ਸ੍ਰੀ ਮੁਕਤਸਰ ਸਾਹਿਬ – ਅੱਜ ਮਾਘੀ ਮੌਕੇ ਇੱਥੇ ਚਾਲੀ ਮੁਕਤਿਆਂ ਦੀ ਸ਼ਹਾਦਤ ਦੀ ਯਾਦ ਲੱਗੇ ਜੋੜ ਮੇਲੇ ਵਿੱਚ ਜਿਥੇ ਵੱਡੀ ਗਿਣਤੀ ਸੰਗਤ ਨੇ ਗੁਰੂ ਘਰਾਂ ਚ ਹਾਜ਼ਰੀ ਭਰੀ ਓਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਜਿੰਦਰ ਧਾਮੀ ਨੇ ਕਿਹਾ ਕਿ ਇਹ ਪਵਿੱਤਰ ਦਿਹਾੜਾ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਅਸੀਂ ਗੁਰੂ ਸਿਧਾਂਤਾਂ ਦੇ ਉੱਤੇ ਪਹਿਰਾ ਦੇਈਏ ਅਤੇ ਆਪਣੇ ਮਨ ਅੰਦਰ ਝਾਤ ਮਾਰੀਏ ਕਿ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਸਾਹਿਬ ਨੂੰ ਬੇਦਾਵਾ ਤਾਂ ਨਹੀਂ ਲਿਖ ਕੇ ਬੈਠੇ ਹੋਏ। ਗੁਜਰਾਤ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਸਕੂਲ ਵਿੱਚ ਦੋ ਬੱਚਿਆਂ ਤੋਂ ਰੋਲ ਕਰਵਾਉਣ ਦੀ ਹੋਈ ਘਟਨਾ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੋਟਿਸ ਭੇਜਿਆ ਸੀ, ਜਿਸ ਸਕੂਲ ਵਿਚ ਅਜਿਹਾ ਹੋਇਆ ਹੈ, ਉਨ੍ਹਾਂ ਨੇ ਮੁਆਫ਼ੀ ਮੰਗ ਲਈ ਹੈ। ਕੇਂਦਰ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੂੰ ਸਮਰਪਤ ਬੀਰ ਬਾਲ ਦਿਵਸ ਮਨਾਉਣ ’ਤੇ ਉਨ੍ਹਾਂ ਨੇ ਕਿਹਾ ਕਿ ਬੀਰ ਬਾਲ ਦਿਵਸ ਇਹ ਤਿੰਨੋਂ ਸ਼ਬਦ ਗੁਰਮਤਿ ਦੇ ਅਨੁਕੂਲ ਨਹੀਂ ਹਨ। ਇਹ ਸ਼ਬਦ ਸਿੱਖ ਇਤਿਹਾਸ ਵਿੱਚ ਵਰਤੇ ਜਾਂਦੇ ਸ਼ਬਦਾਂ ਨਾਲ ਮੇਲ ਨਹੀਂ ਖਾਂਦੇ। ਬਰਗਾੜੀ ਬੇਅਦਬੀ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਇੱਕ ਮੰਦਭਾਗੀ ਘਟਨਾ ਹੈ ਪਰ ਇਸ ਸਬੰਧ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲੈਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਮਾਮਲੇ ਵਿੱਚ ਸਿਆਸਤ ਕੀਤੀ ਅਤੇ ਉਨ੍ਹਾਂ ਨੂੰ ਗੁਰੂ ਦੀ ਮਾਰ ਪਈ ਕਿ ਉਨ੍ਹਾਂ ਦੇ ਨਾਲ ਇੱਕ ਵੀ ਕਾਂਗਰਸ ਦਾ ਐੱਮ.ਐੱਲ.ਏ. ਨਹੀਂ ਗਿਆ। ਐਡਵੋਕੇਟ ਧਾਮੀ ਨੇ 328 ਗੁੰਮ ਸਰੂਪਾਂ ਦੇ ਮਾਮਲੇ ਵਿੱਚ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਜਾਂਚ ਰਿਪੋਰਟ ਅਨੁਸਾਰ ਜੋ ਕਾਰਵਾਈ ਬਣਦੀ ਹੈ, ਉਹ ਕੀਤੀ ਜਾ ਰਹੀ ਹੈ।
Comment here