ਸਿਆਸਤਖਬਰਾਂਦੁਨੀਆ

ਬੋਲੀਵੀਆ ਦੀ ਸੰਸਦ ‘ਚ ਮਹਿਲਾ ਮੈਂਬਰਾਂ ਵਿਚਾਲੇ ਚੱਲੇ ਲੱਤਾਂ-ਮੁੱਕੇ

ਬੋਲੀਵੀਆ-ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੀ ਸੰਸਦ ‘ਚ ਮੰਗਲਵਾਰ ਨੂੰ ਭਾਰੀ ਹੰਗਾਮਾ ਹੋਇਆ। ਸੰਸਦ ‘ਚ ਮਹਿਲਾ ਸੰਸਦ ਮੈਂਬਰਾਂ ਵਿਚਾਲੇ ਲੱਤਾਂ-ਮੁੱਕੇ ਚੱਲੇ। ਇਸ ਦੌਰਾਨ ਮਹਿਲਾ ਸੰਸਦ ਮੈਂਬਰਾਂ ਦੇ ਵਾਲ ਤੱਕ ਪੁੱਟੇ ਗਏ। ਇਹ ਘਟਨਾ ਅੰਤਰਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ‘ਚ ਆ ਗਈ ਹੈ। ਖ਼ਬਰਾਂ ਮੁਤਾਬਕ ਸੱਤਾਧਾਰੀ ਪਾਰਟੀ ਦੇ ਮੰਤਰੀ ਐਡੁਆਰਡੋ ਡੇਲ ਕੈਸਟੀਲੋ ਦਸੰਬਰ ਵਿੱਚ ਸਾਂਤਾ ਕਰੂਜ਼ ਖੇਤਰ ਦੇ ਗਵਰਨਰ ਲੁਈਸ ਫਰਨਾਂਡੋ ਕੈਮਾਚੋ ਦੀ ਗ੍ਰਿਫ਼ਤਾਰੀ ‘ਤੇਇਕ ਰਿਪੋਰਟ ਪੇਸ਼ ਕਰ ਰਹੇ ਸਨ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾਵਾਂ ਨੇ ਸੰਸਦ ‘ਚ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਵਿਰੋਧੀ ਨੇਤਾਵਾਂ ਨੇ ਮੰਤਰੀ ਕੈਸਟੀਲੋ ਦੀਆਂ ਤਸਵੀਰਾਂ ਵਾਲੇ ਬੈਨਰ ਵੀ ਦਿਖਾਏ, ਜਿਨ੍ਹਾਂ ‘ਤੇ ਮੰਤਰੀ ਕੈਸਟੀਲੋ ਵਿਰੁੱਧ ਨਾਅਰੇ ਲਿਖੇ ਹੋਏ ਸਨ। ਇਹ ਦੇਖ ਕੇ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਬੈਨਰ ਪਾੜਨੇ ਸ਼ੁਰੂ ਕਰ ਦਿੱਤੇ। ਦੇਖਦਿਆਂ ਹੀ ਦੇਖਦਿਆਂ ਕਰੀਬ 20 ਸੰਸਦ ਮੈਂਬਰ ਆਪਸ ‘ਚ ਭਿੜ ਗਏ। ਇਸ ਤੋਂ ਪਹਿਲਾਂ ਸੰਸਦ ‘ਚ ਮੰਤਰੀ ਐਡੁਆਰਡੋ ਡੇਲ ਕਾਸਤੀਲੋ ਨੇ ਸਾਂਤਾ ਕਰੂਜ਼ ਖੇਤਰ ਦੇ ਗਵਰਨਰ ਅਤੇ ਵਿਰੋਧੀ ਧਿਰ ਦੇ ਨੇਤਾ ਲੁਈਸ ਫਰਨਾਂਡੋ ਕੈਮਾਚੋ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਇਆ ਸੀ। ਜਦੋਂ ਵਿਰੋਧੀ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਡੇਲ ਕੈਸਟੀਲੋ ਨੇ ਉਨ੍ਹਾਂ ਨੂੰ ਕੱਟੜਪੰਥੀ ਤੇ ਹਿੰਸਕ ਕਿਹਾ। ਇਸ ਤੋਂ ਬਾਅਦ ਵਿਵਾਦ ਵਧਦਾ ਗਿਆ। ਵਿਰੋਧੀ ਧਿਰ ਦੇ ਆਗੂਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਦੇਸ਼ ਵਿੱਚ ਸਿਆਸੀ ਕੈਦੀ ਹਨ ਤਾਂ ਉੱਥੇ ਲੋਕਤੰਤਰ ਹੈ ਹੀ ਨਹੀਂ। ਇਹ ਝਗੜਾ ਉਦੋਂ ਰੁਕਿਆ ਜਦੋਂ ਲੜਾਈ ਵਿੱਚ ਕਈ ਸੰਸਦ ਮੈਂਬਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਮੀਟਿੰਗ ਬਿਨਾਂ ਕਿਸੇ ਨਤੀਜੇ ਦੇ ਹੀ ਸਮਾਪਤ ਕਰ ਦਿੱਤੀ ਗਈ।

Comment here