ਅਪਰਾਧਸਿਆਸਤਖਬਰਾਂ

ਬੈਂਸ ਤੇ ਕੁਕਰਮ ਦੇ ਦੋਸ਼ ਲਾਉਣ ਵਾਲੀ ਮੁੱਕਰੀ

ਕਹਿੰਦੀ-ਕਾਂਗਰਸੀ ਆਗੂ ਕੜਵਲ ਤੇ ਪ੍ਰਿੰਕਲ ਦੇ ਕਹਿਣ ’ਤੇ ਕੀਤਾ

ਲੁਧਿਆਣਾ- ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ’ਤੇ ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਦੂਸਰੀ ਔਰਤ ਆਪਣੇ ਬਿਆਨਾਂ ਤੋਂ ਪਿੱਛੇ ਹਟ ਗਈ ਹੈ। ਉਸ ਦਾ ਦਾਅਵਾ ਹੈ ਕਿ ਉਸ ਨੇ ਇਸ ਸਬੰਧ ਵਿਚ ਪੁਲਿਸ ਤੇ ਅਦਾਲਤ ’ਚ ਲਿਖਤੀ ਰੂਪ ’ਚ ਦੇ ਦਿੱਤਾ ਹੈ ਪਰ ਇਸ ਦੇ ਨਾਲ ਹੀ ਉਸ ਨੇ ਇਕ ਵੱਡਾ ਬਿਆਨ ਦੇ ਕੇ ਜ਼ਿਲ੍ਹੇ ਦੀ ਸਿਆਸਤ ਵਿਚ ਖਲਬਲੀ ਮਚਾ ਦਿੱਤੀ ਹੈ। ਉਸ ਦਾ ਦੋਸ਼ ਹੈ ਕਿ ਉਸ ਨੇ ਵਿਧਾਇਕ ਬੈਂਸ ਖ਼ਿਲਾਫ਼ ਜੋ ਕੁਝ ਵੀ ਕੀਤਾ, ਉਹ ਕਾਂਗਰਸੀ ਆਗੂ ਕੰਵਲਜੀਤ ਸਿੰਘ ਕੜਵਲ ਅਤੇ ਉਸ ਦੇ ਸਾਥੀ ਪ੍ਰਿੰਕਲ ਦੇ ਦਬਾਅ ’ਚ ਆ ਕੇ ਕੀਤਾ ਸੀ। ਦੋਵੇਂ ਉਸ ਦੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਤੋਂ ਉਹ ਸਭ ਕਰਵਾਉਂਦੇ ਰਹੇ, ਜਿਵੇਂ ਉਹ ਚਾਹੁੰਦੇ ਸਨ। ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਔਰਤ ਨੇ ਦੱਸਿਆ ਕਿ 28 ਦਸੰਬਰ 2020 ਨੂੰ ਸਿੰਘੂ ਬਾਰਡਰ ’ਤੇ ਉਸ ਦੀ ਪ੍ਰਿੰਕਲ ਨਾਲ ਮੁਲਾਕਾਤ ਹੋਈ ਸੀ ਜਿੱਥੇ ਉਸ ਨੇ ਉਸ ਨਾਲ ਨਜ਼ਦੀਕੀਆਂ ਵਧਾ ਕੇ ਉਸ ਨੂੰ ਆਪਣੀ ਭੈਣ ਬਣਾ ਲਿਆ। ਸਾਜ਼ਿਸ਼ ਤਹਿਤ ਉਸ ਦਾ ਫੋਨ ਆਪਣੇ ਕਬਜ਼ੇ ਵਿਚ ਲੈ ਲਿਆ। ਉਸ ਦੇ ਬਦਲੇ ’ਚ ਉਸ ਨੂੰ ਐਂਡਰਾਇਡ ਫੋਨ ਦੇ ਦਿੱਤਾ ਜਿਸ ਦੀ ਹਰ ਗੱਲ ਦੀ ਰਿਕਾਰਡਿੰਗ ਉਨ੍ਹਾਂ ਕੋਲ ਹੁੰਦੀ ਸੀ। ਉਸ ਦੇ ਫੋਨ ਦਾ ਸਾਰਾ ਡਾਟਾ ਉਨ੍ਹਾਂ ਲੋਕਾਂ ਨੇ ਆਪਣੇ ਕੋਲ ਸੇਵ ਕਰ ਲਿਆ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਸ ਦੇ ਬੱਚੇ ਵਿਦੇਸ਼ ’ਚ ਹਨ। ਉਸ ਦੇ ਕੁਝ ਸਮੇਂ ਬਾਅਦ ਪ੍ਰਿੰਕਲ ਨਾਲ ਉਸ ਦੇ ਘਰ ਆਏ ਕੰਵਲਜੀਤ ਸਿੰਘ ਕੜਵਲ ਨੇ ਉਸ ਨੂੰ ਧਮਕਾਇਆ ਕਿ ਉਹ ਵਿਦੇਸ਼ ’ਚ ਬੈਠੇ ਉਸ ਦੇ ਬੱਚਿਆਂ ਦਾ ਕੋਈ ਵੀ ਨੁਕਸਾਨ ਕਰ ਸਕਦਾ ਹੈ। ਜੇ ਉਹ ਉਸ ਦੀ ਗੱਲ ਮੰਨ ਲਵੇ ਤਾਂ ਉਸ ਦੇ ਬੱਚੇ ਸੁਰੱਖਿਅਤ ਰਹਿਣਗੇ। ਆਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਉਸ ਨੇ ਆਪਣੇ ਫੋਨ ਤੋਂ ਆਈਐੱਸਡੀ ਕਾਲ ਕਰਕੇ ਦੂਸਰੇ ਪਾਸਿਆਂ ਗੱਲ ਕਰਨ ਵਾਲੇ ਤੋਂ ਔਰਤ ਦੇ ਬੱਚਿਆਂ ਦਾ ਹਾਲ-ਚਾਲ ਪੁੱਛਿਆ। ਉਸ ਦੀਆਂ ਗੱਲਾਂ ਤੋਂ ਡਰੀ ਔਰਤ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋ ਗਈ। ਉਸ ਦਾ ਦੋਸ਼ ਹੈ ਕਿ ਪੁਲਿਸ ਕਮਿਸ਼ਨਰ ਨੂੰ ਉਸ ਦੀ ਮੇਲ ਆਈਡੀ ਤੋਂ ਕੜਵਲ ਨੇ ਹੀ ਮੇਲ ਭੇਜੀ ਸੀ। ਉਸ ਤੋਂ ਬਾਅਦ ਉਸ ਵੱਲੋਂ ਜੋ ਵੀ ਬਿਆਨ ਦਿੱਤੇ ਗਏ, ਉਸ ਦੀ ਸਕ੍ਰਿਪਟ ਉਹ ਹੀ ਲੋਕ ਤਿਆਰ ਕਰਦੇ ਸਨ। ਉਸ ਨੇ ਦੱਸਿਆ ਕਿ ਉਸ ਨੇ ਕੁਝ ਲੋਕਾਂ ਦੇ ਪੈਸੇ ਦੇਣੇ ਸਨ ਜਿਸ ਦੇ ਬਦਲੇ ’ਚ ਉਸ ਨੇ ਉਨ੍ਹਾਂ ਨੂੰ ਚੈੱਕ ਦਿੱਤੇ ਹੋਏ ਸਨ। ਕੜਵਲ ਨੇ ਉਨ੍ਹਾਂ ਲੋਕਾਂ ਦੇ ਪੈਸੇ ਦੇ ਕੇ ਉਨ੍ਹਾਂ ਤੋਂ ਚੈੱਕ ਲੈ ਕੇ ਆਪਣੇ ਕਬਜ਼ੇ ਵਿਚ ਰੱਖ ਲਏ। ਉਸ ਤੋਂ ਇਕ ਸਟੈਂਪ ਪੇਪਰ ’ਤੇ ਦਸਤਖਤ ਕਰਵਾ ਲਏ। ਉਸ ਨੂੰ ਲਗਾਤਾਰ ਮੂੰਹ ਬੰਦ ਕਰਨ ਲਈ ਧਮਕਾਇਆ ਜਾਂਦਾ ਸੀ। ਉਸ ਦਾ ਦੋਸ਼ ਹੈ ਕਿ ਵਕੀਲ ਹਰੀਸ਼ ਰਾਏ ਢਾਂਡਾ ਵੀ ਉਨ੍ਹਾਂ ਦੇ ਨਾਲ ਹਨ। ਹਾਲ ਹੀ ਘੜੀ ਇਸ ਮਾਮਲੇ ਚ ਬੈਂਸ ਵਲੋਂ ਕਿਸੇ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

Comment here