ਅਪਰਾਧਸਿਆਸਤਖਬਰਾਂ

ਬੇਗੁਨਾਹਾਂ ਨੂੰ ਗਲਤ ਢੰਗ ਨਾਲ ਫਸਾਉਣ ਦਾ ਦੋਸ਼ ’ਚ ਸੰਜੀਵ ਭੱਟ ਗ੍ਰਿਫ਼ਤਾਰ

ਅਹਿਮਦਾਬਾਦ–ਗੁਜਰਾਤ 2002 ਦੇ ਫਿਰਕੂ ਦੰਗਿਆਂ ਨਾਲ ਜੁੜੇ ਇਕ ਮਾਮਲੇ ’ਚ ਸਾਬਕਾ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਪੁਲਸ ਦੇ ਐੱਸ. ਆਈ. ਟੀ. ਨੇ ਪਾਲਨਪੁਰ ਜੇਲ੍ਹ ’ਚੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਭੱਟ ਨੂੰ ਦੰਗਿਆਂ ਦੇ ਸਬੰਧ ’ਚ ਬੇਗੁਨਾਹ ਲੋਕਾਂ ਨੂੰ ਗਲਤ ਤਰੀਕੇ ਨਾਲ ਫਸਾਉਣ ਦੀ ਸਾਜਿਸ਼ ਦੇ ਇਕ ਮਾਮਲੇ ’ਚ ‘ਟਰਾਂਸਫਰ ਵਾਰੰਟ’ ਜ਼ਰੀਏ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਮਾਜਿਕ ਵਰਕਰ ਤੀਸਤਾ ਸੀਤਲਵਾੜ ਅਤੇ ਗੁਜਰਾਤ ਦੇ ਸਾਬਕਾ ਪੁਲਸ ਜਨਰਲ ਡਾਇਰੈਕਟਰ ਆਰ. ਬੀ. ਸ਼੍ਰੀਕੁਮਾਰ ਮਗਰੋਂ ਇਸ ਮਾਮਲੇ ’ਚ ਗ੍ਰਿਫ਼ਤਾਰ ਭੱਟ ਤੀਜਾ ਦੋਸ਼ੀ ਹੈ। ਸੰਜੀਵ ਭੱਟ 27 ਸਾਲ ਪੁਰਾਣੇ ਇਕ ਮਾਮਲੇ ’ਚ 2018 ਤੋਂ ਬਨਾਸਕਾਂਠਾ ਜ਼ਿਲ੍ਹੇ ਦੀ ਪਾਲਨਪੁਰ ਜੇਲ੍ਹ ’ਚ ਬੰਦ ਸੀ। ਇਹ ਮਾਮਲਾ ਰਾਜਸਥਾਨ ਦੇ ਇਕ ਵਕੀਲ ਨੂੰ ਗਲਤ ਤਰੀਕੇ ਨਾਲ ਫਸਾਉਣ ਨਾਲ ਜੁੜਿਆ ਹੈ। ਮੁਕੱਦਮੇ ਦੌਰਾਨ ਸਾਬਕਾ ਆਈ. ਪੀ. ਐੱਸ. ਅਧਿਕਾਰੀ ਨੂੰ ਜਾਮਨਗਰ ’ਚ ਹਿਰਾਸਤ ’ਚ ਮੌਤ ਦੇ ਇਕ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ। ਅਪਰਾਧ ਸ਼ਾਖਾ ਨੇ ਪਿਛਲੇ ਮਹੀਨੇ ਸੀਤਲਵਾੜ ਅਤੇ ਸ਼੍ਰੀਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਜੇਲ੍ਹ ’ਚ ਹਨ।
ਅਹਿਮਦਾਬਾਦ ਅਪਰਾਧ ਸ਼ਾਖਾ ਦੇ ਪੁਲਸ ਡਿਪਟੀ ਕਮਿਸ਼ਨਰ ਚੈਤਨਯ ਮਾਂਡਲਿਕ ਨੇ ਕਿਹਾ ਕਿ ਅਸੀਂ ਟਰਾਂਸਫਰ ਵਾਰੰਟ ’ਤੇ ਪਾਲਨਪੁਰ ਜੇਲ੍ਹ ਤੋਂ ਸੰਜੀਵ ਭੱਟ ਨੂੰ ਹਿਰਾਸਤ ’ਚ ਲਿਆ ਹੈ ਅਤੇ ਮੰਗਲਵਾਰ ਸ਼ਾਮ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗੁਜਰਾਤ ਸਰਕਾਰ ਨੇ 2002 ’ਚ ਗੋਧਰਾ ਟਰੇਨ ਅਗਨੀਕਾਂਡ ਮਗਰੋਂ ਹੋਏ ਦੰਗਿਆਂ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ’ਚ ਝੂਠੇ ਸਬੂਤ ਦੇ ਮਾਮਲੇ ’ਚ ਭੱਟ, ਸ਼੍ਰੀਕੁਮਾਰ ਅਤੇ ਸੀਤਲਵਾੜ ਦੀ ਭੂਮਿਕਾਵਾਂ ਦੀ ਜਾਂਚ ਲਈ ਪਿਛਲੇ ਮਹੀਨੇ ਐੱਸ. ਆਈ. ਟੀ. ਦਾ ਗਠਨ ਕੀਤਾ ਸੀ ਅਤੇ ਇਸ ਦੇ ਮੈਂਬਰਾਂ ’ਚੋਂ ਇਕ ਮਾਂਡਿਲਕ ਵੀ ਹੈ।

Comment here