ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪਰਿਵਾਰ ਵੀ ਚਰਚਾ ਤੇ ਵਿਵਾਦਾਂ ਚ ਹੀ ਰਹਿੰਦਾ ਆ ਰਿਹਾ ਹੈ, ਉਹਨਾਂ ਦੀ ਬੇਗਮ ਬੁਸ਼ਰਾ ਬੀਬੀ ਉੱਤੇ ਰਿਸ਼ਵਤਖੋਰੀ ਦੇ ਦੋਸ਼ ਲੱਗ ਰਹੇ ਹਨ। 2 ਮਿੰਟ 17 ਸਕਿੰਟ ਦੀ ਇਕ ਆਡੀਓ ਨਾਲ ਇਸਦਾ ਰਾਜ ਖੁੱਲ੍ਹਿਆ ਹੈ। ਇਸ ਵਿਚ ਅਰਬਪਤੀ ਕਾਰੋਬਾਰੀ ਮਲਿਕ ਰਿਆਜ਼ ਅਤੇ ਉਸ ਦੀ ਬੇਟੀ ਅੰਬਰ ਦੀ ਗੱਲਬਾਤ ਹੈ। ਇਸ ਵਿਚ ਅੰਬਰ ਆਪਣੇ ਪਿਤਾ ਨੂੰ ਕਹਿ ਰਹੀ ਹੈ ਕਿ ਬੁਸ਼ਰਾ ਬੀਬੀ 5 ਕੈਰੇਟ ਡਾਇਮੰਡ ਦੀ ਮੁੰਦਰੀ ਮੰਗ ਰਹੀ ਹੈ। ਇਸਦੇ ਬਦਲੇ ਉਹ ਇਮਰਾਨ ਤੋਂ ਰਿਆਜ਼ ਨੂੰ ਠੇਕਾ ਦਿਵਾ ਦੇਵੇਗੀ।
ਜਾਣਕਾਰੀ ਅਨੁਸਾਰ ਮਲਿਕ ਰਿਆਜ਼ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਜ਼ਮੀਨ ਮਾਫੀਆ ਮੰਨਿਆ ਜਾਂਦਾ ਹੈ। ਉਸਦਾ ਪਾਕਿਸਤਾਨ ਵਿਚ ਵੱਡਾ ਰਸੂਖ ਹੈ। ਪਿਛਲੇ ਦਿਨੀਂ ਉਸਦਾ ਆਸਿਫ ਅਲੀ ਜ਼ਰਦਾਰੀ ਨਾਲ ਵੀ ਗੱਲਬਾਤ ਦਾ ਆਡੀਓ ਲੀਕ ਹੋਇਆ ਸੀ। ਰਿਆਜ਼ ਦੇ ਇਕ ਗੁਰਗੇ ਤੋਂ ਪਿਛਲੇ ਸਾਲ ਲੰਡਨ ਵਿਚ 40 ਅਰਬ ਰੁਪਏ ਬਰਾਮਦ ਹੋਏ ਸਨ। ਬ੍ਰਿਟਿਸ਼ ਸਰਕਾਰ ਨੇ ਇਹ ਰਕਮ ਪਾਕਿਸਤਾਨ ਨੂੰ ਸੌਂਪ ਦਿੱਤੀ ਸੀ। ਇਸ ਰਕਮ ਦਾ ਕੀ ਹੋਇਆ, ਇਸਦੀ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਹੁਣ ਜੋ ਆਡੀਓ ਵਾਇਰਲ ਹੋਈ ਹੈ, ਉਹ ਪੰਜਾਬੀ ਵਿਚ ਹੈ। ਅੰਬਰ ਪਿਤਾ ਨੂੰ ਕਹਿ ਰਹੀ ਹੈ- ਮੇਰੀ ਫਰਾਹ ਗੋਗੀ (ਬੁਸ਼ਰਾ ਦੀ ਸਹੇਲੀ) ਨਾਲ ਗੱਲਬਾਤ ਹੋ ਗਈ ਹੈ। ਉਹ ਕਹਿ ਰਹੀ ਹੈ ਕਿ ਬੁਸ਼ਰਾ ਬੀਬੀ ਨੂੰ 3 ਨਹੀਂ, 5 ਕੈਰੇਟ ਦਾ ਡਾਇਮੰਡ ਚਾਹੀਦਾ ਹੈ। ਮੁੰਦਰੀ ਉਹ ਖੁਦ ਬਣਵਾ ਲਵੇਗੀ, ਪਰ ਪੇਮੈਂਟ ਸਾਨੂੰ ਹੀ ਕਰਨੀ ਹੋਵੇਗੀ। ਬੁਸ਼ਰਾ ਅਤੇ ਫਰਾਹ ਨੇ ਇਮਰਾਨ ਖਾਨ ਸਾਹਿਬ ਨਾਲ ਗੱਲ ਕਰ ਲਈ ਹੈ। ਉਹ ਤੁਰੰਤ ਠੇਕੇ ਦੀਆਂ ਸਾਰੀਆਂ ਫਾਈਲਾਂ ਓਕੇ ਕਰਵਾ ਦੇਣਗੇ। ਇਸ ’ਤੇ ਮਲਿਕ ਰਿਆਜ਼ ਕਹਿੰਦਾ ਹੈ ਕਿ ਕੋਈ ਮੁਸ਼ਕਲ ਨਹੀਂ 5 ਕੈਰੇਟ ਦਾ ਡਾਇਮੰਡ ਭੇਜ ਦਿੰਦੇ ਹਾਂ। ਸ਼ਾਹਬਾਜ਼ ਸਰਕਾਰ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਕਾਰਵਾਈ ਕਰ ਸਕਦੀ ਹੈ।
ਬੇਗਮ ਸਾਹਿਬਾ ਨੇ ਲਈ ਹੀਰਿਆਂ ਦੀ ਰਿਸ਼ਵਤ!!

Comment here