ਖਬਰਾਂ

ਬੜੂ ਸਾਹਿਬ ਦੇ ਮੁੱਖ ਸੇਵਾਦਾਰ ਸ਼੍ਰੋਮਣੀ ਪੰਥ ਰਤਨ ਇਕਬਾਲ ਸਿੰਘ ਨਹੀਂ ਰਹੇ

ਹਾਲ ਹੀ ਚ ਪਦਮਸ੍ਰੀ ਲਈ ਹੋਏ ਸੀ ਸੂਚੀਬੱਧ

ਪ੍ਰਧਾਨ ਮੰਤਰੀ ਨੇ ਜਤਾਇਆ ਅਫਸੋਸ

ਬੜੂ ਸਾਹਿਬ-ਸਿੱਖ ਹਲਕਿਆਂ ਵਿੱਚ ਉਸ ਵੇਲੇ ਸੋਗ ਦੀ ਲਹਿਰ ਪੱਸਰ ਗਈ, ਜਦ ਖਬਰ ਆਈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਮੁੱਖ ਪ੍ਰਬੰਧਕ ਗੁਰਦੁਆਰਾ ਜਨਮ ਅਸਥਾਨ ਚੀਮਾ ਸਦੀਵੀ ਵਿਛੋੜਾ ਦੇ ਗਏ। ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਬਾਬਾ ਇਕਬਾਲ ਸਿੰਘ ਬੀਤੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 30 ਜਨਵਰੀ ਨੂੰ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ’ਚ ਦੁਪਹਿਰ ਇੱਕ ਵਜੇ ਹੋਵੇਗਾ। ਉਨ੍ਹਾਂ ਦੇ ਦੇਹਾਂਤ ’ਤੇ ਚੀਮਾ ਮੰਡੀ ਇਲਾਕੇ ਦੇ ਲੋਕਾਂ ਨੇ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਦਮ ਸ਼੍ਰੀ ਬਾਬਾ ਇਕਬਾਲ ਸਿੰਘ ਦਾ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਬੜੂ ਸਾਹਿਬ ਵਿਖੇ ਦੇਹਾਂਤ ਹੋ ਗਿਆ। ਉਹ 96 ਸਾਲ ਦੇ ਸਨ। ਹਾਲ ਹੀ ਵਿੱਚ ਬਾਬਾ ਇਕਬਾਲ ਸਿੰਘ ਦਾ ਨਾਮ ਉਹਨਾਂ ਦੇ ਸਮਾਜਿਕ ਕਾਰਜਾਂ ਲਈ ਭਾਰਤ ਸਰਕਾਰ ਦੁਆਰਾ ਪਦਮ ਪੁਰਸਕਾਰ 2022 ਦੇ ਤਹਿਤ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕਰਨ ਲਈ ਸੂਚੀਬੱਧ ਕੀਤਾ ਗਿਆ ਸੀ। ਬਾਬਾ ਇਕਬਾਲ ਸਿੰਘ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਹ ਪਿਛਲੇ ਇੱਕ ਮਹੀਨੇ ਤੋਂ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਸ਼ੁੱਕਰਵਾਰ ਨੂੰ ਬੜੂ ਸਾਹਿਬ ਪਹੁੰਚ ਗਏ। ਬਾਅਦ ਵਿੱਚ ਸ਼ਨੀਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਿਕ ਕਾਰਕੁਨ ਅਤੇ ਪਦਮ ਸ਼੍ਰੀ ਐਵਾਰਡੀ ਬਾਬਾ ਇਕਬਾਲ ਸਿੰਘ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਬਾਬਾ ਇਕਬਾਲ ਸਿੰਘ ਜੀ ਦੀ ਮੌਤ ਤੋਂ ਦੁਖੀ ਹਾਂ। ਨੌਜਵਾਨਾਂ ਵਿੱਚ ਸਿੱਖਿਆ ਨੂੰ ਵਧਾਉਣ ਲਈ ਉਨ੍ਹਾਂ ਦੇ ਯਤਨਾਂ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਸਮਾਜਿਕ ਸਸ਼ਕਤੀਕਰਨ ਨੂੰ ਅੱਗੇ ਵਧਾਉਣ ਲਈ ਅਣਥੱਕ ਕੰਮ ਕੀਤਾ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਸੰਵੇਦਨਾ ਹੈ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਦੁੱਖ ਦਾ ਪ੍ਰਗਟਾਵਾ

ਸਿੱਖਿਆ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਅ ਰਹੀਆਂ ਅਕਾਲ ਅਕੈਡਮੀਆਂ ਦੇ ਸੰਸਥਾਪਕ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਛੜੀ ਆਤਮਾ ਨੂੰ ਸ਼ਰਧਾਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਇਕਬਾਲ ਸਿੰਘ ਕਰੜੀ ਘਲਾਣਾ ਦੁਆਰਾ ਸਿੱਖਿਆ ਦੇ ਪਾਸਾਰ ਲਈ ਮਾਰਗ ਦਰਸ਼ਨ ਬਣੇ। ਉਨ੍ਹਾਂ ਨੇ ਅਕਾਲ ਅਕੈਡਮੀਆਂ ਦੀ ਲੜੀ ਚਲਾ ਕੇ ਪੱਛੜੇ ਇਲਾਕਿਆਂ ਤੱਕ ਵਿਦਿਆ ਦਾ ਚਾਨਣ ਵੰਡਣ ਲਈ ਪਹੁੰਚ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਇਕਬਾਲ ਸਿੰਘ ਵੱਲੋਂ ਚਲਾਈਆਂ ਅਕੈਡਮੀਆਂ ਵਿਚ ਸਿੱਖਿਆ ਲੈ ਰਹੇ ਵਿਦਿਆਰਥੀਆਂ ਨੂੰ ਸਿੱਖੀ ਬਾਰੇ ਪਹਿਲ ਦੇ ਅਧਾਰ ’ਤੇ ਜਾਣਕਾਰੀ ਦਿੱਤੀ ਜਾਂਦੀ ਹੈ, ਜੋ ਉਨ੍ਹਾਂ ਦੀ ਪੰਥਕ ਭਾਵਨਾ ਨੂੰ ਪ੍ਰਗਟ ਕਰਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬਾਬਾ ਇਕਬਾਲ ਸਿੰਘ ਦੇ ਚਲਾਣੇ ਨਾਲ ਸਿੱਖ ਪੰਥ ਇਕ ਪ੍ਰਬੁੱਧ ਰੂਹ ਤੋਂ ਵਾਂਝਾ ਹੋ ਗਿਆ ਹੈ। ਇਸੇ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀਆਂ ਲਾਸਾਨੀ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਸਿਰੜੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਕਾਰਜ ਕੀਤੇ। ਅਜਿਹੀ ਸ਼ਖ਼ਸੀਅਤ ਦਾ ਸੰਸਾਰ ਤੋਂ ਤੁਰ ਜਾਣਾ ਇਕ ਵੱਡਾ ਪੰਥਕ ਘਾਟਾ ਹੈ।

Comment here