‘ਬ੍ਰਿਕਸ’ ਭਾਵ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਅਤੇ ਸਾਊਥ ਅਫਰੀਕਾ! ਇਨ੍ਹਾਂ ਦੇਸ਼ਾਂ ਦੇ ਨਾਂ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਇਸ ਕੌਮਾਂਤਰੀ ਸੰਗਠਨ ਦਾ ਨਾਂ ਰੱਖਿਆ ਗਿਆ ਹੈ। ਇਸ ਦਾ 14ਵਾਂ ਸਿਖਰ ਸੰਮੇਲਨ ਇਸ ਵਾਰ ਪੇਈਚਿੰਗ ’ਚ ਹੋਇਆ ਕਿਉਂਕਿ ਅੱਜਕਲ ਚੀਨ ਇਸ ਦਾ ਮੁਖੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ’ਚ ਹਿੱਸਾ ਲੈਣ ਲਈ ਚੀਨ ਨਹੀਂ ਗਏ ਪਰ ਇਸ ’ਚ ਉਨ੍ਹਾਂ ਨੇ ਦਿੱਲੀ ’ਚ ਬੈਠੇ-ਬੈਠੇ ਹੀ ਹਿੱਸਾ ਲਿਆ।
ਉਨ੍ਹਾਂ ਦੇ ਚੀਨ ਨਾ ਜਾਣ ਦਾ ਕਾਰਨ ਦੱਸਣ ਦੀ ਲੋੜ ਨਹੀਂ ਹੈ। ਹਾਲਾਂਕਿ ਗਲਵਾਨ-ਵਿਵਾਦ ਦੇ ਬਾਵਜੂਦ ਚੀਨ-ਭਾਰਤ ਵਪਾਰ ’ਚ ਇਧਰ ਕਾਫੀ ਵਾਧਾ ਹੋਇਆ ਹੈ। ਬ੍ਰਿਕਸ ਦੇ ਇਸ ਸੰਗਠਨ ’ਚ ਭਾਰਤ ਇਕੱਲਾ ਅਜਿਹਾ ਰਾਸ਼ਟਰ ਹੈ ਜੋ ਦੋਵਾਂ ਮਹਾਸ਼ਕਤੀਆਂ ਲਈ ਨਵੇਂ ਗਠਜੋੜਾਂ ਦਾ ਮੈਂਬਰ ਹੈ। ਭਾਰਤ ਉਸ ਚੌਕੜੇ ਦਾ ਮੈਂਬਰ ਹੈ ਜਿਸ ’ਚ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਵੀ ਸ਼ਾਮਲ ਹਨ ਅਤੇ ਉਸ ਨਵੇਂ ਚੌਕੜੇ ਦਾ ਵੀ ਮੈਂਬਰ ਹੈ ਜਿਸ ’ਚ ਅਮਰੀਕਾ, ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਮੈਂਬਰ ਹਨ।
ਚੀਨ ਖੁੱਲ੍ਹੇਆਮ ਕਹਿੰਦਾ ਹੈ ਕਿ ਇਹ ਦੋਵੇਂ ਧੜੇ ਸੀਤਜੰਗ-ਮਾਨਸਿਕਤਾ ਦੇ ਪ੍ਰਤੀਕ ਹਨ। ਇਹ ਅਮਰੀਕਾ ਨੇ ਇਸ ਲਈ ਬਣਾਏ ਹਨ ਕਿ ਉਸ ਨੇ ਚੀਨ ਅਤੇ ਰੂਸ ਦੇ ਵਿਰੁੱਧ ਥਾਂ-ਥਾਂ ਮੋਰਚੇ ਖੜ੍ਹੇ ਕਰਨੇ ਹਨ। ਇਹ ਗੱਲ ਚੀਨੀ ਨੇਤਾ ਸ਼ੀ ਜਿਨਪਿੰਗ ਨੇ ਬ੍ਰਿਕਸ ਦੇ ਇਸ ਸਿਖਰ ਸੰਮੇਲਨ ’ਚ ਵੀ ਦੁਹਰਾਈ ਹੈ ਪਰ ਭਾਰਤ ਦਾ ਵਤੀਰਾ ਬਿਲਕੁਲ ਦਰਮਿਆਨਾ ਹੈ। ਉਹ ਨਾ ਤਾਂ ਯੂਕ੍ਰੇਨ ਦੇ ਸਵਾਲ ’ਤੇ ਰੂਸ ਅਤੇ ਚੀਨ ਦਾ ਪੱਖ ਲੈਂਦਾ ਹੈ ਅਤੇ ਨਾ ਹੀ ਅਮਰੀਕਾ ਦਾ। ਇਸ ਸਿਖਰ ਸੰਮੇਲਨ ’ਚ ਵੀ ਉਸ ਨੇ ਰੂਸ ਅਤੇ ਯੂਕ੍ਰੇਨ ’ਚ ਗੱਲਬਾਤ ਦੇ ਰਾਹੀਂ ਸਾਰੇ ਵਿਵਾਦ ਨੂੰ ਹੱਲ ਕਰਨ ਦੀ ਗੱਲ ਕਹੀ ਹੈ, ਜਿਸ ਨੂੰ ਸਾਂਝੇ ਬਿਆਨ ’ਚ ਵੀ ਉਚਿਤ ਸਥਾਨ ਮਿਲਿਆ ਹੈ।
ਇਸੇ ਤਰ੍ਹਾਂ ਮੋਦੀ ਨੇ ਬ੍ਰਿਕਸ ਰਾਸ਼ਟਰਾਂ ਦਰਮਿਆਨ ਵਧਦੇ ਹੋਏ ਆਪਸੀ ਸਹਿਯੋਗ ਦੀਆਂ ਨਵੀਆਂ ਪਹਿਲਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਜਿਸ ਗੱਲ ’ਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ ਉਹ ਹੈ- ਇਨ੍ਹਾਂ ਰਾਸ਼ਟਰਾਂ ਦੀ ਜਨਤਾ ਦਾ ਜਨਤਾ ਨਾਲ ਸਿੱਧਾ ਸਬੰਧ। ਇਸ ਮਾਮਲੇ ’ਚ ਭਾਰਤ ਦੇ ਗੁਆਂਢੀ ਸਾਰਕ ਦੇਸ਼ਾਂ ਦਾ ਹੀ ਕੋਈ ਪ੍ਰਭਾਵਸ਼ਾਲੀ ਖੁਦਮੁਖਤਾਰ ਸੰਗਠਨ ਨਹੀਂ ਹੈ ਤਾਂ ਬ੍ਰਿਕਸ ਅਤੇ ਚੌਕੜੇ ਦੇਸ਼ਾਂ ਦੀ ਜਨਤਾ ਦੇ ਸਿੱਧੇ ਸੰਪਰਕਾਂ ਦਾ ਕੀ ਕਹਿਣਾ? ਮੇਰੀ ਕੋਸ਼ਿਸ਼ ਹੈ ਕਿ ਜਲਦੀ ਹੀ ਭਾਰਤ ਦੇ 16 ਗੁਆਂਢੀ ਰਾਸ਼ਟਰਾਂ ਦਾ ਸੰਗਠਨ ਪੀਪਲਸ ਸਾਰਕ ਦੇ ਨਾਂ ਨਾਲ ਖੜ੍ਹਾ ਕੀਤਾ ਜਾ ਸਕੇ। ਬ੍ਰਿਕਸ ਦੇ ਸਾਂਝੇ ਬਿਆਨ ’ਚ ਅੱਤਵਾਦ ਦਾ ਵਿਰੋਧ ਵੀ ਸਪੱਸ਼ਟ ਸ਼ਬਦਾਂ ’ਚ ਕੀਤਾ ਗਿਆ ਅਤੇ ਅਫਗਾਨਿਸਤਾਨ ਦੀ ਮਦਦ ਦਾ ਵੀ ਸੱਦਾ ਦਿੱਤਾ ਗਿਆ ਹੈ। ਕਿਸੇ ਹੋਰ ਦੇਸ਼ ਵੱਲੋਂ ਉੱਥੇ ਅੱਤਵਾਦ ਨੂੰ ਪੈਦਾ ਕਰਨਾ ਵੀ ਅਣਉਚਿਤ ਦੱਸਿਆ ਗਿਆ ਹੈ।
ਚੀਨ ਨੇ ਇਸ ਪਾਕਿਸਤਾਨ-ਵਿਰੋਧੀ ਵਿਚਾਰ ਨੂੰ ਸਾਂਝੇ ਬਿਆਨ ’ਚ ਜਾਣ ਦਿੱਤਾ ਹੈ, ਇਹ ਭਾਰਤ ਦੀ ਸਫਲਤਾ ਹੈ। ਬ੍ਰਿਕਸ ਦੇ ਮੈਂਬਰਾਂ ’ਚ ਕਈ ਮਤਭੇਦ ਹਨ ਪਰ ਉਨ੍ਹਾਂ ਨੂੰ ਸਾਂਝੇ ਬਿਆਨ ’ਚ ਕੋਈ ਥਾਂ ਨਹੀਂ ਮਿਲੀ। ਬ੍ਰਿਕਸ ’ਚ ਕੁਝ ਨਵੇਂ ਰਾਸ਼ਟਰ ਵੀ ਜੁੜਣਾ ਚਾਹੁੰਦੇ ਹਨ। ਜੇਕਰ ਬ੍ਰਿਕਸ ਦੀ ਮੈਂਬਰੀ ਕਾਰਨ ਚੀਨ ਅਤੇ ਭਾਰਤ ਦੇ ਵਿਵਾਦ ਸੁਲਝ ਸਕਣ ਤਾਂ ਇਹ ਦੁਨੀਆ ਦਾ ਵੱਡਾ ਤਾਕਤਵਰ ਸੰਗਠਨ ਬਣ ਸਕਦਾ ਹੈ ਕਿਉਂਕਿ ਇਸ ’ਚ ਦੁਨੀਆ ਦੇ 41 ਫੀਸਦੀ ਲੋਕ ਰਹਿੰਦੇ ਹਨ। ਇਸ ਦੀ ਕੁਲ ਜੀ.ਡੀ.ਪੀ. 24 ਫੀਸਦੀ ਹੈ ਅਤੇ ਦੁਨੀਆ ਦਾ 16 ਫੀਸਦੀ ਵਪਾਰ ਵੀ ਇਨ੍ਹਾਂ ਰਾਸ਼ਟਰਾਂ ਰਾਹੀਂ ਹੁੰਦਾ ਹੈ।
ਬ੍ਰਿਕਸ ਚੌਕੜੇ ’ਚ ਨਵੇਂ ਰਾਸ਼ਟਰ ਵੀ ਜੁੜਣਾ ਚਾਹੁੰਦੇ ਨੇ
–ਡਾ. ਵੇਦਪ੍ਰਤਾਪ ਵੈਦਿਕ
Comment here