ਡੇਰੇ ਦੇ ਸਿਆਸੀ ਵਿੰਗ ਨੇ ਲਾਏ ਦੋਸ਼
ਸਿਰਸਾ, ਜਲੰਧਰ-ਡੇਰਾ ਸੱਚਾ ਸੌਦਾ ਸਿਰਸਾ ਦੀ ਪੰਜਾਬ ਵਿੱਚ ਚੰਗੀ ਪੈਂਠ ਹੈ, ਲੱਖਾਂ ਸ਼ਰਧਾਲੂ ਇਸ ਡੇਰੇ ਨਾਲ ਜੁੜੇ ਹਨ, ਭਾਵੇਂ ਪਹਿਲਾਂ ਮਾਲਵਾ ਨੂੰ ਹੀ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਗਡ਼੍ਹ ਕਿਹਾ ਜਾਂਦਾ ਸੀ ਪਰ 2017 ਤੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰੇ ਵੱਲੋਂ ਦੁਆਬਾ ’ਚ ਕਰਵਾਏ ਗਏ ਪਲੇਠੇ ਸਮਾਗਮ ’ਚ ਡੇਰਾ ਪ੍ਰੇਮੀਆਂ ਨੇ ਆਪਣੇ ਏਕੇ ਦਾ ਸਬੂਤ ਦਿੱਤਾ। ਇਸ ਮੌਕੇ ਸਿਰਫ਼ ਮਾਝੇ ਅਤੇ ਦੁਆਬੇ ਹੀ ਨਹੀਂ, ਸਗੋਂ ਮਾਲਵਾ ਖਿੱਤੇ ’ਚੋਂ ਵੀ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡੇਰੇ ਦੇ ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਬੇਅਦਬੀ ਦੇ ਮਾਮਲੇ ’ਤੇ ਡੇਰੇ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦੋਂਕਿ ਸਭ ਧਰਮਾਂ ਦਾ ਸਤਿਕਾਰ ਕਰਨ ਵਾਲਾ ਡੇਰਾ ਇਸ ਤਰ੍ਹਾਂ ਦੀ ਕੋਝੀ ਅਤੇ ਸ਼ਰਮਨਾਕ ਹਰਕਤ ਬਾਰੇ ਸੋਚ ਵੀ ਨਹੀਂ ਸਕਦਾ। ਇਹ ਸਭ ਸਿਆਸੀ ਸਾਜਿ਼ਸ਼ ਤਹਿਤ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਇਹ ਨਹੀਂ ਚਾਹੁੰਦੀਆਂ ਕਿ ਇਹ ਸੰਸਥਾ ਮਾਨਵਤਾ ਭਲਾਈ ਦੇ ਕੰਮਾਂ ਕਰਕੇ ਅੱਗੇ ਵਧੇ। ਇਸ ਗੱਲ ਨੂੰ ਸੀਬੀਆਈ ਵੀ ਵਿਸਥਾਰਤ ਜਾਂਚ ਦੌਰਾਨ ਮੰਨ ਚੁੱਕੀ ਹੈ ਕਿ ਡੇਰੇ ਦਾ ਇਸ ਮਸਲੇ ’ਚ ਕੋਈ ਸਰੋਕਾਰ ਨਹੀਂ। ਉਨ੍ਹਾਂ ਕਿਹਾ ਕਿ ਇਹ ਦਲੀਲ ਬਿਲਕੁਲ ਬੇਤੁਕੀ ਹੈ ਕਿ ਪੰਜਾਬ ’ਚ ਡੇਰਾ ਮੁਖੀ ਦੀ ਫਿਲਮ ਨਾ ਲੱਗਣ ਦੇਣ ਦੇ ਗੁੱਸੇ ਵਜੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਗਿਆ ਹੈ, ਜਦੋਂਕਿ ਸੱਚਾਈ ਇਹ ਹੈ ਕਿ ਡੇਰਾ ਮੁਖੀ ਦੀ ਫਿਲਮ ਤਾਂ ਪਹਿਲਾਂ ਹੀ ਰਿਲੀਜ਼ ਕਰ ਦਿੱਤੀ ਗਈ ਤੇ ਉਸ ਨੂੰ ਮਾਫ਼ੀਨਾਮਾ ਵੀ ਦਿੱਤਾ ਜਾ ਚੁੱਕਾ ਸੀ। ਇਸ ਦੇ ਬਾਵਜੂਦ ਸੰਗਤ ਦੇ ਜਜ਼ਬਾਤ ਨੂੰ ਠੇਸ ਪਹੁੰਚਾਉਂਦਿਆਂ ਭਾਈਚਾਰਕ ਸਾਂਝ ਵਿਗਾਡ਼ਨ ਦੀ ਕੋਝੀ ਸਾਜ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੌਡ਼ ਮੰਡੀ ਬੰਬ ਧਮਾਕੇ ’ਚ ਡੇਰੇ ਦਾ ਨਾਂ ਉਛਾਲਿਆ ਗਿਆ ਹੈ ਜਦੋਂਕਿ ਇਸ ਮਾਮਲੇ ’ਚ ਵਿਚਾਰਨਯੋਗ ਪਹਿਲੂ ਇਹ ਹੈ ਕਿ ਡੇਰਾ ਮੁਖੀ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਹਮਲੇ ਦਾ ਸ਼ਿਕਾਰ ਬਣਾਉਣ ਬਾਰੇ ਕਿਸ ਤਰ੍ਹਾਂ ਸੋਚਿਆ ਜਾ ਸਕਦਾ ਹੈ।
ਡੇਰੇ ਦਾ ਸਥਾਪਨਾ ਦਿਵਸ 29 ਨੂੰ
ਡੇਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ 29 ਅਪ੍ਰੈਲ ਨੂੰ ਸਿਰਸਾ ਡੇਰੇ ’ਚ ਮਨਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 29 ਅਪ੍ਰੈਲ 1948 ਨੂੰ ਸ਼ਾਹ ਮਸਤਾਨਾ ਨੇ ਇਸ ਡੇਰੇ ਦੀ ਨੀਂਹ ਰੱਖੀ ਸੀ। ਜਲੰਧਰ ਦੇ ਬਲਾਕ ਅੱਪਰਾ ਦੇ ਪਿੰਡ ਰਾਏਪੁਰ ਅਰਾਈਆਂ ਦੇ ਨਾਮ ਚਰਚਾ ਘਰ ’ਚ ਡੇਰਾ ਪ੍ਰਬੰਧਕਾਂ ਵੱਲੋਂ ਡੇਰਾ ਸੱਚਾ ਸੌਦਾ ਦਾ 74ਵਾਂ ਸਥਾਪਨਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ ਗਈ ਅਤੇ ਡੇਰੇ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 138 ਕਾਰਜਾਂ ’ਤੇ ਹੱਥ ਖਡ਼੍ਹੇ ਕਰ ਕੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਡੇਰੇ ਦੇ ਪ੍ਰਬੰਧਕੀ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਡੇਰੇ ਖ਼ਿਲਾਫ਼ ਸਮਾਜ ਦੇ ਦੁਸ਼ਮਣ ਕੁਝ ਅਨਸਰਾਂ ਵੱਲੋਂ ਕੂਡ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਡੇਰਾ ਮਾਨਵਤਾ ਭਲਾਈ ਦੇ ਕਾਰਜ ਇਸੇ ਤਰ੍ਹਾਂ ਵਧ ਚਡ਼੍ਹ ਕੇ ਕਰਦਾ ਰਹੇਗਾ। ਇਸ ਮੌਕੇ ਕਈ ਲੋਡ਼ਵੰਦ ਪਰਿਵਾਰਾਂ ਅਤੇ ਬੱਚਿਆਂ ਨੂੰ ਰਾਸ਼ਨ ਦੇਣ ਦੇ ਨਾਲ-ਨਾਲ ਗਰਮੀ ਦੇ ਮੱਦੇਨਜ਼ਰ ਪੰਛੀਆਂ ਦੀ ਪਿਆਸ ਬੁਝਾਉਣ ਲਈ ਕਟੋਰੇ ਵੀ ਵੰਡੇ ਗਏ। ਇਸ ਮੌਕੇ ਡੇਰੇ ਦੇ ਪ੍ਰਬੰਧਕੀ ਮੈਂਬਰ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਡੇਰਾ ਪ੍ਰੇਮੀਆਂ ਦੀ ਸ਼ਰਧਾ ’ਚ ਕੋਈ ਕਮੀ ਨਹੀਂ ਆਈ। ਇਸ ਗੱਲ ਦਾ ਪਤਾ ਇੱਥੋਂ ਲੱਗਦਾ ਹੈ ਕਿ ਕਹਿਰਾਂ ਦੀ ਗਰਮੀ ’ਚ ਦੁਆਬੇ ਦੀ ਧਰਤੀ ’ਤੇ ਹੋਏ ਇਸ ਸਮਾਗਮ ’ਚ ਸਿਰਫ਼ ਮਾਝੇ ਅਤੇ ਦੁਆਬੇ ਹੀ ਨਹੀਂ, ਸਗੋਂ ਮਾਲਵਾ ਖਿੱਤੇ ਤੋਂ ਵੀ ਵੱਡੀ ਗਿਣਤੀ ’ਚ ਡੇਰਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਹੈ।

Comment here