ਬੇਅਦਬੀ ਕਰਨ ਵਾਲੇ ਨੂੰ ਜਨਤਾ ਸਾਹਮਣੇ ਫਾਹੇ ਲਾਓ-ਸਿੱਧੂ ਦੇ ਵਿਗੜੇ ਬੋਲ
ਪੁਲਸ ਮੁਖੀ ਵਲੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਧਿਕਾਰੀਆਂ ਨੂੰ ਸਖਤ ਆਦੇਸ਼
ਜਲੰਧਰ-ਪੰਜਾਬ ਵਿੱਚ ਲਗਾਤਾਰ ਬੇਅਦਬੀ ਦੇ ਮਾਮਲੇ ਵਾਪਰ ਰਹੇ ਹਨ, ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਹੋਈ, ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਵੀ ਕਥਿਤ ਕੋਸ਼ਿਸ਼ ਹੋਈ, ਦੋਵਾਂ ਥਾਵਾਂ ਤੇ ਮੁਲਜ਼ਮਾਂ ਨੂੰ ਭੀੜ ਨੇ ਕੁੱਟ ਕੁੱਟ ਕੇ ਮਾਰ ਦਿੱਤਾ। ਹੁਣ ਬਟਾਲਾ ਤੋਂ ਵੀ ਅਜਿਹੀ ਖਬਰ ਆਈ ਹੈ। ਇਹਨਾਂ ਮਾਮਲਿਆਂ ਨੇ ਪੰਜਾਬ ਦੀ ਸਿਆਸਤ ਪੂਰੀ ਗਰਮਾਅ ਦਿੱਤੀ ਹੈ।
ਬੀਤੀ ਦੇਰ ਰਾਤ ਬਟਾਲਾ ਦੇ ਥਾਣਾ ਸਿਵਲ ਲਾਈਨ ਅਧੀਨ ਆਉਂਦੇ ਪਿੰਡ ਕੋਟਲੀ ਭਾਨ ਸਿੰਘ ਵਿਖੇ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਅਮੋਲਕ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਨੂੰ ਕੋਟਲੀ ਭਾਨ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਕੁਝ ਵਿਅਕਤੀ ਦੇਰ ਰਾਤ ਗੁਰਦੁਆਰਾ ਸਾਹਿਬ ’ਚ ਬੇਅਦਬੀ ਜਾਂ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਏ। ਇਸ ਦੌਰਾਨ ਸੇਵਾਦਾਰਾਂ ਦੇ ਸਮੇਂ ਸਿਰ ਜਾਗਣ ਕਾਰਨ ਉਹ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਪੁਲਸ ਵੱਲੋਂ ਫਿਲਹਾਲ ਨਰਿੰਦਰ ਸਿੰਘ ਦੇ ਬਿਆਨਾਂ ’ਤੇ ਮੁਕਦੱਮਾ ਅਣਪਛਾਤੇ ਵਿਅਕਤੀ ਵਿਰੁੱਧ ਦਰਜ ਕਰ ਦਿੱਤਾ ਹੈ।
ਸ੍ਰੀ ਦਰਬਾਰ ਸਾਹਿਬ ਦੀ ਘਟਨਾ ਸਾਜ਼ਿਸ਼ ਤੇ ਸਿਆਸੀ ਪੱਤਾ -ਐਡਵੋਕੇਟ ਧਾਮੀ
ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਨੂੰ ਸਾਜਿਸ਼ ਕਰਾਰ ਦਿੰਦਿਆਂ ਖ਼ਦਸ਼ਾ ਪ੍ਰਗਟਾਇਆ ਗਿਆ ਕਿ ਸਿਆਸੀ ਲਾਭ ਲੈਣ ਲਈ ਕਿਸੇ ਨੇ ਇਹ ਰਾਜਸੀ ਪੱਤਾ ਖੇਡਿਆ ਹੈ। ਹਾਲਾਂਕਿ ਉਹ ਕਿਸੇ ਵੀ ਪਾਰਟੀ ਦਾ ਨਾਂ ਲੈਣ ਤੋਂ ਗੁਰੇਜ਼ ਕਰਦੇ ਹੋਏ ਨਜ਼ਰ ਆਏ ਪਰ ਨਾਲ ਹੀ ਇਹ ਗੱਲ ਹੀ ਕਹਿ ਦਿੱਤੀ ਸਾਡੀ ਤਾਂ ਪੰਜਾਬ ’ਚ ਕਾਂਗਰਸ ਵੀ ਦੁਸ਼ਮਣ ਹੈ ਅਤੇ ਕੇਂਦਰ ਦੀ ਸਰਕਾਰ ਵੀ ਦੁਸ਼ਮਣ ਹੀ ਹੈ। ਉਹਨਾਂ ਕਿਹਾ ਕਿ ਅਸੀਂ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਹੈ ਜਿਸ ’ਚੋਂ ਪਤਾ ਲੱਗਿਆ ਹੈ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਸਵੇਰੇ ਕਰੀਬ ਪੌਣੇ ਬਾਰਾ ਵਜੇ ਦਰਬਾਰ ਸਾਹਿਬ ਅੰਦਰ ਦਾਖਲ ਹੋ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਘੁੰਮ ਰਿਹਾ ਸੀ। ਦਰਬਾਰ ਸਾਹਿਬ ਦੇ ਅੰਦਰ ਉਹ ਸ਼ਾਮ ਨੂੰ ਕਰੀਬ 5 ਵਜੇ ਘਟਨਾ ਨੂੰ ਅੰਜ਼ਾਮ ਦਿੰਦਾ ਹੈ। ਇਸ ਤੋਂ ਸਾਫ਼ ਹੈ ਕਿ ਉਹ ਪੂਰਾ ਦਿਨ ਸਾਜਿਸ਼ ਹੀ ਘੜ੍ਹਦਾ ਰਿਹਾ ਹੈ। ਮੇਰੇ ਮੁਤਾਬਕ ਉਹ ਯੋਜਨਾ ਤਹਿਤ ਆਇਆ ਸੀ, ਕਿਉਂਕਿ ਜੇਕਰ ਕੋਈ ਮਾਨਿਸਕ ਪੀੜਤ ਹੁੰਦਾ ਤਾਂ ਉਹ ਇੰਨੀਂ ਦੇਰ ਤੱਕ ਅੰਦਰ ਮੌਜੂਦ ਨਾ ਰਹਿੰਦਾ। ਉਕਤ ਵਿਅਕਤੀ ਨੇ ਸੋਚੀ-ਸਮਝੀ ਸਾਜਿਸ਼ ਤਹਿਤ ਸ਼ਾਮ ਦਾ ਸਮਾਂ ਚੁਣਿਆ, ਕਿਉਂਕਿ ਉਸ ਵੇਲੇ ਸ਼ਾਂਤੀ ਦਾ ਸਮਾਂ ਹੁੰਦਾ ਹੈ ਅਤੇ ਗੁਰਬਾਣੀ ਸਰਵਨ ਹੋ ਰਹੀ ਹੁੰਦੀ ਹੈ। ਇਹ ਕੋਈ ਆਮ ਗੱਲ ਨਹੀਂ ਹੈ, ਕਿਉਂਕਿ ਜਿਸ ਥਾਂ ’ਤੇ ਉਸ ਨੇ ਜਾਣ ਦੀ ਜ਼ੁਅਰਤ ਕੀਤੀ, ਉਥੇ ਸਿਰਫ਼ ਉਹ ਲੋਕ ਹੀ ਜਾ ਸਕਦੇ ਹਨ, ਜਿੰਨ੍ਹਾਂ ਨੂੰ ਮਨਜ਼ੂਰੀ ਹੁੰਦੀ ਹੈ। ਉਸ ਨੇ ਪਲਾਨਿੰਗ ਤਹਿਤ ਸ਼ਨੀਵਾਰ ਦਾ ਸਮਾਂ ਚੁਣਿਆ ਹੈ, ਕਿਉਂਕਿ ਉਸ ਦਿਨ ਸੰਗਤ ਜ਼ਿਆਦਾ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਸਾਰਾ ਕੁਝ ਗੁਰੂ ਰਾਮ ਦਾਸ ਪਾਤਸ਼ਾਹ ਨੇ ਖੁਦ ਸੰਭਾਲਿਆ ਹੈ, ਕਿਉਂਕਿ ਜੇਕਰ ਕੋਈ ਵੱਡੀ ਘਟਨਾ ਹੋ ਜਾਂਦੀ ਤਾਂ ਅੱਜ ਪੂਰੀ ਪ੍ਰਬੰਧਕੀ ਕਮੇਟੀ ਨੇ ਸਵਾਲਾਂ ਦੇ ਘੇਰੇ ’ਚ ਹੋਣਾ ਸੀ। ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਦੀ ਮੁਆਫ਼ੀ ਲਈ ਅਸੀਂ ਬਕਾਇਦਾ ਅਖੰਡ ਪਾਠ ਸਾਹਿਬ ਵੀ ਆਰੰਭ ਕੀਤੇ ਹਨ। ਉਹਨਾਂ ਕਿਹਾ ਕਿ ਇਸ ਸਾਜਿਸ਼ ਤੋਂ ਪਰਦਾ ਤਾਂ ਹੁਣ ਸਰਕਾਰ ਦੀ ਚੁੱਕ ਸਕਦੀ ਹੈ, ਕਿਉਂਕਿ ਹੁਣ ਤਾਂ ਦੋ ਘਟਨਾਵਾਂ ਹੋ ਗਈਆਂ ਹਨ। ਅਸੀਂ ਕਪੂਰਥਲਾ ਵਿਖੇ ਵੀ ਆਪਣੀ ਟੀਮ ਭੇਜੀ ਹੈ। ਲੋਕਾਂ ਦਾ ਗੁੱਸਾ ਉਥੇ ਵੀ ਕਾਬੂ ਨਹੀਂ ਹੋ ਸਕਿਆ। ਮੈਂ ਫਿਰ ਕਹਿੰਦਾ ਹਾਂ ਕਿ ਇਹ ਸਰਾ-ਸਰ ਸਾਜਿਸ਼ ਹੈ, ਕਿਉਂਕਿ ਕਿਸੇ ਹੋਰ ਪਾਸੇ ਇਹ ਲੋਕ ਕਿਉਂ ਨਹੀਂ ਜਾ ਰਹੇ ਅਤੇ ਇਨ੍ਹਾਂ ਦਾ ਨਿਸ਼ਾਨਾ ਸਿਰਫ਼ ਸਿੱਖਾਂ ਦੇ ਧਾਰਮਿਕ ਅਸਥਾਨ ਹੀ ਕਿਉਂ ਹਨ। ਚੁਣੌਤੀ ਹਮੇਸ਼ਾ ਉਸੇ ਨੂੰ ਹੀ ਹੁੰਦੀ ਹੈ, ਜੋ ਵੱਡਾ ਹੋਵੇ। ਪੰਜਾਬ ਗੁਰੂਆਂ ਦੇ ਨਾਂ ’ਤੇ ਵੱਸਦਾ ਹੈ ਅਤੇ ਇਹ ਸਿੱਖੀ ਵੀ ਗੁਰੂਆਂ ਨੇ ਬਖ਼ਸ਼ੀ ਹੈ। ਦੁਨੀਆ ਦੇ ਹਰ ਖੀਤੇ ’ਚ ਸਿੱਖਾਂ ਨੇ ਆਪਣੇ ਝੰਡੇ ਬੁੰਲਦ ਕੀਤੇ ਹਨ। ਬੇਸ਼ੱਕ ਸਿੱਖ ਘੱਟ ਗਿਣਤੀ ਹਨ ਪਰ ਇਨ੍ਹਾਂ ਦੀ ਤਰੱਕੀ ਹੀ ਦੂਜਿਆਂ ਦੀ ਦੁਸ਼ਮਣ ਬਣਦੀ ਹੈ। ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਨਾਲ ਛੇੜਛਾੜ ਕਰਕੇ ਕੁਝ ਲੋਕਾਂ ਨੇ ਬਹੁਤ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ ਹੈ। ਮੈਨੂੰ ਹੁਣ ਖਦਸ਼ਾ ਹੈ ਕਿ ਅੰਦਰ ਖਾਤੇ ਕਿਤੇ ਇਹੀ ਇੱਛਾ ਨਾ ਹੋਵੇ। ਹਾਲਾਂਕਿ ਕਿ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ, ਕਿਉਂਕਿ ਪੰਜਾਬ ’ਚ ਕਾਂਗਰਸ ਹੈ ਅਤੇ ਉੱਪਰ ਕੇਂਦਰ ਦੀ ਸਰਕਾਰ ਹੈ। ਸਾਡੇ ਲਈ ਤਾਂ ਦੋਵੇਂ ਹੀ ਦੁਸ਼ਮਣ ਬਣੇ ਬੈਠੇ ਹਨ। ਬੇਸ਼ੱਕ ਕੋਈ ਸਾਡੀ ਜਾਤੀ ਦੁਸ਼ਮਣੀ ਨਹੀਂ ਹੈ ਪਰ ਸਿਆਸੀ ਮਤਭੇਦ ਜ਼ਰੂਰ ਹੈ। ਤੀਜੀ ਪਾਰਟੀ ਜੋ ਨਵੀਂ ਪੈਦਾ ਹੋ ਗਈ ਹੈ, ਜਿਹੜੀ ਕਿਸੇ ਸਮੇਂ ਗੁਟਕਾ ਸਾਹਿਬ ਦੀਆਂ ਸੁੰਹਾਂ ਖਾਦੇ ਸਨ। ਚੌਥੀ ਪਾਰਟੀ ਟੋਪੀ ਵਾਲਿਆਂ ਦੀ ਆ ਗਈ ਹੈ। ਸੋ ਇਹ ਤਾਂ ਹੁਣ ਸਰਕਾਰ ਜਾਂ ਪੁਲਸ ਹੀ ਸਾਜਿਸ਼ ਤੋਂ ਪਰਦਾ ਚੁੱਕ ਸਕਦੀ ਹੈ। ਮੇਰੇ ਮੁਤਾਬਕ ਇਹ ਸਿਆਸੀ ਪੱਤਾ ਹੀ ਖੇਡਿਆ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਇਹ ਸਿੱਖ ਪੱਤਾ ਫਬਦਾ ਬਹੁਤ ਹੈ। ਜਿਹੜੇ ਇਹ ਪੱਤਾ ਖੇਡਦੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਨਾਲ ਅਸੀਂ ਵਧੇਰੇ ਕਾਮਯਾਬ ਹੋਜਾਵੇਗਾ।
ਬੇਅਦਬੀ ਕਰਨ ਵਾਲੇ ਨੂੰ ਲੋਕਾਂ ਦੇ ਸਾਹਮਣੇ ਫ਼ਾਹਾ ਲਾ ਦੇਣਾ ਚਾਹੀਦੈ-ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੂਬੇ ‘ਚ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਟਵਿੱਟਰ ‘ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਅੱਜ ਵੀ ਸਾਜ਼ਿਸ਼ਾਂ ਚੱਲ ਰਹੀਆਂ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕਿਤੇ ਵੀ ਬੇਅਦਬੀ ਦੀ ਘਟਨਾ ਭਾਵੇਂ ਕੁਰਾਨ ਸ਼ਰੀਫ਼ ਹੋਵੇ, ਭਗਵਤ ਗੀਤਾ ਹੋਵੇ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇ, ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਫ਼ਾਹਾ ਲਾ ਦੇਣਾ ਚਾਹੀਦਾ ਹੈ ਅਤੇ ਸੰਵਿਧਾਨ ਦੀ ਸਭ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਾਡੇ ਜਜ਼ਬਾਤਾਂ ਅਤੇ ਭਾਵਨਾਵਾਂ ‘ਤੇ ਠੇਸ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਕੋਈ ਗਲਤੀ ਨਹੀਂ, ਸਗੋਂ ਕੌਮ ਨੂੰ ਦਬਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਖੰਡ ਹੈ ਅਤੇ ਪਰਿਵਾਰਕ ਏਕਤਾ ਸਿਰਜਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਿੰਦੂ, ਮੁਸਲਮਾਨ, ਸਿੱਖ, ਈਸਾਈ ਇੱਕੋ ਧਾਗੇ ‘ਚ ਸਾਰੇ ਮਣਕੇ ਪਰੋਏ ਜਾਣੇ ਚਾਹੀਦੇ ਹਨ ਤਾਂ ਜੋ ਇਸ ਗੁਲਦਸਤੇ ਦੀ ਖ਼ੁਸ਼ਬੂ ਸਾਰੀ ਦੁਨੀਆ ‘ਚ ਫੈਲੇ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਸਾਡੀ ਏਕਤਾ ਅਤੇ ਪੰਜਾਬੀਅਤ ਨੂੰ ਭੰਗ ਕਰੇਗਾ, ਗੁਰੂਆਂ-ਪੀਰਾਂ ਦੀ ਵਿਚਾਰਧਾਰਾ ਨੂੰ ਭੰਗ ਕਰੇਗਾ ਤਾਂ ਮੂੰਹ ਦੀ ਖਾਵੇਗਾ ਕਿਉਂਕਿ ਪੰਜਾਬ ਇੱਕਲਾ ਉਹਦੇ ਅੱਗੇ ਚੱਟਾਨ ਵਾਂਗ ਡੱਟ ਕੇ ਖੜ੍ਹਾ ਰਹੇਗਾ ਅਤੇ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਪੰਜਾਬੀਅਤ ਨਾਲ ਟਕਰਾਵੇਗਾ, ਉਹ ਚੂਰ-ਚੂਰ ਹੋ ਜਾਵੇਗਾ।
ਕਪੂਰਥਲਾ ਚ ਨਹੀੰ ਸੀ ਬੇਅਦਬੀ, ਮੁਲਜ਼ਮ ਚੋਰੀ ਕਰਨ ਆਇਆ ਸੀ-ਆਈ ਜੀ ਜਲੰਧਰ
ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ’ਚ ਵਾਪਰੀ ਬੇਅਦਬੀ ਦੀ ਕੋਸ਼ਿਸ਼ ਕਰਨ ਦੀ ਘਟਨਾ ਨੂੰ ਲੈ ਕੇ ਜਲੰਧਰ ਜ਼ੋਨ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸ ਬੇਹੱਦ ਮੰਦਭਾਗੀ ਘਟਨਾ ਨੂੰ ਲੈ ਕੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਦੀ ਪਛਾਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਘਟਨਾਕ੍ਰਮ ਦੌਰਾਨ 2 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਜਿਸ ਨੂੰ ਲੈ ਕੇ ਪੁਲਸ ਟੀਮਾਂ ਤੇਜ਼ੀ ਨਾਲ ਜਾਂਚ ਕਰ ਰਹੀਆਂ ਹਨ। ਢਿੱਲੋਂ ਆਈ. ਜੀ. ਜਲੰਧਰ ਨੇ ਦੱਸਿਆ ਕਿ ਪਹਿਲੀ ਐੱਫ.ਆਈ.ਆਰ. 305 (295 ਏ) ਤਹਿਤ ਅਮਰਜੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਕੀਤੀ ਗਈ ਹੈ, ਜੋ ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਕਰਦਾ ਹੈ। ਦੂਜੀ ਐੱਫ. ਆਈ. ਆਰ. ਐੱਸ. ਐੱਚ. ਓ. ਦੇ ਬਿਆਨ ਦੇ ਆਧਾਰ ਉਤੇ ਕੀਤੀ ਗਈ ਹੈ ਜੋ ਮੌਕੇ ‘ਤੇ ਹਾਜ਼ਰ ਸੀ, ਜਦੋਂ ਇਹ ਸਾਰਾ ਕੁਝ ਹੋਇਆ। ਢਿੱਲੋਂ ਨੇ ਕਿਹਾ ਕਿ ਵਿਅਕਤੀ ਪ੍ਰਵਾਸੀ ਲੱਗ ਰਿਹਾ ਸੀ। ਉਸ ਨੂੰ ਭੀੜ ਨੇ ਕੁੱਟਿਆ ਤੇ ਵੀਡੀਓ ਬਣਾਈ। ਵੀਡੀਓ ਨੂੰ ਸ਼ੇਅਰ ਕਰ ਲੋਕਾਂ ਨੂੰ ਇਕੱਠਾ ਕੀਤਾ ਅਤੇ ਵਿਅਕਤੀ ਨੂੰ ਉਥੇ ਹੀ ਰੋਕ ਲਿਆ। ਪੁਲਸ ਨੇ ਬਹੁਤ ਰੋਕਿਆ ਪਰ ਭੀੜ ਨੇ ਜ਼ੋਰ-ਜ਼ਬਰਦਸਤੀ ਕਰ ਕੇ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਭੀੜ ਨੇ ਪੁਲਸ ‘ਤੇ ਹਮਲਾ ਵੀ ਕੀਤਾ ਅਤੇ ਪੁਲਸ ਦੀ ਡਿਊਟੀ ‘ਚ ਵੀ ਵਿਘਨ ਪਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਵਿਅਕਤੀ ਨੂੰ ਹਥਿਆਰ ਵਰਤ ਕੇ ਉਸ ਦੀ ਕੁੱਟਮਾਰ ਕੀਤੀ ਤੇ ਹਸਪਤਾਲ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਅੰਮ੍ਰਿਤਸਰ ਤੇ ਕਪੂਰਥਲਾ ’ਚ ਵਾਪਰੀਆਂ ਘਟਨਾਵਾਂ ਤੇ ਡੀ ਜੀ ਪੀ ਸਖਤ
ਪੰਜਾਬ ਦੇ ਨਵੇਂ ਕਾਰਜਕਾਰੀ ਡੀ. ਜੀ. ਪੀ. ਐੱਸ. ਚਟੋਪਾਧਿਆਏ ਨੇ ਕਿਹਾ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਨਾਕਾਮ ਘਟਨਾ ਵਾਪਰੀ ਸੀ ਅਤੇ ਐਤਵਾਰ ਕਪੂਰਥਲਾ ’ਚ ਵੀ ਅਜਿਹੀ ਹੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਡੀ. ਜੀ. ਪੀ. ਨੇ ਪਹਿਲਾ ਟਵੀਟ ਜਾਰੀ ਕਰਦਿਆਂ ਕਿਹਾ ਕਿ ਦੋਵੇਂ ਘਟਨਾਵਾਂ ਮੰਦਭਾਗੀਆਂ ਹਨ। ਚਟੋਪਾਧਿਆਏ ਨੇ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਪੰਜਾਬ ਪੁਲਸ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਹਰ ਕੀਮਤ ’ਤੇ ਕਾਇਮ ਰੱਖੇਗੀ। ਡੀ. ਜੀ. ਪੀ. ਚਟੋਪਾਧਿਆਏ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਚਟੋਪਾਧਿਆਏ ਨੇ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਕਿਹਾ ਹੈ ਕਿ ਸੂਬੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬੇਅਦਬੀ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਕਾਨੂੰਨ ਵਿਵਸਥਾ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਚਟੋਪਾਧਿਆਏ, ਜਿਨ੍ਹਾਂ ਨੇ ਅੱਤਵਾਦ ਵਿਰੁੱਧ ਲੰਬੀ ਜੰਗ ਲੜੀ ਹੈ, ਨੇ ਸੂਬੇ ਦੇ ਸਾਰੇ ਪੁਲਸ ਅਧਿਕਾਰੀਆਂ ਨੂੰ ਹਰ ਕੀਮਤ ’ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਿਹਾ ਹੈ। ਚਟੋਪਾਧਿਆਏ ਨੇ ਅੰਮ੍ਰਿਤਸਰ ਦੇ ਪੁਲਸ ਅਧਿਕਾਰੀਆਂ ਅਤੇ ਫਿਰ ਕਪੂਰਥਲਾ ਦੇ ਉੱਚ ਪੁਲਸ ਅਧਿਕਾਰੀਆਂ ਤੋਂ ਮੰਦਭਾਗੀ ਘਟਨਾਵਾਂ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਦੋਵਾਂ ਜ਼ਿਲਿਆਂ ਦੇ ਪੁਲਸ ਅਧਿਕਾਰੀਆਂ ਨੂੰ ਇਨ੍ਹਾਂ ਘਟਨਾਵਾਂ ਪਿੱਛੇ ਚੱਲ ਰਹੀਆਂ ਸਾਜ਼ਿਸ਼ਾਂ ਨੂੰ ਜਲਦੀ ਤੋਂ ਜਲਦੀ ਬੇਨਕਾਬ ਕਰਨ ਲਈ ਕਿਹਾ। ਦੂਜੇ ਪਾਸੇ ਸੂਬੇ ਵਿੱਚ ਹਾਈ ਅਲਰਟ ਤੋਂ ਬਾਅਦ ਕਈ ਜ਼ਿਲਿਆਂ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਸਾਰੀਆਂ ਸੰਵੇਦਨਸ਼ੀਲ ਥਾਵਾਂ ’ਤੇ ਪੁਲਸ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ।
ਸੂਬੇ ਦਾ ਮਾਹੌਲ ਖ਼ਰਾਬ ਕਰਨ ਲਈ ਰਚੀਆਂ ਜਾ ਰਹੀਆਂ ਨੇ ਸਾਜਿਸ਼ਾਂ-ਪਰਗਟ ਸਿੰਘ
ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਦੇ ਨਿਜ਼ਾਮਪੁਰ ਮੋੜ ’ਤੇ ਸਥਿਤ ਸ੍ਰੀ ਗੁਰਦੁਆਰਾ ਸਾਹਿਬ ’ਚ ਵਾਪਰੀ ਬੇਅਦਬੀ ਦੀ ਘਟਨਾ ਦੀ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਇਹ ਬਹੁਤ ਵੱਡੀ ਸਾਜਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਸਥਾਨਾਂ ’ਤੇ ਅਜਿਹੀਆਂ ਘਟਨਾਵਾਂ ਦਾ ਹੋਣਾ ਬੇਹੱਦ ਹੀ ਘਿਨਾਉਣੀ ਹਰਕਤ ਹੈ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ’ਚ ਜਿਸ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਕੀਤੀ ਗਈ, ਉਹ ਪਾਗਲਪਣ ਦਾ ਸ਼ਿਕਾਰ ਵੀ ਹੋ ਸਕਦਾ ਹੈ ਜਾਂ ਫਿਰ ਸੋਚੀ ਸਮਝੀ ਸਾਜਿਸ਼ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਏਜੰਸੀਆਂ ਵੱਲੋਂ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਜਾਂਚ ਏਜੰਸੀਆਂ ਨੂੰ ਲੈ ਕੇ ਪਰਗਟ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਸਾਡੀ ਇੰਸਟੀਟਿਊਸ਼ਨ ਨੂੰ ਮਾਰ ਦਿੱਤਾ ਹੈ, ਜੋਕਿ ਡੈਮੋਕ੍ਰੇਸੀ ’ਚ ਸਭ ਤੋਂ ਵੱਡਾ ਖ਼ਤਰਾ ਹੈ। ਅੱਜਕੱਲ੍ਹ ਜਾਂਚ ਏਜੰਸੀਆਂ ਦੇ ਹਾਲਾਤ ਠੀਕ ਨਹੀਂ ਹਨ। ਦੇਸ਼ ਦੀਆਂ ਏਜੰਸੀਆਂ ਨੂੰ ਤਗੜਾ ਰੱਖਣਾ ਚਾਹੀਦਾ ਹੈ ਕਿਉਂਕਿ ਦੇਸ਼ ਦੀਆਂ ਏਜੰਸੀਆਂ ਵੱਡੀਆਂ ਹੁੰਦੀਆਂ ਹਨ।
Comment here