ਸੁਲਤਾਨਪੁਰ ਲੋਧੀ : ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਮੁਹੱਲਾ ਜਵਾਲਾ ਸਿੰਘ ਨਗਰ ’ਵਿਚ ਇਕ ਬਜ਼ੁਰਗ ਵਿਧਵਾ ਦੀ ਸ਼ੱਕੀ ਹਾਲਾਤ ’ਵਿਚ ਉਸ ਦੇ ਘਰ ’ਵਿਚ ਪਈ ਲਾਸ਼ ਬਰਾਮਦ ਹੋਈ। ਜਾਣਕਾਰੀ ਅਨੁਸਾਰ ਮੁਹੱਲਾ ਜਵਾਲਾ ਸਿੰਘ ਨਗਰ ’ਵਿਚ ਇਕ ਬਜ਼ੁਰਗ ਵਿਧਵਾ ਕੁਲਵਿੰਦਰ ਕੌਰ (65) ਆਪਣੇ ਘਰ ’ਵਿਚ ਇਕੱਲੀ ਰਹਿੰਦੀ ਸੀ। ਉਸ ਦੇ ਪਤੀ ਜਸਵੰਤ ਸਿੰਘ ਦੀ ਮੌਤ ਹੋ ਚੁੱਕੀ ਸੀ। ਘਰ ਵਿਚ ਕਿਰਾਏਦਾਰ ਵੀ ਰਹਿੰਦੇ ਹਨ ਜੋ ਕੁਝ ਦਿਨਾਂ ਤੋਂ ਬਾਹਰ ਘੁੰਮਣ ਗਏ ਸਨ। ਜਦੋਂ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਘਰ ’ਵਿਚੋਂ ਬਦਬੂ ਆ ਰਹੀ ਸੀ। ਉਨ੍ਹਾਂ ਨੇ ਜਦੋਂ ਮਾਲਕਣ ਨੂੰ ਆਵਾਜ਼ ਮਾਰੀ ਤਾਂ ਉਸ ਨੇ ਮਾਲਕਣ ਨੂੰ ਕਮਰੇ ਦੀ ਫ਼ਰਸ਼ ਤੇ ਲੰਮੇ ਪਏ ਦੇਖਿਆ। ਆਵਾਜ਼ ਮਾਰਨ ’ਤੇ ਜਦੋਂ ਉਹ ਕੁਝ ਵੀ ਨਾ ਬੋਲੀ ਤਾਂ ਕਿਰਾਏਦਾਰਾਂ ਨੇ ਮੁਹੱਲਾ ਵਾਸੀਆਂ ਨੂੰ ਦੱਸਿਆ। ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਦੇਖਿਆ ਕਿ ਕੁਲਵਿੰਦਰ ਕੌਰ ਕਮਰੇ ’ਵਿਚ ਖ਼ੂਨ ਨਾਲ ਲੱਥਪੱਥ ਪਈ ਹੋਈ ਸੀ।ਮੌਕੇ ’ਤੇ ਪੁੱਜੇ ਐੱਸਪੀਡੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਮਾਮਲਾ ਕਤਲ ਦਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕਾ ਦੇ ਬੇਟੇ ਦਲਬੀਰ ਸਿੰਘ ਬਿੱਲਾ ਜਿਸ ਦੀ ਉਮਰ ਕਰੀਬ 38 ਸਾਲ ਹੈ, ਨੂੰ ਹਿਰਾਸਤ ਵਿਚ ਲੈਕੇ ਪੁੱਛਗਿੱਛ ਕਰ ਰਹੇ ਹਾਂ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਦੇ ਪੋਸਟਮਾਰਟਮ ਉਪਰੰਤ ਸਾਰੀ ਸਥਿਤੀ ਦਾ ਪਤਾ ਲੱਗੇਗਾ । ਘਟਨਾ ਦੀ ਖ਼ਬਰ ਮਿਲਦਿਆਂ ਮ੍ਰਿਤਕਾ ਦਾ ਵੱਡਾ ਬੇਟਾ ਦਵਿੰਦਰ ਸਿੰਘ ਜੋ ਆਪਣੇ ਜੱਦੀ ਪਿੰਡ ਬੂਸੋਵਾਲ ਵਿਖੇ ਰਹਿੰਦਾ ਹੈ ਵੀ ਪੁੱਜ ਗਿਆ। ਉਸ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਬਿੱਲਾ ਜੋ ਪਹਿਲਾਂ ਵਿਦੇਸ਼ ’ਵਿਚ ਰਹਿੰਦਾ ਸੀ ਹੁਣ ਉਹ ਡਿਪੋਟ ਹੋ ਕੇ ਮਾਂ ਨਾਲ ਇਸੇ ਘਰ ’ਵਿਚ ਰਹਿੰਦਾ ਸੀ। ਉਸ ਨੇ ਪੁਲਿਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਬੇਟੇ ਨੇ ਕੀਤਾ ਬਜ਼ੁਰਗ ਮਾਂ ਦਾ ਕਤਲ

Comment here