ਸਿਆਸਤਖਬਰਾਂਦੁਨੀਆ

ਬੇਭਰੋਸਗੀ ਮਤੇ ’ਤੇ ਵੋਟ ਤੋਂ ਪਹਿਲਾਂ ਹੀ ਇਮਰਾਨ ਦੀ ਪਾਰਟੀ ’ਚ ਬਗਾਵਤ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾਧਾਰੀ ਪਾਰਟੀ ਦੇ ਤਕਰੀਬਨ ਦੋ ਦਰਜਨ ਅਸੰਤੁਸ਼ਟ ਸੰਸਦ ਮੈਂਬਰਾਂ ਨੇ ਸੰਸਦ ’ਚ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ’ਤੇ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਉਣ ਦੀ ਖੁੱਲ੍ਹੇਆਮ ਧਮਕੀ ਦਿੱਤੀ ਹੈ, ਜਿਸ ਨਾਲ ਸਰਕਾਰ ਨੂੰ ਬਚਾਉਣ ਨੂੰ ਲੈ ਕੇ ਖਾਨ ਦੀਆਂ ਚੁਣੌਤੀਆਂ ਵਧ ਗਈਆਂ ਹਨ। ਵਿਰੋਧੀ ਧਿਰ ਦੇ ਰਵੱਈਏ ਨੂੰ ਦੇਖਦਿਆਂ ਉਹ ਵੀ ਆਪਣੀ ਜਿੱਤ ਨੂੰ ਲੈ ਕੇ ਕਾਫ਼ੀ ਆਸਵੰਦ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਨੇ ਇਹ ਬੇਭਰੋਸਗੀ ਮਤਾ ਨਾ ਸਿਰਫ਼ ਪੀਐੱਮ ਖਿਲਾਫ਼ ਸਗੋਂ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਖ਼ਿਲਾਫ ਵੀ ਲਿਆਂਦਾ ਹੈ। ਦੋਵਾਂ ਦੇ ਭਵਿੱਖ ਬਾਰੇ ਫ਼ੈਸਲਾ ਇਕੱਠਿਆਂ ਲਿਆ ਜਾਵੇਗਾ। ਵਿਰੋਧੀ ਧਿਰ ਨੇ ਅੱਠ ਮਾਰਚ ਨੂੰ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਇਜਾਜ਼ਤ ਮੰਗੀ ਸੀ। ਇਸ ਤੋਂ ਬਾਅਦ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਸੰਵਿਧਾਨ ਦੀ ਧਾਰਾ 54(3) ਅਤੇ ਧਾਰਾ 254 ਤਹਿਤ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਹੈ। ਵਿਰੋਧੀ ਧਿਰ ਦੀ ਮੰਗ ’ਤੇ ਐੱਨਏ ਸੈਸ਼ਨ ਬੁਲਾਉਣ ਲਈ 14 ਦਿਨਾਂ ਦੀ ਸੰਵਿਧਾਨਕ ਸਮਾਂ ਹੱਦ 21 ਮਾਰਚ ਨੂੰ ਖ਼ਤਮ ਹੋ ਜਾਵੇਗੀ। ਦਿ ਨੇਸ਼ਨ ਅਨੁਸਾਰ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 54(3) ਅਨੁਸਾਰ, ਅਜਿਹੇ ਪ੍ਰਸਤਾਵ ਲਈ ਰਾਸ਼ਟਰੀ ਅਸੈਂਬਲੀ ਦੇ ਇਕ ਚੌਥਾਈ ਮੈਂਬਰਾਂ ਦੀ ਸਹਿਮਤੀ ਦੀ ਲੋੜ ਹੁੰਦੀ ਹੈ। ਜੇ ਸਪੀਕਰ ਨੂੰ ਅਜਿਹਾ ਲੱਗਦਾ ਹੈ ਤਾਂ ਉਹ ਨੈਸ਼ਨਲ ਅਸੈਂਬਲੀ ਬੁਲਾ ਸਕਦਾ ਹੈ। ਪਾਕਿਸਤਾਨੀ ਮੀਡੀਆ ਅਨੁਸਾਰ ਦੇਸ਼ ਦੇ ਸੰਵਿਧਾਨ ’ਚ ਦਰਜ ਆਰਟੀਕਲ 254 ’ਚ ਇਹ ਵੀ ਕਿਹਾ ਗਿਆ ਹੈ ਕਿ ਜੇ ਇਸ ਨੂੰ ਨਿਰਧਾਰਤ ਸਮੇਂ ਅੰਦਰ ਨਹੀਂ ਬੁਲਾਇਆ ਜਾਂਦਾ ਤਾਂ ਵੀ ਇਸ ਨੂੰ ਅੱਗੇ ਵੀ ਨਹੀਂ ਬੁਲਾਇਆ ਜਾ ਸਕਦਾ ਕਿਉਂਕਿ ਇਸ ਦਾ ਸਮਾਂ ਖਤਮ ਹੋ ਗਿਆ ਹੈ। ਇਸ ਮਾਮਲੇ ’ਚ ਨੈਸ਼ਨਲ ਅਸੈਂਬਲੀ ਦੇ ਸਪੀਕਰ ਵੱਲੋਂ ਕੀਤੀ ਜਾ ਰਹੀ ਦੇਰੀ ’ਤੇ ਵਿਰੋਧੀ ਧਿਰ ਲਗਾਤਾਰ ਨਰਾਜ਼ਗੀ ਜ਼ਾਹਿਰ ਕਰ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਨੈਸ਼ਨਲ ਅਸੈਂਬਲੀ ਦੇ ਸਪੀਕਰ ਪੱਖਪਾਤੀ ਹੈ।

Comment here