ਕਿਹਾ- ਮੈਂਨੂੰ ਕੋਈ ਅਹੁਦਾ ਨੀ ਚਾਹੀਦਾ, ਮਾਫੀਆ ਸਿਸਟਮ ਖਤਮ ਕਰਨਾ ਹੈ
ਚੰਡੀਗੜ੍ਹ-ਪੰਜਾਬ ਚੋਣਾਂ ਵਿੱਚ ਬੇਅਦਬੀ ਮਾਮਲਾ ਪੂਰਾ ਗਰਮਾਇਆ ਹੋਇਆ ਹੈ, ਜਿੱਥੇ ਅਕਾਲੀ ਦਲ ਬਾਦਲ ਇਸ ਲਈ ਨਮੋਸ਼ੀ ਦਾ ਸਾਹਮਣਾ ਕਰ ਰਿਹਾ ਹੈ, ਓਥੇ ਸੱਤਾਧਾਰੀ ਕਾਂਗਰਸ ਵੀ ਇਸ ਮਾਮਲੇ ਚ ਕੁਝ ਖਾਸ ਕਾਰਵਾਈ ਨਾ ਕਰ ਸਕਣ ਕਰਕੇ ਸਵਾਲਾਂ ਦੇ ਘੇਰੇ ਵਿੱਚ ਹੈ, ਇਥੋਂ ਤਕ ਕਿ ਪਾਰਟੀ ਦੇ ਅੰਦਰ ਵੀ ਇਸ ਉੱਤੇ ਸਵਾਲ ਹੁੰਦੇ ਹਨ, ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਤਾਂ ਆਏ ਦਿਨ ਇਸ ਮਸਲੇ ਨੂੰ ਉਭਾਰਦੇ ਹਨ। ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟਾਂ ਵਿੱਚ ਪਾਰਟੀ ਦੇ ਸੂਬਾਈ ਲੀਡਰਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਸਿਸਟਮ ਨੂੰ ਢਾਹ ਦੇਣਾ ਚਾਹੀਦਾ ਹੈ, ਜਿਹੜਾ ਸਾਡੇ ਗੁਰੂਆਂ ਦੀ ਬੇਅਦਬੀ ਦਾ ਇਨਸਾਫ ਨਹੀਂ ਦੇ ਸਕਦਾ ਅਤੇ ਨਸ਼ਿਆਂ ਦੇ ਵੱਡੇ ਮਗਰਮੱਛਾਂ ਨੂੰ ਸਜ਼ਾ ਨਹੀਂ ਦਿਵਾ ਸਕਦਾ। ਕਾਂਗਰਸ ਪ੍ਰਧਾਨ ਸੋਸ਼ਲ ਮੀਡੀਆ ਟਵਿੱਟਰ ‘ਤੇ ਜਾਰੀ ਕੀਤੇ ਆਪਣੀਆਂ ਦੋ ਪੋਸਟਾਂ ਵਿੱਚ ਮੁੜ ਆਪਣੀ ਹੀ ਪਾਰਟੀ ‘ਤੇ ਉਂਗਲ ਚੁੱਕਦੇ ਨਜ਼ਰ ਆ ਰਹੇ ਹਨ। ਉਨ੍ਹਾਂ ਇੱਕ ਟਵੀਟ ‘ਚ ਕਿਹਾ, “ਇੱਕ ਸਿਸਟਮ ਜੋ ਸਾਡੇ ਗੁਰੂ ਨੂੰ ਇਨਸਾਫ਼ ਨਹੀਂ ਦੇ ਸਕਿਆ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਜ਼ਾ ਨਹੀਂ ਦੇ ਸਕਿਆ, ਨੂੰ ਢਾਹਿਆ ਜਾਣਾ ਚਾਹੀਦਾ ਹੈ। ਮੈਂ ਸਪੱਸ਼ਟ ਤੌਰ ‘ਤੇ ਕਹਿੰਦਾ ਹਾਂ ਕਿ ਮੈਂ ਕਿਸੇ ਅਹੁਦੇ ਲਈ ਨਹੀਂ ਦੌੜ ਰਿਹਾ ਅਤੇ ਜਾਂ ਤਾਂ ਇਹ ਸਿਸਟਮ ਰਹੇਗਾ ਜਾਂ ਨਵਜੋਤ ਸਿੰਘ ਸਿੱਧੂ।”
ਨਵਜੋਤ ਸਿੱਧੂ ਵੱਲੋਂ ਇਹ ਟਿਪਣੀਆਂ ਉਨ੍ਹਾਂ ਦੇ ਉਸ ਬਿਆਨ ਤੋਂ ਦੋ ਦਿਨ ਬਾਅਦ ਆਈਆਂ ਹਨ, ਜਿਸ ਵਿੱਚ ਉਨ੍ਹਾਂ ਪੰਜਾਬ ਦਾ ਮੁੱਖ ਮੰਤਰੀ ਹਾਈਕਮਾਨ ਵੱਲੋਂ ਨਹੀਂ ਸਗੋਂ ਲੋਕਾਂ ਵੱਲੋਂ ਚੁਣੇ ਜਾਣ ਬਾਰੇ ਕਿਹਾ ਸੀ। ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਸਿਸਟਮ ਨੇ ਪੰਜਾਬ ਦੀ ਤਰੱਕੀ ਵਿੱਚ ਘੁਣ ਵਾਂਗ ਕੰਮ ਕੀਤਾ ਹੈ ਅਤੇ ਸੁਧਾਰਾਂ ਦੀ ਫੌਰੀ ਲੋੜ ਹੈ। ਉਨ੍ਹਾਂ ਅੱਗੇ ਕਿਹਾ, “ਲੜਾਈ ਇਸ ਨਿਜ਼ਾਮ ਨੂੰ ਬਦਲਣ ਦੀ ਹੈ ਜਿਸ ਨੇ ਪੰਜਾਬ ਨੂੰ ਘੁਣ ਵਾਂਗ ਖੋਰਾ ਲਾਇਆ ਹੈ ਅਤੇ ਇਸ ਨੂੰ ਮਾਫੀਆ ਸ਼ਰਾਰਤੀ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਚਲਾ ਰਿਹਾ ਹੈ। ਇਹ ਪ੍ਰਣਾਲੀ ਤਬਦੀਲੀ ਅਤੇ ਸੁਧਾਰਾਂ ਦੀ ਦੁਹਾਈ ਦਿੰਦੀ ਹੈ ਕਿਉਂਕਿ ਪੰਜਾਬ ਦੀ ਸ਼ਾਨ ਨੂੰ ਕੁਝ ਸਿਆਸੀ ਨੇਤਾਵਾਂ ਅਤੇ ਮਾਫੀਆ ਦੇ ਗਠਜੋੜ ਨੇ ਤਬਾਹ ਕਰ ਦਿੱਤਾ ਹੈ।” ਸਿੱਧੂ ਨੇ ਕਿਹਾ ਕਿ ਉਹ ਕਿਸੇ ਵੀ ਅਹੁਦੇ ਲਈ ਦਾਅਵੇਦਾਰ ਨਹੀਂ ਹਨ ਅਤੇ ਉਨ੍ਹਾਂ ਦੀ ਲੜਾਈ ਕੁਝ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਮਾਫੀਆ ਵੱਲੋਂ ਚਲਾਏ ਜਾ ਰਹੇ ਸਿਸਟਮ ਤੋਂ ਪੰਜਾਬ ਨੂੰ ਨਿਜਾਤ ਦਿਵਾਉਣ ਲਈ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਦੀ ਸ਼ਾਨ ਨੂੰ ਵਾਪਸ ਲਿਆਉਣ ਲਈ ਇਸ ਸਿਸਟਮ ਨੂੰ ਖਤਮ ਕਰਨਗੇ।
Comment here