ਸਿਆਸਤਖਬਰਾਂਦੁਨੀਆ

ਬੁੱਧ ਪੂਰਨਿਮਾ ਮੌਕੇ ਪੀ ਐੱਮ ਮੋਦੀ ਨੇਪਾਲ ਜਾਣਗੇ

ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਮਈ ਨੂੰ ਬੁੱਧ ਪੂਰਨਿਮਾ ਮੌਕੇ ਨੇਪਾਲ ਦਾ ਇੱਕ ਦਿਨਾ ਦੌਰਾ ਕਰਨਗੇ। ਉਹ ਭਗਵਾਨ ਗੌਤਮ ਬੁੱਧ ਦੇ ਜਨਮ ਸਥਾਨ ਲੁੰਬੀਨੀ ਜਾਣਗੇ। ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਦੀ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੇ ਸੱਦੇ ‘ਤੇ ਗੁਆਂਢੀ ਦੇਸ਼ ਦਾ ਦੌਰਾ ਕਰਨਗੇ। ਮੰਤਰਾਲੇ ਨੇ ਕਿਹਾ ਕਿ ਮੋਦੀ ਲੁੰਬੀਨੀ ਦੇ ਮਾਇਆਦੇਵੀ ਮੰਦਰ ‘ਚ ਪੂਜਾ ਕਰਨਗੇ। ਇਸ ਤੋਂ ਇਲਾਵਾ ਉਹ ਲੁੰਬੀਨੀ ਡਿਵੈਲਪਮੈਂਟ ਟਰੱਸਟ ਵੱਲੋਂ ਕਰਵਾਏ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਲੁੰਬੀਨੀ ਮੱਠ ਖੇਤਰ ਵਿੱਚ ਬੋਧੀ ਸੱਭਿਆਚਾਰ ਅਤੇ ਵਿਰਾਸਤ ਕੇਂਦਰ ਦੇ ਨੀਂਹ ਪੱਥਰ ਸਮਾਗਮ ਵਿੱਚ ਵੀ ਹਿੱਸਾ ਲੈਣਗੇ। ਮੰਤਰਾਲੇ ਮੁਤਾਬਕ ਦੋਵਾਂ ਪ੍ਰਧਾਨ ਮੰਤਰੀਆਂ ਵਿਚਾਲੇ ਦੁਵੱਲੀ ਮੀਟਿੰਗ ਵੀ ਹੋਵੇਗੀ। 2014 ‘ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀਐੱਮ ਮੋਦੀ ਨੇਪਾਲ ਦਾ ਪੰਜਵਾਂ ਦੌਰਾ ਕਰਨਗੇ। ਮੋਦੀ ਨੂੰ ਲੁੰਬੀਨੀ ਬੋਧੀ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਯੂਨੀਵਰਸਿਟੀ ਕਾਰਜਕਾਰੀ ਕੌਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ। ਨੇਪਾਲ ‘ਚ ਲੋਕਲ ਬਾਡੀ ਚੋਣਾਂ ਕਾਰਨ ਭਾਰਤ-ਨੇਪਾਲ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਦੋਵਾਂ ਦੇਸ਼ਾਂ ਦੀ ਸਰਹੱਦ ਹੁਣ 13 ਮਈ ਨੂੰ ਸ਼ਾਮ 7 ਵਜੇ ਆਮ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੀ ਜਾਵੇਗੀ। ਨੇਪਾਲ ਵਿੱਚ 13 ਮਈ ਨੂੰ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਣੀ ਹੈ। ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਵੋਟਾਂ ਵਾਲੇ ਦਿਨ ਕੋਈ ਗੜਬੜ ਨਾ ਹੋਵੇ।

Comment here