ਸਿਆਸਤਖਬਰਾਂ

ਬੇਰੁਜ਼ਗਾਰਾਂ ਦਾ ਗੁੱਸਾ- ਦੋ ਨੇ ਨਹਿਰ ਚ ਮਾਰੀ ਛਾਲ, ਕਈ ਪੈਟਰੋਲ ਲੈ ਕੇ ਸਰਕਾਰੀ ਦਫਤਰ ਦੀ ਛੱਤ ਤੇ ਚੜੇ

ਪਟਿਆਲਾ/ਮੋਹਾਲੀ- ਕੈਪਟਨ ਸਰਕਾਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ, ਤੇ ਬੇਰੁਜ਼ਗਾਰ ਸੜਕਾਂ ਤੇ ਹਨ। ਅੱਜ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਸਾਹਮਣੇ 2364 ਈ. ਟੀ. ਟੀ. ਸਲੈਕਟਿਡ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਰੈਲੀ ਕੀਤੀ ਗਈ। ਸਰਕਾਰ ਦੀ ਅਣਦੇਖੀ ਅਤੇ ਟਾਲ-ਮਟੋਲ ਕਾਰਨ ਇਕੱਠ ਕਰਕੇ ਫੁਆਰਾ ਚੌਂਕ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਅਧਿਆਪਕਾਂ ਨੇ ਭਾਖੜਾ ਨਹਿਰ ਵੱਲ ਰੁਖ ਕਰ ਲਿਆ। ਇਸ ਦੌਰਾਨ ਸਰਕਾਰ ਦੇ ਲਾਅਰਿਆਂ ਤੋਂ ਅੱਕੇ 2 ਅਧਿਆਪਕਾਂ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ। ਗੋਤਾਖ਼ੋਰਾਂ ਵੱਲੋਂ ਮੌਕੇ ‘ਤੇ ਦੋਹਾਂ ਅਧਿਆਪਕਾਂ ਨੂੰ ਬਚਾਅ ਲਿਆ ਗਿਆ। ਜਾਣਕਾਰੀ ਅਨੁਸਾਰ 06/03/2020 ਨੂੰ ਜਾਰੀ ਹੋਈਆਂ 2364 ਈ. ਟੀ. ਟੀ. ਪੋਸਟਾਂ ਲਈ ਦਸੰਬਰ, 2020 ਤੱਕ ਸਕਰੂਟਨੀ ਪ੍ਰਕਿਰਿਆ ਪੂਰੀ ਕਰਵਾ ਚੁੱਕੇ ਅਧਿਆਪਕਾਂ ਨੂੰ ਲਗਭਗ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਇਸੇ ਕਰਕੇ ਇਹ ਸੜਕਾਂ ਤੇ ਆਉਣ ਨੂੰ ਮਜਬੂਰ ਹੋਏ ਹਨ।

ਓਧਰ ਮੋਹਾਲੀ ਵਿੱਚ ਅੱਜ ਮਹੌਲ ਭਖਿਆ ਰਿਹਾ, ਜਿਥੇ ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਮਨਰੇਗਾ ਕਰਮਚਾਰੀ ਅੱਜ ਫੇਜ਼ ਅੱਠ ਸਥਿਤ ਵਿਕਾਸ ਭਵਨ ਦੀ ਛੱਤ ਉੱਤੇ ਚੜ੍ਹ ਗਏ, ਉਹਨਾਂ ਕੋਲ ਬੋਤਲਾਂ ਚ ਪੈਟਰੋਲ ਵੀ ਹੈ। ਬਾਕੀ ਸਾਥੀ ਕਰਮਚਾਰੀਆਂ ਵਲੋਂ ਵਿਕਾਸ ਭਵਨ ਦੇ ਦੋਵੇਂ ਗੇਟ ਬੰਦ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ। ਇਥੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਮਹੌਲ ਤਣਾਅ ਵਾਲਾ ਬਣਿਆ ਹੋਇਆ ਹੈ

Comment here