ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਬ੍ਰਿਟੇਨ ਚ ਓਮੀਕ੍ਰੋਨ ਨਾਲ ਮੌਤ, ਬੂਸਟਰ ਡੋਜ਼ ਲਈ ਲੱਗੀ ਭੀੜ

ਲੰਡਨ-ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਕਾਰਨ ਬਰਤਾਨੀਆ ’ਚ ਵਿਸ਼ਵ ਦੀ ਪਹਿਲੀ ਮੌਤ ਹੋਈ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਦੀ ਪੁਸ਼ਟੀ ਕੀਤੀ। ਨਵੇਂ ਵੇਰੀਐਂਟ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ’ਚ ਵੀ ਤੇਜ਼ੀ ਆਈ ਹੈ ਜਿਸ ਤੋਂ ਬਾਅਦ ਟੀਕਾ ਕੇਂਦਰਾਂ ’ਤੇ ਬੂਸਟਰ ਡੋਜ਼ ਲਗਵਾਉਣ ਲਈ ਲੋਕਾਂ ਦੀ ਭੀੜ ਉਮੜਣ ਲੱਗੀ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਵੀ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਪੱਛਮੀ ਲੰਡਨ ’ਚ ਇਕ ਟੀਕਾਕਰਨ ਕੇਂਦਰ ਦੇ ਦੌਰ ਦੌਰਾਨ ਪੀਐੱਮ ਜੌਨਸਨ ਨੇ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਓਮੀਕ੍ਰੋਨ ਤੋਂ ਹਲਕੀ ਇਨਫੈਕਸ਼ਨ ਨੂੰ ਦੇਖਦੇ ਹੋਏ ਉਹ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ। ਉਨ੍ਹਾਂ ਓਮੀਕ੍ਰੋਨ ਦੇ ਪ੍ਰਸਾਰ ਨੂੰ ਰੋਕਣ ਲਈ ਸਖ਼ਤ ਪਾਬੰਦੀਆਂ ਲਗਾਉਣ ਦੀਆਂ ਸੰਭਾਵਨਾਵਾਂ ਨੂੰ ਵੀ ਖ਼ਾਰਜ ਕੀਤਾ ਹੈ। ਜੌਨਸਨ ਨੇ ਕਿਹਾ, ‘ਅਫਸੋਸ ਦੀ ਗੱਲ ਹੈ ਕਿ ਹਸਪਤਾਲਾਂ ’ਚ ਓਮੀਕ੍ਰੋਨ ਦੀ ਲਪੇਟ ’ਚ ਆਉਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਤੇ ਇਹ ਵੀ ਦੁੱਖ ਦੀ ਗੱਲ ਹੈ ਕਿ ਵੇਰੀਐਂਟ ਕਾਰਨ ਇਕ ਮਰੀਜ਼ ਦੀ ਮੌਤ ਹੋਈ ਹੈ।’ ਓਮੀਕ੍ਰੋਨ ਦੇ ਪ੍ਰਸਾਰ ਨੂੰ ਰੋਕਣ ਲਈ ਸਖ਼ਤ ਉਪਾਅ ਨਾ ਕਰਨ ’ਤੇ ਬਰਤਾਨੀਆ ’ਚ ਅਪ੍ਰੈਲ ਤਕ ਇਸ ਕਾਰਨ 75,000 ਤਕ ਮੌਤਾਂ ਦੀ ਚਿਤਾਵਨੀ ਦਿੱਤੀ ਗਈ ਹੈ।
ਦੂੁਜੇ ਪਾਸੇ, ਓਮੀਕ੍ਰੋਨ ਦੀ ਲਪੇਟ ’ਚ ਆਏ ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ ਨੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾਈਆਂ ਸਨ। ਸੋਮਵਾਰ ਨੂੰ ਕੇਪਟਾਊਨ ’ਚ ਸਾਬਕਾ ਰਾਸ਼ਟਰਪਤੀ ਐੱਫਡਬਲਯੂ ਡੀ ਕਲਾਰਕ ਦੇ ਸਨਮਾਨ ’ਚ ਕਰਵਾਏ ਪ੍ਰੋਗਰਾਮ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਇਨਫੈਕਟਿਡ ਪਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਡਾਕਟਰ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੇ ਹਨ।
ਰੂਸ ’ਚ ਓਮੀਕ੍ਰੋਨ ਦੇ 165 ਨਵੇਂ ਕੇਸ ਪਾਏ ਗਏ ਹਨ। ਇਹ ਸਾਰੇ ਹਾਲ ਹੀ ’ਚ ਦੱਖਣੀ ਅਫਰੀਕਾ ਤੋਂ ਪਰਤੇ ਸਨ। ਚੀਨ ’ਚ ਵੀ ਓਮੀਕ੍ਰੋਨ ਦਾ ਪਹਿਲਾ ਕੇਸ ਮਿਲਿਆ ਹੈ। ਕਰਾਚੀ ’ਚ 57 ਸਾਲ ਦੀ ਔਰਤ ਦੀ ਇਸ ਦੀ ਲਪੇਟ ’ਚ ਆਉਣ ਦੀ ਪੁਸ਼ਟੀ ਹੋਈ ਹੈ।

Comment here