ਸਿਆਸਤਗੁਸਤਾਖੀਆਂਚਲੰਤ ਮਾਮਲੇਵਿਸ਼ੇਸ਼ ਲੇਖ

ਬੇੜਾ ਪਾਰ ਨਾ ਕਰਾ ਸਕੇ ਨਜੂਮੀ

ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਨਤਾ ਦੀ ‘ਜੈ-ਜੈਕਾਰ’ ਹੁੰਦੀ ਹੈ। ਵੱਖ-ਵੱਖ ਡੇਰੇਦਾਰਾਂ, ਸਾਧਾਂ ਅਤੇ ਬਾਬਿਆਂ ਦੇ ਚੇਲਿਆਂ ਦੀ ਗਿਣਤੀ ਦਾ ਅਨੁਪਾਤ ਲਗਾ ਕੇ ਚੋਣਾਂ ਲੜਨ ਵਾਲੀਆਂ ਸਾਰੀਆਂ ਰਵਾਇਤੀ ਰਾਜਨੀਤਕ ਪਾਰਟੀਆਂ ਮੂਧੜੇ ਮੂੰਹ ਜਾ ਡਿੱਗੀਆਂ ਹਨ। ਬਾਬਿਆਂ ਨੂੰ ਦਿੱਤੀਆਂ ਗਈਆਂ ਜਾਇਜ਼-ਨਾਜਾਇਜ਼ ਸਹੂਲਤਾਂ ਅਤੇ ਮੁੱਠੀ ਚਾਪੀ ਕਿਸੇ ਕੰਮ ਨਹੀਂ ਆਈ। ਪੰਜਾਬ ’ਤੇ ਆਪਣਾ ਜੱਦੀ-ਪੁਸ਼ਤੀ ਅਧਿਕਾਰ ਸਮਝਣ ਵਾਲੀਆਂ ਰਵਾਇਤੀ ਪਾਰਟੀਆਂ ਨੇ ਗੇੜੇ ਮਾਰ-ਮਾਰ ਕੇ ਛੋਟੇ ਵੱਡੇ ਡੇਰਿਆਂ ਦੀਆਂ ਦਹਿਲੀਜ਼ਾਂ ਘਸਾ ਦਿੱਤੀਆਂ ਸਨ ਅਤੇ ਘੁੱਟ-ਘੁੱਟ ਕੇ ਬਾਬਿਆਂ ਦੇ ਗੋਡਿਆਂ ਦੀਆਂ ਚੱਪਣੀਆਂ ਪੀੜ ਕਰਨ ਲਗਾ ਦਿੱਤੀਆਂ ਸਨ ਪਰ ਕੋਈ ਫ਼ਾਇਦਾ ਨਹੀਂ ਹੋਇਆ। ਜਨਤਾ ਨੇ ਬਾਬਿਆਂ ਵੱਲੋਂ ਆਏ ਹੁਕਮ ਮੰਨਣ ਨਾਲੋਂ ਆਪਣੇ ਜ਼ਮੀਰ ਦੀ ਆਵਾਜ਼ ਨੂੰ ਜ਼ਿਆਦਾ ਤਰਜੀਹ ਦਿੱਤੀ। ਬਾਬਿਆਂ ਦੀ ਧਾਰ ਨੂੰ ਖੁੰਢਾ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਸੋਸ਼ਲ ਮੀਡੀਆ ਵੱਲੋਂ ਪਾਇਆ ਗਿਆ ਹੈ। ਜਦੋਂ ਕੁਝ ਬਾਬਿਆਂ ਨੂੰ ਇਕ ਬਹੁਤ ਵੱਡੀ ਰਾਜਨੀਤਕ ਹਸਤੀ ਵੱਲੋਂ ਦਿੱਲੀ ਬੁਲਾ ਕੇ ਰਾਸ਼ਨ ਪਾਣੀ ਛਕਾਇਆ ਗਿਆ ਸੀ ਤਾਂ ਨਾਲ ਦੀ ਨਾਲ ਘੋਰ ਵਿਰੋਧ ਵਿਚ ਪੋਸਟਾਂ ਪੈਣ ਲੱਗ ਪਈਆਂ ਸਨ ਅਤੇ ਬਾਬਿਆਂ ਦਾ ਵੱਖ-ਵੱਖ ਕਰੜੇ ਅਲੰਕਾਰਾਂ ਨਾਲ ਮਾਣ-ਸਨਮਾਨ ਵਧਾਇਆ ਗਿਆ ਸੀ। ਇਸ ਤੋਂ ਇਲਾਵਾ ਸਭ ਤੋਂ ਵੱਧ ਪ੍ਰਸਿੱਧ ਉਹ ਪੋਸਟ ਹੋਈ ਜਿਸ ਵਿਚ ਜਨਤਾ ਨੂੰ ਸਮਝਾਇਆ ਗਿਆ ਸੀ ਕਿ ਜੇ ਤੁਸੀਂ ਬਾਬਿਆਂ ਦੇ ਕਹਿਣ ’ਤੇ ਵੋਟਾਂ ਪਾਓਗੇ ਤਾਂ ਕੱਲ੍ਹ ਨੂੰ ਆਪਣੇ ਬੱਚਿਆਂ ਵਾਸਤੇ ਨੌਕਰੀਆਂ, ਵਧੀਆ ਸਕੂਲ, ਸੜਕਾਂ ਅਤੇ ਸਿਹਤ ਸਹੂਲਤਾਂ ਵੀ ਬਾਬਿਆਂ ਕੋਲੋਂ ਹੀ ਮੰਗਿਓ। ਪੰਜਾਬ ਵਿਚ ਇਸ ਸਮੇਂ ਛੋਟੇ-ਵੱਡੇ ਪਾ ਕੇ ਤਕਰੀਬਨ 10000 ਡੇਰੇ ਹਨ ਜਿਨ੍ਹਾਂ ਦੀਆਂ ਸਵਾ ਲੱਖ ਦੇ ਕਰੀਬ ਸ਼ਾਖਾਵਾਂ ਹਨ ਤੇ ਇਨ੍ਹਾਂ ਨਾਲ ਕਰੀਬ 53 ਲੱਖ ਲੋਕ ਜੁੜੇ ਹੋਏ ਹਨ। ਇਨ੍ਹਾਂ ਡੇਰਿਆਂ ਨੇ ਹਮੇਸ਼ਾ ਹੀ ਚੋਣਾਂ ਸਮੇਂ ਵੱਡੀ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚੋਂ 25-30 ਡੇਰੇ ਤਾਂ ਅਜਿਹੇ ਹਨ ਜੋ ਧਾਰਮਿਕ ਦੀ ਥਾਂ ਰਾਜਨੀਤਕ ਹੀ ਹੋ ਗਏ ਹਨ। ਇਨ੍ਹਾਂ ਡੇਰਿਆਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਲੀਡਰ ਹਮੇਸ਼ਾ ਤਤਪਰ ਰਹਿੰਦੇ ਹਨ। ਸੱਤਾਧਾਰੀਆਂ ਵੱਲੋਂ ਇਨ੍ਹਾਂ ਡੇਰਦਾਰਾਂ ਨੂੰ ਖ਼ੁਸ਼ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਗੰਨਮੈਨ ਦਿੱਤੇ ਹੋਏ ਹਨ। ਇਹ ਬਾਬੇ ਵੀ ਐਨੇ ਮੂੰਹਜ਼ੋਰ ਹੋ ਗਏ ਹਨ ਕਿ ਗੱਡੀਆਂ ’ਤੇ ਲਾਲ ਬੱਤੀਆਂ ਲਗਾ ਕੇ ਘੁੰਮਦੇ ਹਨ। ਹਰਿਆਣੇ ਦਾ ਇਕ ਡੇਰਾ ਜਿਸ ਦਾ ਪੰਜਾਬ ਦੇ ਮਾਲਵਾ ਖੇਤਰ ਵਿਚ ਕਾਫ਼ੀ ਪ੍ਰਭਾਵ ਹੈ, ਹਰ ਸਾਲ ਕਿਸੇ ਨਾ ਕਿਸੇ ਵੱਖਰੀ ਪਾਰਟੀ ਨੂੰ ਸਮਰਥਨ ਦਿੰਦਾ ਰਿਹਾ ਹੈ। ਇਸ ਵਾਰ ਵੀ ਉਸ ਨੇ ਦੋ ਵੱਡੀਆਂ ਪਾਰਟੀਆਂ ਦੀ ਹਮਾਇਤ ਕੀਤੀ ਸੀ, ਪਰ ਦੋਵਾਂ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਆਮ ਪ੍ਰਭਾਵ ਸੀ ਕਿ ਪੰਜਾਬ ਦੇ ਡੇਰੇ 93 ਸੀਟਾਂ ’ਤੇ ਸਿੱਧੀਆਂ ਪੁੱਠੀਆਂ ਪਾਉਣ ਦੀ ਤਾਕਤ ਰੱਖਦੇ ਹਨ ਪਰ ਇਸ ਵਾਰ ਜਨਤਾ ਜਨਾਰਧਨ ਨੇ ਡੇਰਿਆਂ ਨੂੰ ਇਨ੍ਹਾਂ ਦੀ ਔਕਾਤ ਵਿਖਾ ਦਿੱਤੀ ਹੈ। ਹੁਣ ਇਨ੍ਹਾਂ ਬਾਬਿਆਂ ਨੂੰ ਚਾਹੀਦਾ ਹੈ ਕਿ ਰਾਜਨੀਤਕ ਚੋਲਾ ਲਾਹ ਕੇ ਆਪਣੇ-ਆਪ ਨੂੰ ਸਿਰਫ਼ ਧਾਰਮਿਕ ਕੰਮਾਂ ਤਕ ਹੀ ਸੀਮਤ ਰੱਖਣ। ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੀ ਜਨਤਾ ਵਿਚ ਬਹੁਤ ਜਾਗਿ੍ਰਤੀ ਆਈ ਹੈ। ਪਹਿਲਾਂ ਪਰਿਵਾਰ ਰਵਾਇਤੀ ਪਾਰਟੀਆਂ ਨਾਲ ਬੱਝੇ ਹੁੰਦੇ ਸਨ। ਘਰ ਦੇ ਅਨਪੜ੍ਹ ਬਜ਼ੁਰਗ ਦੇ ਕਹਿਣ ’ਤੇ ਸਾਰਾ ਪਰਿਵਾਰ ਅੱਖਾਂ ਮੀਟ ਕੇ ਵੋਟਾਂ ਪਾ ਆਉਂਦਾ ਸੀ। ਜਿਸ ਪਾਰਟੀ ਦਾ ਸਰਪੰਚ ਹੁੰਦਾ ਸੀ, ਉਸ ਦੀਆਂ ਪਿੰਡ ਵਿੱਚੋਂ ਵੋਟਾਂ ਵਧਣ ਦੀ ਗਾਰੰਟੀ ਮੰਨੀ ਜਾਂਦੀ ਸੀ ਪਰ ਹੁਣ ਨਵੀਂ ਪੀੜ੍ਹੀ ਦਿਲ ਦੀ ਬਜਾਏ ਦਿਮਾਗ ਨਾਲ ਸੋਚਦੀ ਹੈ ਅਤੇ ਲੀਡਰਾਂ ਕੋਲੋਂ ਸਵਾਲ ਪੁੱਛਦੀ ਹੈ। ਇਸ ਵਾਰ ਦੀ ਚੋਣ ਵਿਚ ਵੇਖਿਆ ਗਿਆ ਹੈ ਕਿ ਆਪਣੇ-ਆਪ ਨੂੰ ਫੰਨੇ ਖਾਂ ਸਮਝਣ ਵਾਲੇ ਲੀਡਰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲੱਗੇ ਮੁੜਕੋ-ਮੁੜਕੀ ਹੋ ਜਾਂਦੇ ਸਨ ਜਾਂ ਗੱਡੀ ਵਿਚ ਬੈਠ ਕੇ ਖਿਸਕਣ ਦੀ ਕਰਦੇ ਸਨ। ਅੱਜ ਤੋਂ ਪੰਦਰਾਂ-ਵੀਹ ਸਾਲ ਪਹਿਲਾਂ ਸੋਸ਼ਲ ਮੀਡੀਆ ਦੀ ਅਣਹੋਂਦ ਕਾਰਨ ਲੋਕ ਵੱਡੀ ਤੋਂ ਵੱਡੀ ਘਟਨਾ ਨੂੰ ਦੋ-ਚਾਰ ਦਿਨ ਵਿਚ ਭੁੱਲ ਜਾਂਦੇ ਸਨ। ਕੁਝ ਦਿਨ ਅਖ਼ਬਾਰਾਂ ਵਿਚ ਚਰਚਾ ਹੋਣ ਤੋਂ ਬਾਅਦ ਗੱਲ ਠੰਢੀ ਪੈ ਜਾਂਦੀ ਸੀ ਪਰ ਹੁਣ ਤਾਂ ਲੱਗਦਾ ਹੈ ਕਿ ਲੋਕਾਂ ਨੇ ਹਰੇਕ ਲੀਡਰ ਦਾ ਵੱਖਰਾ ਫੋਲਡਰ ਤਿਆਰ ਕੀਤਾ ਹੋਇਆ ਹੈ ਜਿਸ ਵਿਚ ਉਸ ਵੱਲੋਂ ਪਿਛਲੀ ਚੋਣ ਵੇਲੇ ਕੀਤੇ ਗਏ ਵਾਅਦੇ ਰਿਕਾਰਡ ਕਰ ਕੇ ਰੱਖੇ ਜਾਂਦੇ ਹਨ। ਜਦੋਂ ਵੀ ਕੋਈ ਲੀਡਰ ਅਗਲੀ ਚੋਣ ਵਿਚ ਗੱਪ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪਿਛਲੀ ਵੀਡੀਓ ਮਿੰਟਾਂ-ਸਕਿੰਟਾਂ ਵਿਚ ਵਾਇਰਲ ਹੋ ਜਾਂਦੀ ਹੈ। ਇਨ੍ਹਾਂ ਚੋਣਾਂ ਵਿਚ ਕਈ ਲੀਡਰਾਂ ਨੂੰ ਇਹ ਪੁਰਾਣੀਆਂ ਵੀਡੀਓਜ਼ ਵੀ ਲੈ ਡੁੱਬੀਆਂ ਹਨ। ਮਸਲਨ ਇਕ ਵੱਡੇ ਰਾਜਨੀਤਕ ਪਰਿਵਾਰ ਨੂੰ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਦੀ ਤਾਰੀਫ਼ ਕਰਨੀ ਮਹਿੰਗੀ ਪਈ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਇਹ ਵੀਡੀਓਜ਼ ਵਾਰ-ਵਾਰ ਚਲਾਈਆਂ ਗਈਆਂ। ਇਸ ਤੋਂ ਇਲਾਵਾ ਇਕ ਲੀਡਰ ਵੱਲੋਂ ਪਿਛਲੀ ਵਿਧਾਨ ਸਭਾ ਚੋਣ ਜਿੱਤਣ ਲਈ ਬਠਿੰਡਾ ਦੇ ਥਰਮਲ ਪਲਾਂਟ (ਜੋ ਹੁਣ ਢਾਹਿਆ ਜਾ ਰਿਹਾ ਹੈ) ਦੀਆਂ ਚਿਮਨੀਆਂ ਵਿੱਚੋਂ ਦੁਬਾਰਾ ਧੂੰਆਂ ਕੱਢਣ ਦੇ ਕੀਤੇ ਵਾਅਦੇ ਦੀਆਂ ਵੀਡੀਓਜ਼ ਵੀ ਚਰਚਾ ਵਿਚ ਰਹੀਆਂ ਹਨ। ਲੋਕ ਉਸ ਦੇ ਜਲਸੇ ਵਿਚ ਹੀ ਉਹ ਵੀਡੀਓ ਵਿਖਾਉਂਦੇ ਵੇਖੇ ਗਏ ਜਦੋਂ ਉਸ ਨੇ ਇਕ ਵਿਅਕਤੀ ਦੇ ਇਸ ਸਬੰਧੀ ਕੀਤੇ ਸਵਾਲ ਦੇ ਜਵਾਬ ਵਿਚ ਕਹਿ ਦਿੱਤਾ ਕਿ ਮੈਂ ਤਾਂ ਅਜਿਹਾ ਕੋਈ ਵਾਅਦਾ ਕੀਤਾ ਹੀ ਨਹੀਂ ਸੀ। ਇਨ੍ਹਾਂ ਚੋਣਾਂ ਵਿਚ ਬਾਬਿਆਂ ਦੇ ਗਿੱਟੇ-ਗੋਡੇ ਫੜਨ ਤੋਂ ਇਲਾਵਾ ਲੀਡਰਾਂ ਦਾ ਸਭ ਤੋਂ ਜ਼ਿਆਦਾ ਜ਼ੋਰ ਤਾਂਤਰਿਕਾਂ, ਮਾਂਤਰਿਕਾਂ ਅਤੇ ਜੋਤਸ਼ੀਆਂ ਕੋਲੋਂ ਜਿੱਤਣ ਲਈ ਧਾਗੇ-ਤਵੀਤ ਅਤੇ ਉਪਾਅ ਕਰਾਉਣ ’ਤੇ ਲੱਗਾ ਹੋਇਆ ਸੀ। ਹਿਮਾਚਲ ਪ੍ਰਦੇਸ਼ ਦੇ ਇਕ ਧਾਰਮਿਕ ਅਸਥਾਨ ਬਾਰੇ ਪ੍ਰਸਿੱਧ ਹੈ ਕਿ ਉੱਥੇ ਹਵਨ ਕਰਾਉਣ ਨਾਲ ਦੁਸ਼ਮਣ ਖ਼ਤਮ ਹੋ ਜਾਂਦਾ ਹੈ। ਪੰਜਾਬ ਦੇ ਲੀਡਰਾਂ ਨੇ ਐਨੇ ਹਵਨ ਬੁੱਕ ਕਰਵਾ ਲਏ ਕਿ ਵੇਟਿੰਗ ਲਿਸਟ ਕਾਫ਼ੀ ਲੰਬੀ ਹੋ ਗਈ। ਲੀਡਰਾਂ ਨੇ ਰੌਲਾ ਪਾ ਲਿਆ ਕਿ ਹਵਨ ਚੋਣਾਂ ਤੋਂ ਪਹਿਲਾਂ ਹੋਣਾ ਚਾਹੀਦਾ ਹੈ, ਅਸੀਂ ਈਦ ਪਿੱਛੋਂ ਤੰਬਾ ਫੂਕਣਾ? ਇਸ ਲਈ ਧਾਰਮਿਕ ਅਸਥਾਨ ਦੇ ਪੁਜਾਰੀਆਂ ਨੇ ਇਕ ਢੰਗ ਲੱਭ ਲਿਆ ਤੇ ਉਹ ਇਕ ਹਵਨ ’ਤੇ ਦੋ-ਦੋ, ਚਾਰ-ਚਾਰ ਲੀਡਰਾਂ ਨੂੰ ਇਕੱਠੇ ਹੀ ਬਿਠਾਉਣ ਲੱਗ ਪਏ ਪਰ ਉੱਥੇ ਇਕ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਜਦੋਂ ਮਾਲਵੇ ਦੀ ਇਕ ਸੀਟ ’ਤੇ ਚੋਣ ਲੜ ਰਹੇ ਦੋ ਕੱਟੜ ਵਿਰੋਧੀ ਉਮੀਦਵਾਰ ਇਕ ਹੀ ਹਵਨ ਕੁੰਡ ’ਤੇ ਇਕੱਠੇ ਹੋ ਗਏ ਤੇ ਬਹੁਤ ਮੁਸ਼ਕਲ ਨਾਲ ਜੁੱਤੀਓਂ-ਜੁੱਤੀ ਹੋਣ ਤੋਂ ਬਚੇ। ਇਸ ਤਮਾਸ਼ੇ ਤੋਂ ਬਚਣ ਲਈ ਪੁਜਾਰੀਆਂ ਨੇ ਹੱਲ ਲੱਭਿਆ ਕਿ ਅੱਗੇ ਤੋਂ ਇਕ ਰਾਜਨੀਤਕ ਪਾਰਟੀ ਦੇ ਉਮੀਦਵਾਰ ਹੀ ਇਕ ਹਵਨ ਕੁੰਡ ’ਤੇ ਬਿਠਾਏ ਜਾਣ। ਕਈ ਸਿਆਣੇ-ਬਿਆਣੇ ਉਮੀਦਵਾਰਾਂ ਨੇ ਤਾਂ ਕਮਾਲ ਹੀ ਕਰ ਦਿੱਤੀ। ਜੋਤਸ਼ੀਆਂ ਦੇ ਕਹਿਣ ’ਤੇ ਕੱਟੇ, ਬੱਕਰੇ ਅਤੇ ਹੋਰ ਜਾਨਵਰ ਬਲੀ ਲਈ ਦਾਨ ਕੀਤੇ ਪਰ ਫਿਰ ਵੀ ਹਾਰ ਗਏ। ਲੱਗਦਾ ਹੈ ਕਿ ਰੱਬ ਵੀ ਹੁਣ ਸ਼ਾਕਾਹਾਰੀ ਹੋ ਗਿਆ ਹੈ ਜਾਂ ਉਸ ਦਾ ਯੂਰਿਕ ਐਸਿਡ ਵਧਿਆ ਹੋਇਆ ਹੈ। ਸਭ ਤੋਂ ਵੱਧ ਬੁਰੀ ਜੋਤਸ਼ੀਆਂ ਨਾਲ ਹੋਈ ਹੈ। ਕੋਈ ਵੀ ਬ੍ਰਹਮ ਗਿਆਨੀ, ਲਾਲ ਕਿਤਾਬ ਵਾਲਾ ਜਾਂ ਸੁਨਾਮ ਦਾ ਮਸ਼ਹੂਰ ਜੋਤਸ਼ੀ ਇਹ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ। ਕਈ ਵਹਿਮੀ ਉਮੀਦਵਾਰ ਜੋਤਸ਼ੀਆਂ ਤੋਂ ਸ਼ੁਭ ਘੜੀ ਕਢਵਾ ਕੇ ਗਏ ਸਨ ਕਿ ਕਿੰਨੇ ਵਜੇ ਕਾਗਜ਼ ਦਾਖ਼ਲ ਕਰਾਉਣ ਨਾਲ ਜਿੱਤ ਹਾਸਲ ਹੋ ਸਕਦੀ ਹੈ। ਮੁਕਤਸਰ ਜ਼ਿਲ੍ਹੇ ਦੇ ਬੁਰੀ ਤਰ੍ਹਾਂ ਹਾਰਨ ਵਾਲੇ ਇਕ ਉਮੀਦਵਾਰ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਹ ਚੋਣ ਅਧਿਕਾਰੀ ਦੇ ਦਫ਼ਤਰ ਵਿਚ ਖੜ੍ਹਾ ਵਾਰ-ਵਾਰ ਆਪਣੀ ਘੜੀ ਵੱਲ ਵੇਖ ਰਿਹਾ ਸੀ ਅਤੇ ਚੋਣ ਅਧਿਕਾਰੀ ਦੇ ਵਾਰ-ਵਾਰ ਮੰਗਣ ’ਤੇ ਵੀ ਕਾਗਜ਼ ਨਹੀਂ ਸੀ ਦੇ ਰਿਹਾ। ਅਖ਼ੀਰ 12 ਵੱਜ ਕੇ 13 ਮਿੰਟਾਂ ’ਤੇ ਉਸ ਨੇ ਕਾਗਜ਼ ਦਾਖ਼ਲ ਕੀਤੇ ਪਰ ਫ਼ਾਇਦਾ ਫਿਰ ਵੀ ਨਹੀਂ ਹੋਇਆ। ਲੱਗਦਾ ਹੈ ਕਿ ਇਨ੍ਹਾਂ ਚੋਣਾਂ ਨੇ ਲੀਡਰਾਂ ਅਤੇ ਸਾਧਾਂ ਨੂੰ ਇਹ ਅਕਲ ਸਿਖਾ ਦਿੱਤੀ ਹੈ ਕਿ ਨਵੀਂ ਪੀੜ੍ਹੀ ਨੂੰ ਹੁਣ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਲੋਕਾਂ ਦੇ ਧਾਰਮਿਕ ਅਕੀਦੇ ਹੋਰ ਪਾਸੇ ਹੁੰਦੇ ਹਨ ਤੇ ਰਾਜਨੀਤਕ ਅਤੇ ਸਮਾਜਿਕ ਵਿਚਾਰ ਹੋਰ ਪਾਸੇ। ਡੇਰਿਆਂ ਦੇ ਗੇੜੇ ਮਾਰਨ ਦੀ ਬਜਾਏ ਜੇ ਲੀਡਰ ਪਿੰਡਾਂ-ਸ਼ਹਿਰਾਂ ਦੀਆਂ ਗੰਦੀਆਂ ਗਲੀਆਂ, ਮੁਸ਼ਕ ਮਾਰਦੇ ਹਸਪਤਾਲਾਂ, ਟੁੱਟੀਆਂ ਸੜਕਾਂ ਅਤੇ ਸਕੂਲਾਂ ਆਦਿ ਦੀ ਹਾਲਤ ਸੁਧਾਰਨ ਵੱਲ ਧਿਆਨ ਦੇਣ ਤਾਂ ਉਨ੍ਹਾਂ ਨੂੰ ਵੱਧ ਵੋਟਾਂ ਹਾਸਲ ਹੋ ਸਕਦੀਆਂ ਹਨ। ਜਦੋਂ ਮੱਥੇ ਦੀ ਜੋਤ ਜਗਦੀ ਹੈ ਤਾਂ ‘ਵੋਟਰ ਭਗਵਾਨ’ ਆਪਣਾ ਕੌਤਕ ਜ਼ਰੂਰ ਦਿਖਾਉਂਦਾ ਹੈ। ਅੰਧ-ਭਗਤਾਂ ਦੇ ਮਨਾਂ ਅੰਦਰਲੇ ਜਾਲੇ ਸਾਫ਼ ਹੋ ਜਾਂਦੇ ਹਨ। ਡੇਰੇਦਾਰਾਂ ਅਤੇ ਅਖੌਤੀ ਸਾਧਾਂ ਵੱਲੋਂ ਫੈਲਾਈ ਗਈ ਅੰਧ-ਵਿਸ਼ਵਾਸ ਦੀ ਧੁੰਦ ਵੀ ਛੱਟਦੀ ਹੈ।

-ਬਲਰਾਜ ਸਿੰਘ ਸਿੱਧੂ

Comment here