ਸਿਆਸਤਖਬਰਾਂਚਲੰਤ ਮਾਮਲੇ

ਬੈਂਸ ਨੇ ਸਕੂਲ ਦੀ ਸਥਿਤੀ ਜਾਣਨ ਲਈ ਵਿਦਿਆਰਥੀਆਂ ਨੂੰ ਲਿਆਂਦਾ ਸਕੱਤਰੇਤ

ਚੰਡੀਗੜ੍ਹ-ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਸਕੂਲ ਦੀ ਮਾੜੀ ਸਥਿਤੀ ਨੂੰ ਦੇਖ ਕੇ ਉਨ੍ਹਾਂ ਨਰਾਜਗੀ ਦਾ ਪ੍ਰਗਟਾਵਾ ਕੀਤਾ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਦੀ ਸਹੀ ਸਥਿਤੀ ਜਾਨਣ ਲਈ ਆਪਣਾ ਦੌਰਾ ਵਿਚਕਾਰ ਹੀ ਛੱਡ ਕੇ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਨਾਲ ਸਿਵਲ ਸਕੱਤਰੇਤ ਵਿਖੇ ਲਿਆਂਦਾ ਗਿਆ ਅਤੇ ਉਨ੍ਹਾਂ ਤੋਂ ਬਾਥਰੂਮਾਂ ਦੀ ਸਥਿਤੀ, ਪੜ੍ਹਾਈ ਦੀ ਸਥਿਤੀ, ਵਰਦੀਆਂ ਸਬੰਧੀ, ਕਿਤਾਬਾਂ ਸਬੰਧੀ, ਟੈਸਟਾਂ ਬਾਰੇ, ਸਿਲੇਬਸ ਤੇ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਸਹਿ ਵਿਦਿਅਕ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲਾਂ ਦੇ ਕਮਰਿਆਂ ਵਿੱਚ ਰੋਸ਼ਨੀ ਦਾ ਸਹੀ ਪ੍ਰਬੰਧ ਨਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਲੈਬਾਂ ਵਿੱਚ ਪ੍ਰਯੋਗ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਨੇ ਹੋਰ ਸਮੱਸਿਆਵਾਂ ਦੱਸਦੇ ਹੋਏ ਦੱਸਿਆ ਕਿ ਬਰਸਾਤ ਦੇ ਦਿਨ੍ਹਾਂ ਵਿੱਚ ਗੇਟ ਦੇ ਅੱਗੇ ਬਹੁਤ ਪਾਣੀ ਇੱਕਠਾ ਹੋ ਜਾਂਦਾ ਹੈ ਜਿਸ ਕਾਰਨ ਸਕੂਲ ਆਉਣ ਜਾਣ ਵਿੱਚ ਭਾਰੀ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਛੁੱਟੀ ਸਮੇਂ ਅਤੇ ਸਵੇਰ ਦੇ ਸਮੇਂ ਸਕੂਲ ਦੇ ਮੁੱਖ ਗੇਟ ਸਾਹਮਣੇ ਬਹੁਤ ਜਿਆਦਾ ਆਵਾਜਾਈ ਹੋਣ ਕਾਰਨ ਵੀ ਦਿੱਕਤਾਂ ਪੇਸ਼ ਆਉਦੀਆਂ ਹਨ। ਇਥੇ ਇਹ ਦੱਸਣਯੋਗ ਹੈ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚ 3300 ਦੇ ਕਰੀਬ ਵਿਦਿਆਰਥੀ ਨੂੰ 2 ਸਿਫਟਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ।
ਵਿਦਿਆਰਥੀਆਂ ਤੋਂ ਜਾਣਕਾਰੀ ਹਾਸਿਲ ਕਰਨ ਉਪਰੰਤ ਸਕੂਲ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਤੁਰੰਤ ਮੀਟਿੰਗ ਸੱਦੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਸਾਰੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ. ਹਰਜੋਤ ਸਿੰਘ ਬੈਂਸ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਕੁੱਝ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿਤਾਬਾਂ ਆਦਿ ਨਾ ਮਿਲਣ ਬਾਰੇ ਜਾਂਚ ਕਰਕੇ ਸਬੰਧਤ ਜਿੰਮੇਵਾਰ ਅਧਿਆਪਕਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Comment here