ ’ਤੇ ਤਣਾਅ ਵੱਧ ਗਿਆ। ਮੁਸਲਮਾਨਾਂ ਦੇ ਇਕ ਸਮੂਹ ਨੇ ਦੁਪਹਿਰ ਵਿਚ ਹਿੰਦੂਆਂ ਦੇ ਘਰਾਂ ਬਾਹਰ ਪ੍ਰਦਰਸ਼ਨ ਕੀਤਾ। ਬਾਅਦ ਵਿਚ ਉਨ੍ਹਾਂ ਨੇ ਘਰਾਂ ’ਤੇ ਹਮਲਾ ਕਰ ਦਿੱਤਾ। ਸ਼ਾਮ ਕਰੀਬ ਸਾਢੇ ਸੱਤ ਵਜੇ ਪਿੰਡ ਦੇ ਇਕ ਮੰਦਰ ’ਤੇ ਵੀ ਇੱਟਾਂ ਸੁੱਟੀਆਂ ਗਈਆਂ। ਮੰਦਰ ਦੇ ਅੰਦਰ ਫਰਨੀਚਰ ਵੀ ਤੋੜ ਦਿੱਤਾ ਗਿਆ। ‘ਹਾਲੇ ਤਕ ਕਿਸੇ ਹਮਲਾਵਰ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਹੈ। ਨਾਰੇਲ ਦੇ ਪੁਲਿਸ ਸੁਪਰਡੈਂਟ ਪ੍ਰਬੀਰ ਕੁਮਾਰ ਰਾਇ ਨੇ ਕਿਹਾ ਕਿ ਘਟਨਾ ਦੀ ਜਾਂਚ ਕਰ ਰਹੇ ਹਾਂ। ਹਿੰਸਾ ਲਈ ਜ਼ਿੰਮੇਦਾਰ ਲੋਕਾਂ ’ਤੇ ਕਾਰਵਾਈ ਹੋਵੇਗੀ।
ਪੀੜਤ ਦੀਪਾਲੀ ਰਾਣੀ ਨੇ ਕਿਹਾ, ਇਕ ਮੁਸਲਮਾਨ ਭੀੜ ਨੇ ਸਾਡਾ ਸਾਰਾ ਕੀਮਤੀ ਸਾਮਾਨ ਲੁੱਟ ਲਿਆ। ਦੂਜਾ ਸਮੂਹ ਆਇਆ ਤੇ ਘਰ ਵੜ ਗਿਆ, ਕਿਉਂਕਿ ਲੁੱਟਣ ਲਈ ਕੁਝ ਨਹੀਂ ਬਚਿਆ ਸੀ, ਇਸ ਲਈ ਉਨ੍ਹਾਂ ਨੇ ਸਾਡੇ ਘਰ ਵਿਚ ਅੱਗ ਲਾ ਦਿੱਤੀ। ਦਿਘਲੀਆ ਸੰਘ ਪ੍ਰੀਸ਼ਦ ਦੀ ਇਕ ਸਾਬਕਾ ਮਹਿਲਾ ਮੈਂਬਰ ਨੇ ਕਿਹਾ ਕਿ ਹਮਲੇ ਪਿੱਛੋਂ ਜ਼ਿਆਦਾਤਰ ਲੋਕ ਪਿੰਡ ਛੱਡ ਕੇ ਚਲੇ ਗਏ ਹਨ। ਲਗਪਗ ਸਾਰੇ ਘਰਾਂ ਵਿਚ ਤਾਲਾ ਲੱਗਾ ਹੈ। ਕੁਝ ਪਰਿਵਾਰਾਂ ਦੇ ਬਜ਼ੁਰਗ ਹੀ ਘਰ ਵਿਚ ਹਨ। ਉਹ ਵੀ ਡਰੇ ਹੋਏ ਹਨ। ਪਿੰਡ ਦੇ ਰਾਧਾ ਗੋਵਿੰਦਾ ਮੰਦਰ ਦੇ ਪ੍ਰਧਾਨ 65 ਸਾਲਾ ਸ਼ਿਬਨਾਥ ਸਾਹਾ ਨੇ ਕਿਹਾ, ਪੁਲਿਸ ਪਿੰਡ ਵਿਚ ਪਹਿਰਾ ਦੇ ਰਹੀ ਹੈ ਪਰ ਅਸੀਂ ਉਨ੍ਹਾਂ ’ਤੇ ਭਰੋਸਾ ਨਹੀਂ ਕਰ ਸਕਦੇ। ਮੀਡੀਆ ਰਿਪੋਰਟਸ ਮੁਤਾਬਕ ਮੁਸਲਿਮ ਬਹੁਗਿਣਤੀ ਬੰਗਲਾਦੇਸ਼ ਵਿਚ ਧਾਰਮਿਕ ਘੱਟਗਿਣਤੀਆਂ ’ਤੇ ਹਮਲੇ ਵੱਧ ਰਹੇ ਹਨ ਅਤੇ ਉਨ੍ਹਾਂ ਵਿਚੋਂ ਕਈ ਅਫਵਾਹਾਂ ਜਾਂ ਸੋਸ਼ਲ ਮੀਡੀਆ ਰਾਹੀਂ ਫੈਲੀਆਂ ਫਰਜ਼ੀ ਪੋਸਟਾਂ ਤੋਂ ਬਾਅਦ ਹੋਏ ਹਨ।
ਪਿਛਲੇ ਸਾਲ ਬੰਗਲਾਦੇਸ਼ ਵਿਚ ਦੁਰਗਾ ਪੂਜਾ ਸਮਾਗਮ ਦੌਰਾਨ ਕੁਝ ਹਿੰਦੂ ਮੰਦਰਾਂ ਵਿਚ ਅਣਪਛਾਤੇ ਮੁਸਲਿਮ ਕੱਟੜਪੰਥੀਆਂ ਵੱਲੋਂ ਭੰਨਤੋੜ ਕੀਤੀ ਗਈ ਸੀ। ਦੰਗਿਆਂ ਵਿਚ ਚਾਰ ਮਾਰੇ ਗਏ ਸਨ ਜਦਕਿ ਕਈ ਜ਼ਖ਼ਮੀ ਹੋਏ ਸਨ। ਇਸ ਕਾਰਨ ਸਰਕਾਰ ਨੂੰ 22 ਜ਼ਿਲ੍ਹਿਆਂ ਵਿਚ ਨੀਮ ਸੁਰੱਖਿਆਂ ਬਲਾਂ ਦੀ ਤਾਇਨਾਤੀ ਕਰਨੀ ਪਈ ਸੀ। ਕਾਨੂੰਨੀ ਅਧਿਕਾਰ ਸਮੂਹ ਏਨ-ਓ-ਸਲੀਸ਼ ਕੇਂਦਰ ਦੀ ਇਕ ਰਿਪੋਰਟ ਮੁਤਾਬਕ, ਜਨਵਰੀ 2013 ਤੋਂ ਸਤੰਬਰ 2021 ਵਿਚਾਲੇ ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ’ਤੇ 3679 ਹਮਲੇ ਕੀਤੇ ਗਏ।

Comment here