ਅਪਰਾਧਖਬਰਾਂਚਲੰਤ ਮਾਮਲੇ

ਬੇਅਦਬੀ ਕਾਂਡ ’ਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲ਼ੀਆਂ ਮਾਰ ਕੇ ਕਤਲ

* ਗੰਨਮੈਨ ਸਮੇਤ ਦੋ ਵਿਅਕਤੀ ਗੰਭੀਰ ਜ਼ਖਮੀ
* ਭਗਵੰਤ ਮਾਨ ਨੇ ਕਾਰਵਾਈ ਦੇ ਦਿੱਤੇ ਨਿਰਦੇਸ਼
* ਵਿਰੋਧੀਆਂ ਨੇ ‘ਆਪ’ ਸਰਕਾਰ ਨੂੰ ਘੇਰਿਆ

ਕੋਟਕਪੂਰਾ-ਬੇਅਦਬੀ ਕਾਂਡ ਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਹਰੀਨੌ ਪਿੰਡ ਨੂੰ ਜਾਣ ਵਾਲੀ ਸੜਕ ’ਤੇ ਇਕ ਬੇਅਦਬੀ ਕਾਂਡ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਪ੍ਰਦੀਪ ਰਾਜੂ ਦਾ ਸਵੇਰੇ ਕਰੀਬ 7:00 ਵਜੇ ਹਮਲਾਵਰਾਂ ਨੇ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ। ਤਿੰਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ 5 ਹਮਲਾਵਰਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ, ਪ੍ਰਦੀਪ ਰਾਜੂ ਦੀ ਮੌਤ ਜਦਕਿ ਉਸਦੇ ਗੰਨਮੈਨ ਹਾਕਮ ਸਿੰਘ ਅਤੇ ਗੁਆਂਢੀ ਅਮਰ ਸਿੰਘ ਵਿਰਦੀ ਦੇ ਗੋਲੀਆਂ ਵੱਜਣ ਕਾਰਨ ਉਹ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਰਾਜੂ ਬੇਅਦਬੀ ਕਾਂਡ ਦੇ 12 ਅਕਤੂਬਰ 2015 ਨੂੰ ਥਾਣਾ ਬਾਜਾਖਾਨਾ ਵਿਖੇ ਦਰਜ ਐੱਫਆਈਆਰ ਨੰਬਰ 128 ਦੇ ਮਾਮਲੇ ਵਿੱਚ ਨਾਮਜ਼ਦ ਸੀ।
ਫਰੀਦਕੋਟ ਅਦਾਲਤ ਤੋਂ ਜਮਾਨਤ ’ਤੇ ਆਇਆ ਹੋਣ ਕਰਕੇ ਪੁਲਿਸ ਪ੍ਰਸ਼ਾਸ਼ਨ ਵਲੋਂ ਉਸਨੂੰ ਦੋ ਸੁਰੱਖਿਆ ਕਰਮੀ ਵੀ ਮੁਹੱਈਆ ਕਰਵਾਏ ਹੋਏ ਸਨ ਪਰ ਘਟਨਾ ਮੌਕੇ ਉਹਨਾਂ ਵਿੱਚੋਂ ਇਕ ਪੁਲਿਸ ਮੁਲਾਜ਼ਮ ਹੀ ਮੌਜੂਦ ਸੀ, ਹਮਲਾਵਰ ਮੌਕੇ ’ਤੇ ਇਕ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ ਐੱਚ.ਆਰ. 14 ਏ 4083 ਛੱਡ ਕੇ ਫਰਾਰ ਹੋ ਗਏ, ਪੁਲਿਸ ਨੇ ਮੋਟਰਸਾਈਕਲ ਕਬਜੇ ਵਿੱਚ ਲੈ ਲਿਆ ਹੈ, ਫਾਰੈਂਸਿਕ ਮਾਹਰਾਂ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ ਹਨ, ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਆਈ.ਜੀ. ਪ੍ਰਦੀਪ ਕੁਮਾਰ ਯਾਦਵ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਐੱਸ.ਐੱਸ.ਪੀ. ਰਾਜਪਾਲ ਸਿੰਘ ਸੰਧੂ ਨੇ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
ਫਰੀਦਕੋਟ ਜ਼ਿਲੇ ‘ਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ 9 ਡੇਰਾ ਪ੍ਰੇਮੀਆਂ ਦੀ ਸੁਰੱਖਿਆ ‘ਚ 27 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬੇਅਦਬੀ ਮਾਮਲੇ ‘ਚ ਹੁਣ ਤੱਕ 3 ਡੇਰਾ ਪ੍ਰੇਮੀਆਂ ਦਾ ਕਤਲ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ‘ਚੋਂ ਇਕ ਕੋਟਕਪੂਰਾ ਨਿਵਾਸੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ ‘ਚ ਕਤਲ ਹੋ ਚੁੱਕਾ ਹੈ, ਜਦਕਿ ਗੁਰਦੇਵ ਲਾਲ ਵਾਸੀ ਬੁਰਜ ਜਵਾਹਰ ਸਿੰਘ ਵਾਲਾ ਨੂੰ ਵੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਸੀ।
ਵਿਦੇਸ਼ ‘ਚ ਬੈਠੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰ ਗੋਲਡੀ ਬਰਾੜ ਨੇ ਵੀਰਵਾਰ ਸਵੇਰੇ ਫਰੀਦਕੋਟ ‘ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ‘ਤੇ ਪੋਸਟ ਪਾ ਕੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਮੂਸੇਵਾਲਾ ਕਤਲੇਆਮ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੇ ਕਿਹਾ ਕਿ ਸਰਕਾਰ ਪਿਛਲੇ 7 ਸਾਲਾਂ ਤੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਇਨਸਾਫ਼ ਨਹੀਂ ਦੇ ਸਕੀ, ਇਸ ਲਈ ਅਸੀਂ ਆਪਣੇ ਆਪ ਨਾਲ ਇਨਸਾਫ ਕੀਤਾ ਹੈ। ਹਾਲਾਂਕਿ ਪੁਲਿਸ ਅਜੇ ਤੱਕ ਇਸ ਪੋਸਟ ਦੀ ਪੁਸ਼ਟੀ ਨਹੀਂ ਕਰ ਸਕੀ ਕਿ ਇਹ ਪੋਸਟ ਗੋਲਡੀ ਬਰਾੜ ਦੀ ਹੈ ਜਾਂ ਨਹੀਂ।

ਸੀਐੱਮ ਮਾਨ ਨੇ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦਿਆਂ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੇ ਨਾਪਾਕ ਮਨਸੂਬੇ ਕਿਸੇ ਵੀ ਕੀਮਤ ਉਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਅੱਜ ਇੱਥੇ ਅਮਨ-ਕਾਨੂੰਨ ਦੀ ਵਿਵਸਥਾ ਦਾ ਜਾਇਜ਼ਾ ਲੈਣ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕੋਟਕਪੂਰਾ ਵਿਚ ਡੇਰਾ ਪ੍ਰੇਮੀ ਦੀ ਹੱਤਿਆ ਦੇ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੇ ਹੁਕਮ ਦਿੱਤੇ ਤਾਂ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਮਿਸਾਲੀ ਸਜ਼ਾ ਦਿਵਾਈ ਜਾ ਸਕੇ। ਇਸ ਦੌਰਾਨ ਸੀਨੀਅਰ ਪੁਲਿਸ ਅਫ਼ਸਰਾਂ ਨੇ ਮੁੱਖ ਮੰਤਰੀ ਨੂੰ ਇਸ ਘਟਨਾ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਅਜਿਹੀਆਂ ਘਟਨਾਵਾਂ ਰਾਹੀਂ ਸਾਡੀ ਸਦੀਆਂ ਪੁਰਾਣੀ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ, ਆਪਸੀ ਪਿਆਰ ਅਤੇ ਏਕਤਾ ਦੀਆਂ ਮਜ਼ਬੂਤ ਤੰਦਾਂ ਨੂੰ ਢਾਹ ਲਾਉਣ ਦੀਆਂ ਘਟੀਆ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ ਉਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮੈਂ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਡੀ ਸਰਕਾਰ ਹਰ ਹਾਲ ਵਿਚ ਅਮਨ-ਸ਼ਾਂਤੀ ਕਾਇਮ ਰੱਖੇਗੀ ਅਤੇ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ।”

ਪੰਜਾਬ ਪੂਰੀ ਤਰ੍ਹਾਂ ਕੁਧਰਮ ਵੱਲ ਵਧ ਰਿਹਾ ਹੈ : ਕੈਪਟਨ ਅਮਰਿੰਦਰ ਸਿੰਘ
ਫਰੀਦਕੋਟ ‘ਚ ਬੇਅਦਬੀ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕੈਪਟਨ ਅਮਰਿਦਰ ਸਿੰਘ ਨੇ ਸੂਬਾ ਸਰਕਾਰ ਉਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਫੇਸਬੁਕ ਉਤੇ ਪੋਸਟ ਪਾਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਰੋਜ਼ਾਨਾ ਕਤਲ, ਦਿਨ-ਦਿਹਾੜੇ ਗੋਲੀਬਾਰੀ! ਇਹ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਪੂਰੀ ਤਰ੍ਹਾਂ ਕੁਧਰਮ ਵੱਲ ਵਧ ਰਿਹਾ ਹੈ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਸਭ ਨੂੰ ਰੋਕਣ ਲਈ ਕੁਝ ਨਹੀਂ ਕਰ ਪਾ ਰਹੀ। ਮੈਂ ਭਗਵੰਤ ਮਾਨ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਇਸਤੋਂ ਪਹਿਲੇ ਕਿ ਪੰਜਾਬ 80 ਦੇ ਦਹਾਕੇ ਦੇ ਕਾਲੇ ਦੌਰ ਵੱਲ ਵਾਪਿਸ ਜਾਏ ਉਸਤੋਂ ਪਹਿਲੇ ਹੀ ਉਹ ਰਾਜ ਦੀ ਕਾਨੂੰਨ ਵਿਵਸਥਾ ‘ਤੇ ਧਿਆਨ ਕੇਂਦਰਤ ਕਰਨਾ ਸ਼ੁਰੂ ਕਰ ਦੇਵਣ।

‘ਆਪ’ ਸਰਕਾਰ ਦੌਰਾਨ ਸੂਬੇ ‘ਚ ਫੈਲੀ ਅਰਾਜਕਤਾ : ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਪੂਰੀ ਤਰ੍ਹਾਂ ਸੁਰਾਗਹੀਣ ਹੈ ਅਤੇ ਪੰਜਾਬ ‘ਚ ਅਰਾਜਕਤਾ ਫੈਲ ਚੁੱਕੀ ਹੈ। ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਹਨ, ਜੋ ਸੂਬੇ ਲਈ ਖ਼ਤਰੇ ਦੀ ਨਿਸ਼ਾਨੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸੇ ਵੀ ਕਤਲ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਹਰ ਕੀਮਤ ‘ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।
ਵੜਿੰਗ ਨੇ ਅਰਵਿੰਦ ਕੇਜਰੀਵਾਲ ਨੂੰ ਸਰਕਾਰ ਬਣਨ ਦੇ 24 ਘੰਟਿਆਂ ਦੇ ਅੰਦਰ-ਅੰਦਰ ਬੇਅਦਬੀ ਮਾਮਲਿਆਂ ਵਿੱਚ ਨਿਆਂ ਦੇਣ ਦਾ ਵਾਅਦਾ ਯਾਦ ਕਰਵਾਇਆ। ਉਨ੍ਹਾਂ ਕਿਹਾ ਕਿ ਲੋਕ ਆਪਣੇ ਆਪ ਨੂੰ ਠੱਗਿਆ ਅਤੇ ਨਿਰਾਸ਼ ਮਹਿਸੂਸ ਕਰ ਰਹੇ ਹਨ, ਜਿਸਦਾ ਨਤੀਜਾ ਅੱਜ ਕੋਟਕਪੂਰਾ ਵਿੱਚ ਜੋ ਵਾਪਰਿਆ ਹੈ, ਉਹ ਸਭ ਦੇ ਸਾਹਮਣੇ ਹੈ ਅਤੇ ਇਹ ਸੂਬੇ ਲਈ ਚੰਗਾ ਨਹੀਂ ਹੈ।

ਪੰਜਾਬ ਬਣਿਆ ਅਪਰਾਧ ਦੀ ਰਾਜਧਾਨੀ-ਚੁੱਘ
ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਪਰਦੀਪ ਦਾ ਅਣਪਛਾਤੇ ਮੋਟਰਸਾਈਕਲ ਵਿਅਕਤੀਆਂ ਵੱਲੋਂ ਕਤਲ ਨੂੰ ਭਾਜਪਾ ਆਗੂ ਤਰੁਣ ਚੁੱਘ ਨੇ ਦੁਖਦਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕਾਨੂੰਨੀ ਨੂੰ ਹੱਥ ‘ਚ ਲੈਣ ਦਾ ਅਧਿਕਾਰ ਨਹੀਂ ਹੈ ਅਤੇ ਬੇਅਦਬੀ ਮਾਮਲੇ ‘ਚ ਸਜ਼ਾ ਦੇਣ ਦਾ ਅਧਿਕਾਰ ਸਿਰਫ਼ ਮਾਣਯੋਗ ਅਦਾਲਤ ਦਾ ਹੈ ਤੇ ਇਸ ਦੀ ਕਾਨੂੰਨੀ ਪ੍ਰਕਿਰਿਆ ਵੀ ਚੱਲ ਰਹੀ ਹੈ। ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਅੰਦਰ ਬਣ ਗਏ ਹਨ, ਰੋਜ਼ ਲਗਾਤਾਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਲੋਕਾਂ ਕੋਲ ਸੁਰੱਖਿਆ ਹੈ, ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ।ਅਜਿਹੇ ਹਾਲਾਤ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹਰਿਆ-ਭਰਿਆ ਪੰਜਾਬ ਹੁਣ ਅੱਜ ਅਪਰਾਧ ਦੀ ਰਾਜਧਾਨੀ ਬਣ ਗਿਆ ਹੈ। ਚੁੱਘ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨਿਕਮੀ ਹੈ ਅਤੇ ਭ੍ਰਿਸ਼ਟਾਚਾਰ, ਅੱਤਵਾਦ, ਮਾਫ਼ੀਆਬਾਦ , ਅੱਤਿਆਚਾਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਨੇ ਸੂਬੇ ਨੂੰ ਅਪਰਾਧ ਦੀ ਰਾਜਧਾਨੀ ਬਣਾ ਦਿੱਤਾ ਹੈ, ਜੋ ਕਿ ਬਹੁਤ ਦੁਖਦਾਈ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਹੋਇਆ : ਗਰੇਵਾਲ
ਪੰਜਾਬ ਵਿਚ ਦਿਨੋਂ-ਦਿਨ ਅਮਨ ਤੇ ਕਾਨੂੰਨ ਦੀ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ, ਜੋ ਪੰਜਾਬ ਦੇ ਲੋਕਾਂ ਲਈ ਅਤੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਅੱਜ ਇੱਥੇ ਪਾਰਟੀ ਆਗੂ ਹਰਦੇਵ ਸਿੰਘ ਉੱਭਾ ਦੇ ਘਰ ਵਰਕਰਾਂ ਨਾਲ ਮਿਲਣ ਮੌਕੇ ਕੀਤਾ। ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਦਿਨੋਂ ਦਿਨ ਲਾਅ ਐਂਡ ਆਰਡਰ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ, ਗੈਂਗਸਟਰ ਫੋਨ ਕਾਲਾਂ ਉਤੇ ਫਿਰੋਤੀਆਂ ਮੰਗ ਰਹੇ ਹਨ। ਪੰਜਾਬ ਵਿਚ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਨੇ ਪਹਿਲਾਂ ਹੀ ਕਾਲਾ ਦੌਰ ਦੇਖਿਆ ਹੈ ਜਿਸ ਵਿਚ ਮਾਵਾਂ ਨੂੰ ਆਪਣੇ ਪੁੱਤਰ ਗੁਆਉਣੇ ਪਏ, ਹੁਣ ਫਿਰ ਮੁੜ ਉਸੇ ਦੌਰ ਵੱਲ ਧੱਕਿਆ ਜਾ ਰਿਹਾ ਹੈ। ਇਕ ਪਾਸੇ ਪੰਜਾਬ ਦੇ ਹਾਲਤ ਖ਼ਰਾਬ ਹੋ ਰਹੇ ਹਨ, ਦੂਜੇ ਪਾਸੇ ‘ਆਪ’ ਸਰਕਾਰ ਪੰਜਾਬ ਨੂੰ ਲਾਵਾਰਸ ਕਰਕੇ ਚੋਣਾਂ ਵਾਲੇ ਸੂਬਿਆਂ ਵਿਚ ਜਾ ਕੇ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਦਿਨੋਂ ਦਿਨ ‘ਆਪ’ ਸਰਕਾਰ ਵਿਰੁੱਧ ਗੁੱਸਾ ਵਧਦਾ ਜਾ ਰਿਹਾ ਹੈ।

ਬੇਅਦਬੀ ਮਾਮਲੇ ‘ਚ ਹੁਣ ਤਕ 7 ਡੇਰਾ ਪ੍ਰੇਮੀਆਂ ਦਾ ਹੋ ਚੁੱਕਾ ਕਤਲ

ਪੰਜਾਬ ‘ਚ 2015 ਦੇ ਬੇਅਦਬੀ ਮਾਮਲੇ ‘ਚ ਹੁਣ ਤਕ 7 ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ। ਫਰੀਦਕੋਟ ‘ਚ ਵੀਰਵਾਰ ਸਵੇਰੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਕਾਤਲ ਮੋਟਰਸਾਈਕਲ ‘ਤੇ ਆਏ ਸਨ। ਉਹ ਪ੍ਰਦੀਪ ਸਿੰਘ ਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ।
ਇਸ ਤੋਂ ਪਹਿਲਾਂ 13 ਜੂਨ 2016 ਨੂੰ ਗੁਰਦੇਵ ਸਿੰਘ ਦਾ 25 ਫਰਵਰੀ 2017 ਨੂੰ ਖੰਨਾ ਦੇ ਪਿੰਡ ਜਗੇੜਾ ਵਿੱਚ ਸਤਪਾਲ ਸ਼ਰਮਾ ਤੇ ਉਸ ਦੇ ਪੁੱਤਰ ਰਮੇਸ਼ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਸੀ। 23 ਜਨਵਰੀ 2019 ਨੂੰ ਨਾਭਾ ਜੇਲ੍ਹ ਵਿੱਚ ਬੰਦ ਮਹਿੰਦਰ ਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਸੀ। 20 ਜਨਵਰੀ 2020 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈ ਵਿੱਚ ਮਨੋਹਰ ਲਾਲ ਦਾ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਪਿਛਲੇ ਸਾਲ ਦਸੰਬਰ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿੱਚ ਚਰਨ ਦਾਸ ਦਾ ਕਤਲ ਕਰ ਦਿੱਤਾ ਗਿਆ ਸੀ।
ਗੁਰਦੇਵ ਸਿੰਘ ਦਾ 2016 ਵਿੱਚ ਕੀਤਾ ਗਿਆ ਸੀ ਕਤਲ
ਡੇਰਾ ਸੱਚਾ ਸੌਦਾ ਦੇ ਪੈਰੋਕਾਰ ਗੁਰਦੇਵ ਸਿੰਘ ਦੀ 13 ਜੂਨ 2016 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਉਕਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਰਦੇਵ ਸਿੰਘ ਦੀ ਕਰਿਆਨੇ ਦੀ ਦੁਕਾਨ ਸੀ, ਜਿੱਥੋਂ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਗਿਆ ਸੀ। ਘਟਨਾ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਡੀਐਮਸੀ ਲੁਧਿਆਣਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ 17 ਜੂਨ ਨੂੰ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਤਿੰਨ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਖੰਨਾ ‘ਚ 2017 ‘ਚ ਪਿਓ-ਪੁੱਤ ਦਾ ਕਤਲ
25 ਫਰਵਰੀ 2017 ਨੂੰ ਪੰਜਾਬ ਦੇ ਖੰਨਾ ਜ਼ਿਲ੍ਹੇ ਦੇ ਪਿੰਡ ਜਗੇੜਾ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਮਚਰਚਾ ਘਰ ਦੀ ਕੰਟੀਨ ਵਿੱਚ ਕੰਮ ਕਰਦੇ ਪਿਓ-ਪੁੱਤ ਨੂੰ ਨਕਾਬਪੋਸ਼ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਦੋਵਾਂ ਲਾਸ਼ਾਂ ਦੇ ਨਾਮ ਚਰਚਾ ਘਰ ਵਿੱਚ ਹੀ ਰੱਖੇ ਗਏ ਸਨ। ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਹੀ ਡੇਰਾ ਪ੍ਰੇਮੀਆਂ ਨੇ ਹਾਮੀ ਭਰੀ ਅਤੇ ਲਾਸ਼ਾਂ ਦਾ ਸਸਕਾਰ ਕਰ ਦਿੱਤਾ।
ਬਿੱਟੂ ਦਾ ਕਤਲ ਨਾਭਾ ਜੇਲ੍ਹ ਵਿੱਚ ਹੋਇਆ ਸੀ
23 ਜਨਵਰੀ 2019 ਨੂੰ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ। ਫਰੀਦਕੋਟ ਦੇ ਰਹਿਣ ਵਾਲੇ ਬਿੱਟੂ ‘ਤੇ ਦੋ ਹੋਰ ਕੈਦੀਆਂ ਨੇ ਲੋਹੇ ਦੀਆਂ ਸਲਾਖਾਂ ਨਾਲ ਹਮਲਾ ਕਰ ਦਿੱਤਾ। ਉਹ ਸੁਣਵਾਈ ਅਧੀਨ ਕੈਦੀ ਸੀ। ਹਮਲੇ ਵਿੱਚ ਮਹਿੰਦਰਪਾਲ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਬਿੱਟੂ ਨੂੰ ਐਸਆਈਟੀ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਨਾਭਾ ਜੇਲ੍ਹ ਵਿੱਚ ਬੰਦ ਸੀ। ਉਹ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ।
ਮਨੋਹਰ ਲਾਲ ਨੇ ਭਗਤਾ ਭਾਈਕਾ ਵਿੱਚ ਚਲਾਈ ਗੋਲੀ
20 ਜਨਵਰੀ 2020 ਨੂੰ ਪੰਜਾਬ ਦੇ ਬਠਿੰਡਾ ਦੇ ਭਗਤਾ ਭਾਈਕਾ ‘ਚ ਦੋ ਮੋਟਰਸਾਈਕਲ ਸਵਾਰਾਂ ਨੇ ਦੁਕਾਨ ‘ਤੇ ਬੈਠੇ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਸਿਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਨੋਹਰ ਲਾਲ ਭਗਤਾ ਭਾਈ ਕਾ ਵਿੱਚ ਮਨੀ ਐਕਸਚੇਂਜਰ ਦਾ ਕੰਮ ਕਰਦਾ ਹੈ। ਬੱਸ ਸਟੈਂਡ ਦੇ ਕੋਲ ਉਸ ਦੀ ਦੁਕਾਨ ਸੀ। ਮਨੋਹਰ ਲਾਲ ਦੇ ਬੇਟੇ ਦਾ ਨਾਂ ਬੇਅਦਬੀ ਮਾਮਲੇ ਨਾਲ ਜੁੜਿਆ ਸੀ।
ਚਰਨਦਾਸ ਦਾ ਹੋ ਗਿਆ ਕਤਲ
ਪਿਛਲੇ ਸਾਲ 3 ਦਸੰਬਰ 2021 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਖੇ ਕਰੀਬ ਅੱਠ ਵਜੇ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਵੱਲੋਂ ਡੇਰਾ ਪ੍ਰੇਮੀ ਚਰਨਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੇ ਸਮੇਂ ਚਰਨਦਾਸ ਪਿੰਡ ‘ਚ ਆਪਣੀ ਕਰਿਆਨੇ ਦੀ ਦੁਕਾਨ ‘ਤੇ ਬੈਠਾ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਮੁਲਜ਼ਮਾਂ ਵਿੱਚੋਂ ਇੱਕ ਮੋਟਰਸਾਈਕਲ ’ਤੇ ਬੈਠਾ ਰਿਹਾ, ਜਦਕਿ ਦੂਜੇ ਨੇ ਦੁਕਾਨ ’ਤੇ ਆ ਕੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਦੋਸ਼ ਸੀ ਕਿ ਅਪ੍ਰੈਲ 2018 ਵਿੱਚ ਚਰਨ ਦਾਸ ਨੇ ਘਰੇਲੂ ਝਗੜੇ ਵਿੱਚ ਹਿੱਸਾ ਲੈਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਨੰਗੇ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਲਿਆ ਸੀ। ਉਸ ਦੀ ਭਰਜਾਈ ਵੀ ਉਸ ਦੇ ਨਾਲ ਸੀ। ਇਸ ਤੋਂ ਬਾਅਦ ਚਰਨਦਾਸ ਦੇ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

Comment here