ਸਿਹਤ-ਖਬਰਾਂਖਬਰਾਂ

‘ਬੂਸਟਰ ਡੋਜ਼’ ਸ਼ੁਰੂ

ਨਵੀਂ ਦਿੱਲੀ-ਬੀਤੇ ਦਿਨੀਂ ਮਹਾਮਾਰੀ ਦੀ ਵਧਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਦਿੱਲੀ ਅਤੇ ਗੁਜਰਾਤ ’ਚ 60 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ, ਸਹਿਤ ਕਾਮਿਆਂ ਅਤੇ ਫਰੰਟ ਲਾਈਨ ਕਾਮਿਆਂ ਨੂੰ ਕੋਵਿਡ ਟੀਕੇ ਦੀ ‘ਬੂਸਟਰ ਡੋਜ਼’ (ਤੀਜੀ ਖੁਰਾਕ) ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ‘ਬੂਸਟ ਡੋਜ਼’ ਇਸ ਸ਼੍ਰੇਣੀ ਦੇ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ 9 ਮਹੀਨਿਆਂ ਪਹਿਲਾਂ ਟੀਕੇ ਦੀ ਦੂਜੀ ਖਰੁਾਕ ਲਈ ਸੀ। ਅਜਿਹੇ ’ਚ ਕਰੀਬ 3 ਲੱਖ ਲੋਕ ਸੋਮਵਾਰ ਤੋਂ ਕੋਰੋਨਾ ਟੀਕੇ ਦੀ ਤੀਜੀ ਖੁਰਾਕ (ਬੂਸਟਰ ਡੋਜ਼) ਪ੍ਰਾਪਤ ਕਰਨ ਦੇ ਯੋਗ ਹਨ। ਇਸਤੋਂ ਇਲਾਵਾ ਗੁਜਰਾਤ ਸਿਹਤ ਵਿਭਾਗ ਦਾ ਟੀਚਾ 9 ਲੱਖ ਯੋਗ ਲੋਕਾਂ ਨੂੰ ਤੀਜੀ ਖੁਰਾਕ ਦੇਣ ਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵੇਦਨਸ਼ੀਲ ਲੋਕਾਂ ਅਤੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਜ਼ਿਆਦਾ ਜ਼ੋਖਮ ਵਾਲੇ ਲੋਕਾਂ ਲਈ ਬੂਸਟਰ ਡੋਜ਼ ਦਾ 24 ਦਸੰਬਰ ਨੂੰ ਐਲਾਨ ਕੀਤਾ ਸੀ।
ਗੁਜਰਾਤ ਦੇ ਮੁੱਖ ਮੰਤਰੀ ਦਫਤਰ ਵਲੋਂ ਜਾਰੀ ਇਕ ਬਿਆਨ ਮੁਤਾਬਕ, ਮੁਹਿੰਮ ਦੀ ਸ਼ੁਰੂਆਤ ਦੌਰਾਨ ਮੁੱਖ ਮੰਤਰੀ ਭੁਪੇਂਦਰ ਪਟੇਲ ਰਾਜਧਾਨੀ ਗਾਂਧੀਨਗਰ ਦੇ ਇਕ ਸ਼ਹਿਰੀ ਸਿਹਤ ਕੇਂਦਰ ’ਚ ਮੌਜੂਦ ਸਨ। ਬਿਆਨ ’ਚ ਦੱਸਿਆ ਗਿਆ ਹੈ ਕਿ ਲਗਭਗ 9 ਲੱਖ ਯੋਗ ਲੋਕਾਂ ਨੂੰ ਕਰੀਬ 3,500 ਟੀਕਾਕਰਨ ਕੇਂਦਰਾਂ ’ਤੇ ਬੂਸਟਰ ਡੋਜ਼ ਦਿੱਤੀ ਜਾਵੇਗੀ, ਜਿਥੇ 17,000 ਤੋਂ ਜ਼ਿਆਦਾ ਸਿਹਤ ਕਾਮਿਆਂ ਨੂੰ ਇਸਕੰਮ ਚ ਲਗਾਇਆ ਗਿਆ ਹੈ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਟੀਕੇ ਦੀ ਦੂਜੇ ਖੁਰਾਕ ਦੀ ਤਾਰੀਖ਼ ਅਤੇ ਬੂਸਟਰ ਡੋਜ਼ ਵਿਚਕਾਰ 9 ਮਹੀਨਿਆਂ (39 ਹਫਤਿਆਂ) ਦਾ ਫਰਕ ਹੋਣਾ ਚਾਹੀਦਾ ਹੈ। ਕੋਵਿਨ ਤੀਜੀ ਖੁਰਾਕ ਲਈ ਸਾਰੇ ਯੋਗ ਲੋਕਾਂ ਨੂੰ ਸੰਦੇਸ਼ ਭੇਜੇਗਾ ਅਤੇ ਬੂਸਟਰ ਡੋਜ਼ ਲਗਵਾਉਣ ਤੋਂ ਬਾਅਦ ਇਸਨੂੰ ਡਿਜੀਟਲ ਟੀਕਾਕਰਨ ਪ੍ਰਮਾਣਪੱਤਰ ’ਚ ਸ਼ਾਮਲ ਕੀਤਾ ਜਾਵੇਗਾ। ਇਸ ਵਿਚਕਾਰ ਸੂਬੇ ਦੇ ਸਿਹਤ ਵਿਭਾਗ ਨੇ ਐਤਵਾਰ ਤਕ 15 ਤੋਂ 18 ਸਾਲ ਦੀ ਉਮਰ ਵਰਗ ਦੇ 18.73 ਲੱਖ ਕਿਸ਼ੋਰਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਲਗਾਈ।
3 ਜਨਵਰੀ ਨੂੰ ਕੇਂਦਰ ਨੇ ਦਿੱਲੀ ’ਚ 15 ਤੋਂ 17 ਸਾਲ ਦੀ ਉਮਰ ਦੇ ਕਿਸ਼ੋਰਾਂ ਲਈ ਟੀਕਾਕਰਨ ਸ਼ੁਰੂ ਕੀਤਾ ਸੀ। ਦਿੱਲੀ ’ਚ ਇਸ ਉਮਰ ਵਰਗ ਦੇ ਲਗਭਗ 2.4 ਲੱਖ ਲਾਭਪਾਤਰੀਆਂ ਨੂੰ ਹੁਣ ਤਕ ਪਹਿਲੀ ਖੁਰਾਕ ਮਿਲ ਚੁੱਕੀ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਪਿਛਲੇ ਸਾਲ 16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤੋਂ ਬਾਅਦ ਹੁਣ ਤਕ ਸ਼ਹਿਰ ’ਚ 2.75 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 1.16 ਕਰੋੜ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।

Comment here