ਕਾਠਮੰਡੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੇਪਾਲ ਦੇ ਸੰਖੇਪ ਦੌਰੇ ‘ਤੇ ਗੌਤਮ ਬੁੱਧ ਦੀ ਜਨਮ ਭੂਮੀ ਲੁੰਬੀਨੀ ਪਹੁੰਚੇ। ਉਨ੍ਹਾਂ ਨੇ ਇੱਥੇ ਮਹਾਮਾਇਆ ਦੇਵੀ ਮੰਦਰ ਵਿੱਚ ਪੂਜਾ ਅਰਚਨਾ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਵੀ ਮੌਜੂਦ ਸਨ। ਲੁੰਬੀਨੀ ਨੇਪਾਲ ਦੇ ਤਰਾਈ ਮੈਦਾਨਾਂ ਵਿੱਚ ਸਥਿਤ ਹੈ ਅਤੇ ਬੁੱਧ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਮੋਦੀ ਆਪਣੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦੇਉਬਾ ਦੇ ਸੱਦੇ ‘ਤੇ ਲੁੰਬੀਨੀ ਪਹੁੰਚੇ ਹਨ। ਸਾਲ 2014 ‘ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਦੀ ਨੇਪਾਲ ਦੀ ਇਹ 5ਵੀਂ ਯਾਤਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਹਾਜ਼ ਸੋਮਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਵਫ਼ਦ ਦੇ ਮੈਂਬਰ ਵੀ ਮੌਜੂਦ ਸਨ। ਇੱਥੋਂ ਉਹ ਭਾਰਤੀ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਰਾਹੀਂ ਲੁੰਬੀਨੀ ਪੁੱਜੇ। ਉਨ੍ਹਾਂ ਨੇ ਮਹਾਮਾਇਆ ਦੇਵੀ ਮੰਦਰ ‘ਚ ਪੂਜਾ ਅਰਚਨਾ ਕੀਤੀ ਅਤੇ ਫਿਰ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਮਿਲ ਕੇ ਲੁੰਬੀਨੀ ਬੋਧੀ ਮੱਠ ਖੇਤਰ ‘ਚ ਬੋਧੀ ਸੱਭਿਆਚਾਰ ਅਤੇ ਵਿਰਾਸਤ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇੰਟਰਨੈਸ਼ਨਲ ਬੋਧੀ ਕਲਚਰ ਐਂਡ ਹੈਰੀਟੇਜ ਸੈਂਟਰ ਲੁੰਬੀਨੀ ਡਿਵੈਲਪਮੈਂਟ ਟਰੱਸਟ ਦੇ ਸਹਿਯੋਗ ਨਾਲ ਭਾਰਤ ਸਥਿਤ ਇੰਟਰਨੈਸ਼ਨਲ ਬੋਧੀ ਕਨਫੈਡਰੇਸ਼ਨ ਦੁਆਰਾ ਵਿਸ਼ਵਵਿਆਪੀ ਅਪੀਲ ਨਾਲ ਬਣਾਇਆ ਜਾ ਰਿਹਾ ਹੈ। ਇਸ ਦੇ ਲਈ ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ ਸੱਭਿਆਚਾਰ ਮੰਤਰਾਲੇ ਦੇ ਅਧੀਨ ਇੱਕ ਅਨੁਦਾਨ ਬਣਾਉਣ ਵਾਲੀ ਸੰਸਥਾ ਹੈ। ਇਹ ਬੋਧੀ ਕੇਂਦਰ ਨੇਪਾਲ ਵਿੱਚ ਪਹਿਲੀ ਜ਼ੀਰੋ ਕਾਰਬਨ ਨਿਕਾਸੀ ਵਾਲੀ ਇਮਾਰਤ ਹੋਵੇਗੀ। ਇਸ ਦੌਰੇ ਦੌਰਾਨ ਮੋਦੀ ਅਤੇ ਦੇਉਬਾ ਲੁੰਬੀਨੀ ਵਿੱਚ ਦੁਵੱਲੀ ਗੱਲਬਾਤ ਵੀ ਕਰਨਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ, ”ਮੀਟਿੰਗ ਦੌਰਾਨ ਦੋਵੇਂ ਨੇਤਾ ਨੇਪਾਲ-ਭਾਰਤ ਸਹਿਯੋਗ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।” ਆਪਣੀ ਯਾਤਰਾ ਤੋਂ ਪਹਿਲਾਂ ਜਾਰੀ ਇਕ ਬਿਆਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਪਿਛਲੇ ਮਹੀਨੇ ਦੇਉਬਾ ਦੀ ਭਾਰਤ ਫੇਰੀ ਦੌਰਾਨ “ਫਲਦਾਇਕ” ਵਿਚਾਰ-ਵਟਾਂਦਰੇ ਤੋਂ ਬਾਅਦ ਨੇਪਾਲੀ ਪ੍ਰਧਾਨ ਮੰਤਰੀ ਨਾਲ ਦੁਬਾਰਾ ਮਿਲਣ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਪਣ-ਬਿਜਲੀ, ਵਿਕਾਸ ਅਤੇ ਕਨੈਕਟੀਵਿਟੀ ਸਮੇਤ ਕਈ ਖੇਤਰਾਂ ਵਿੱਚ ਸਾਂਝੀ ਸਮਝ ਬਣਾਉਣਾ ਜਾਰੀ ਰੱਖਣਗੀਆਂ। ਪ੍ਰਧਾਨ ਮੰਤਰੀ ਮੋਦੀ ਬੁੱਧ ਪੂਰਨਿਮਾ ਦੇ ਮੌਕੇ ‘ਤੇ ਲੁੰਬੀਨੀ ‘ਚ ਵੱਖ-ਵੱਖ ਪ੍ਰੋਗਰਾਮਾਂ ‘ਚ ਸ਼ਾਮਲ ਹੋਣ ਤੋਂ ਬਾਅਦ ਕੁਸ਼ੀਨਗਰ ਪਰਤੇ ਅਤੇ ਭਗਵਾਨ ਬੁੱਧ ਦੇ ਮਹਾਪਰਿਨਿਰਵਾਣ ਸਟੂਪ ਦੇ ਦਰਸ਼ਨ ਕੀਤੇ ਤੇ ਪੂਜਾ ਕੀਤੀ।
ਬੁੱਧ ਪੂਰਨਿਮਾ ‘ਤੇ ਨੇਪਾਲ ਪੁੱਜੇ ਪੀ ਐੱਮ ਮੋਦੀ

Comment here