ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਦਾ ਟਵੀਟ, ‘ਲਿੰਚਿੰਗ ਸਵੀਕਾਰਯੋਗ ਨਹੀਂ’
ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਲਾਜ਼ਮੀ—ਰੰਧਾਵਾ
ਬੇਅਦਬੀ ਕਾਰਨ ਪੰਜਾਬ ਨੂੰ ਅਸਥਿਰ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼—ਜਾਖੜ
ਸਾਜ਼ਿਸ਼ ਪਿੱਛੇ ਉਹੀ ਪਰਿਵਾਰ, ਜਿਸ ਨੇ ਪਹਿਲੀ ਬੇਅਦਬੀ ਦੀ ਸਾਜ਼ਿਸ਼ ਰਚੀ—ਕੁੰਵਰ ਵਿਜੈ ਪ੍ਰਤਾਪ
ਅੰਮ੍ਰਿਤਸਰ (ਵਿਸ਼ੇਸ਼ ਰਿਪੋਰਟ)-ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਹੈ। ਬੇਅਦਬੀ ਕਰਨ ਵਾਲੇ ਵਿਅਕਤੀ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਜਿੱਥੇ ਕੁਝ ਲੋਕ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਭੀੜ ਵੱਲੋਂ ਮੁਲਜ਼ਮਾਂ ਦਾ ਕਤਲ ਕਰਨ ਨੂੰ ਜਾਇਜ਼ ਠਹਿਰਾ ਰਹੇ ਹਨ ਤਾਂ ਉੱਥੇ ਹੀ ਕੁਝ ਲੋਕ ਇਹਨਾਂ ਕਤਲਾਂ ਨਾਲ ਬੇਅਦਬੀ ਦੇ ਸਬੂਤ ਖ਼ਤਮ ਹੋਣ ਦੀ ਗੱਲ ਕਰ ਰਹੇ ਹਨ।
ਯੂਕੇ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਹੈ। ਉਹਨਾਂ ਲਿਖਿਆ, ‘‘ਬੇਅਦਬੀ ਦੀਆਂ ਘਟਨਾਵਾਂ ਸਵੀਕਾਰਯੋਗ ਨਹੀਂ ਹਨ ਪਰ ਕਿਸੇ ਵਿਅਕਤੀ ਦੀ ਲਿੰਚਿੰਗ ਵੀ ਸਵੀਕਾਰਯੋਗ ਨਹੀਂ ਹੈ ਅਤੇ ਕਿਸੇ ਨੂੰ ਵੀ ਮਾਮਲਾ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਸਾਨੂੰ ਅਜਿਹੇ ਮਾਮਲਿਆਂ ਵਿਚ ਪੂਰੀ ਜਾਂਚ ਚਾਹੀਦੀ ਹੈ।’’
ਉਪ ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾਵੇ।
ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿੱਚ ਰੰਧਾਵਾ ਨੇ ਲਿਖਿਆ, “ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਇੱਕ ਜੀਵਤ ਗੁਰੂ ਮੰਨਿਆ ਜਾਂਦਾ ਹੈ, ਨਾ ਕਿ ਕੋਈ ਵਸਤੂ। ਸਿੱਖ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਂਦਾ ਹੈ। ਇਸ ਸੰਦਰਭ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਭਾਰਤੀ ਦੰਡਾਵਲੀ-1860 ਦੀ ਧਾਰਾ 295 ਅਤੇ 295-ਏ ਦੀਆਂ ਮੌਜੂਦਾ ਧਾਰਾਵਾਂ ਜਿਸ ਵਿੱਚ ਤਿੰਨ ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ, ਇਸ ਸਥਿਤੀ ਨਾਲ ਨਜਿੱਠਣ ਲਈ ਕਾਫੀ ਨਹੀਂ ਹਨ।” ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੱਤਰ ਵਿੱਚ ਅੱਗੇ ਲਿਖਿਆ ਹੈ ਕਿ ਪੰਜਾਬ ਵਿਧਾਨ ਸਭਾ ਨੇ “ਆਈਪੀਸੀ (ਪੰਜਾਬ ਸੋਧ) ਬਿੱਲ, 2018 ਅਤੇ ਦਿ ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ (ਪੰਜਾਬ ਸੋਧ) ਬਿੱਲ 2018” ਪਾਸ ਕੀਤਾ, ਜਿਸ ਵਿੱਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀਮਦ ਭਾਗਵਤ ਗੀਤਾ, ਪਵਿੱਤਰ ਕੁਰਾਨ ਅਤੇ ਪਵਿੱਤਰ ਬਾਈਬਲ ਦੀ ਬੇਅਦਬੀ, ਕਿਸੇ ਨੂੰ ਸੱਟ ਜਾਂ ਨੁਕਸਾਨ ਪਹੁੰਚਾਉਣ ਵਾਲੇ ਲਈ ਉਮਰ ਕੈਦ ਤੱਕ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਬਿੱਲਾਂ ਨੂੰ ਪੰਜਾਬ ਦੇ ਰਾਜਪਾਲ ਵੱਲੋਂ 12 ਅਗਸਤ 2018 ਨੂੰ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਇਹ ਬਿੱਲ ਮਨਜ਼ੂਰੀ ਲਈ ਭਾਰਤ ਦੇ ਰਾਸ਼ਟਰਪਤੀ ਕੋਲ ਅਕਤੂਬਰ, 2018 ਤੋਂ ਲੰਬਿਤ ਹਨ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਭਾਈਚਾਰਕ ਸਾਂਝ ਬਣਾਈ ਰੱਖਣੀ ਬੇਹੱਦ ਜ਼ਰੂਰੀ ਹੈ, ਇਸ ਲਈ ਬੇਅਦਬੀਆਂ ਵਾਲੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਲਾਜ਼ਮੀ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਕਤ ਬਿੱਲਾਂ ਲਈ ਰਾਸ਼ਟਰਪਤੀ ਦੀ ਸਹਿਮਤੀ ਜਲਦ ਤੋਂ ਜਲਦ ਪ੍ਰਾਪਤ ਕੀਤੀ ਜਾਵੇ ਅਤੇ ਸੂਬਾ ਸਰਕਾਰ ਨੂੰ ਸੌਂਪ ਦਿੱਤੀ ਜਾਵੇ।
ਲੋਕਾਂ ਦਾ ਧਿਆਨ ਭਟਕਾਉਣ ਲਈ ਕਰਵਾਈਆਂ ਜਾ ਰਹੀਆਂ ਬੇਅਦਬੀਆਂ—ਕੁੰਵਰ ਵਿਜੈ ਪ੍ਰਤਾਪ
ਸ੍ਰੀ ਦਰਬਾਰ ਸਾਹਿਬ ’ਚ ਹੋਈ ਬੇਅਦਬੀ ਨੂੰ ਲੈ ਕੇ ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਇਹ ਘਟਨਾ ਇਕ ਸਾਜ਼ਿਸ਼ ਹੈ। ਪਿਛਲੀ ਵਾਰ ਵੀ ਸੋਚੀ ਸਮਝੀ ਸਾਜ਼ਿਸ਼ ਤਹਿਤ ਲੋਕਾਂ ਦਾ ਧਿਆਨ ਭਟਕਾਉਣ ਲਈ ਬੇਅਦਬੀ ਕਰਵਾਈ ਗਈ ਸੀ। ਹੁਣ ਵੀ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਭ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਇਹ ਸਾਜ਼ਿਸ਼ ਰਚੀ, ਉਹਨਾਂ ਨੇ ਹੀ ਬੰਦੇ ਨੂੰ ਤੁਰੰਤ ਮਾਰਨ ਦੀ ਯੋਜਨਾ ਤਿਆਰ ਕੀਤੀ ਸੀ ਤਾਂ ਜੋ ਸਾਜ਼ਿਸ਼ ਦਾ ਖੁਲਾਸਾ ਨਾ ਹੋ ਸਕੇ।
ਕੁੰਵਰ ਵਿਜੈ ਪ੍ਰਤਾਪ ਦਾ ਕਹਿਣਾ ਹੈ ਕਿ ਇਹ ਸਾਜ਼ਿਸ਼ ਵੀ ਉਸੇ ਪਰਿਵਾਰ ਨੇ ਰਚੀ ਹੈ, ਜਿਸ ਨੇ ਪਹਿਲੀ ਬੇਅਦਬੀ ਦੀ ਸਾਜ਼ਿਸ਼ ਰਚੀ ਸੀ। ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਵਾ ਕੇ ਜਾਂਚ ਹੋਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਕੀਤਾ ਜਾਵੇਗਾ ਕਿਉਂਕਿ ਸਾਰੇ ਆਪਸ ਵਿਚ ਰਲੇ ਹੋਏ ਹਨ। ਸਿਆਸੀ ਲਾਭ ਲੈਣ ਵਾਲੇ ਵੱਡੇ ਪਰਿਵਾਰ ਵਲੋਂ ਇਸ ਘਟਨਾ ਨੂੰ ਅੰਜਾਮ ਦਿਵਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਇਹ ਜਾਂਚ ਆਮ ਜਨਤਾ ਵਲੋਂ ਕੀਤੀ ਜਾਵੇਗੀ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ, ਉਹ ਹੁਣ ਗੁੰਮਰਾਹ ਨਹੀਂ ਹੋਣਗੇ।
ਕੇਂਦਰ ਸਰਕਾਰ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ—ਕਾਕਾ ਰਣਦੀਪ
ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਅਜਿਹਾ ਕਰਨ ਵਾਲੇ ਲੋਕਾਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਹੀ ਉਨ੍ਹਾਂ ਨੇ ਬੇਅਦਬੀ ਕਰਨ ਵਾਲੇ ਨਾਲ ਹੋਏ ਮਾੜੇ ਸਲੂਕ ਦੀ ਵੀ ਨਿੰਦਿਆ ਕੀਤੀ ਤੇ ਕਿਹਾ ਕਿ ਉਸ ਵਿਅਕਤੀ ’ਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣਾ ਚਾਹੀਦਾ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਚੰਨੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜਲਦ ਹੀ ਬੇਅਦਬੀ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ ਤਾਂ ਉਨ੍ਹਾਂ ਨੇ ਜਵਾਬ ਵਿਚ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਕਾਨੂੰਨ ਕਾਇਦਾ ਬਣਾਇਆ ਗਿਆ ਹੈ ਜੋ ਵਿਧਾਨ ਸਭਾ ਦੇ ਵਿਚ ਪਾਸ ਕੀਤਾ ਗਿਆ ਹੈ। ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਤੇ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਕਿਤੇ ਨਾ ਕਿਤੇ ਕੇਂਦਰ ਦੀ ਵੀ ਸ਼ਹਿ ਹੈ।
ਜੋ ਪੰਜਾਬ ਦਾ ਮਾਹੌਲ ਵਿਗਾੜਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸਵਾਸ਼ ਹੈ ਕਿ ਕੋਈ ਵੀ ਅਜਿਹਾ ਕੰਮ ਆਪਣੇ ਆਪ ਨਹੀਂ ਕਰਦਾ ਕੋਈ ਉਸ ਤੋਂ ਅਜਿਹਾ ਕਰਵਾ ਰਿਹਾ ਹੁੰਦਾ ਹੈ। ਜਿਸ ਨਾਲ ਦੇਸ਼ ਮਾੜਾ ਸ਼ੰਦੇਸ਼ ਜਾਂਦਾ ਹੈ। ਅਜਿਹਾ ਕੰਮ ਕਰਵਾਉਣ ਵਾਲਿਆਂ ਦੀ ਵੀ ਕਿਤੇ ਨਾ ਕਿਤੇ ਇਹ ਸੋਚ ਹੋਵੇਗੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਖਰਾਬ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਇਆ ਜਾਵੇ।
ਪੰਜਾਬ ਨੂੰ ਅਸਥਿਰ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼—ਜਾਖੜ
ਬੇਅਦਬੀ ਮਾਮਲੇ ’ਤੇ ਕਾਂਗਰਸ ਆਗੂ ਅਤੇ ਪੰਜਾਬ ਚੋਣਾਂ ਲਈ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਕਿਹਾ ਕਿ ਸਾਡੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਕੋਈ ਵੀ ਪਾਰਟੀ ਅਜਿਹੀ ਘਿਣਾਉਣੀ ਮਾਨਸਿਕਤਾ ਨਹੀਂ ਰੱਖ ਸਕਦੀ। ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਰਹੱਦ ਪਾਰੋਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਘਟਨਾ ਦੀ ਨਿਖੇਧੀ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਇਸ ਦੀ ਨਿੰਦਾ ਕਰਦਾ ਹਾਂ ਪਰ ਇਹ ਵੀ ਅਪੀਲ ਕਰਦਾ ਹਾਂ ਕਿ ਸਾਨੂੰ ਸ਼ਾਂਤ ਅਤੇ ਸਮਝਦਾਰੀ ਨਾਲ ਰਹਿਣਾ ਚਾਹੀਦਾ ਹੈ। ਉਮੀਦ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਪਰ ਹੋ ਸਕਦਾ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਦੁਬਾਰਾ ਕੀਤੀਆਂ ਜਾਣ। ਜਾਖੜ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਦੋਸ਼ੀ ਨੂੰ ਫੜਨ ਤੋਂ ਬਾਅਦ ਪੁੱਛਗਿੱਛ ਲਈ ਸੌਂਪਿਆ ਜਾਵੇ ਤਾਂ ਜੋ ਮਾਮਲੇ ਦੀ ਜੜ੍ਹ ਤੱਕ ਪਹੁੰਚ ਕੇ ਨਿਰਣਾਇਕ ਕਾਰਵਾਈ ਕੀਤੀ ਜਾ ਸਕੇ।
Comment here