ਸਾਹਿਤਕ ਸੱਥ

ਬੁੱਤ ਤਰਾਸ਼

ਖੁੱਲ੍ਹੇ ਪਾਠ ਦੀ ਰੌਲ ਤੋਂ ਉੱਠ, ਉਬਾਸੀ ਲੈਂਦੇ ਭਾਈ ਛਾਂਗੇ ਚਾਹ ਦੀ ਤਲਬ ਮਹਿਸੂਸ ਕੀਤੀ। ਦੁੱਧ ਦੇ ਗਜੇ ਲਈ ਕਿੱਲੀ ਤੋਂ ਡੋਲੂ ਲਾਹਿਆ ਅਤੇ ਝਕਦਾ ਜਿਹਾ ਪਾਖਰ ਪ੍ਰੇਮੀ ਕੋਲ ਜਾ ਖੜ੍ਹਿਆ।
“ਬੋਲੋ ਜੀ ਵਾਹਿਗੁਰੂ…। ਚਾਹਟੇ ਲਈ ਕਰੋ ਤਿਆਰਾ… ਮੈਂ ਮੁੜਿਆ ਬਸ।”
ਪਾਖਰ ਸਿਹੁੰ ਉੱਠ ਕੇ ਬੈਠ ਗਿਆ। ਉਹ ਨਿਸ਼ਾਨ ਸਾਹਿਬ ਨੇੜਲੀ ਧਰੇਕ ਹੇਠ ਪਿਆ ਸੀ। ਭੁੰਜੇ ਹੀ। ਉਸ ਜਾਂਦੇ ਭਾਈ ਦੀਆਂ ਮੋਟੀਆਂ ਪਿੰਡਲੀਆਂ ਹਕਾਰਤ ਨਾਲ ਦੇਖੀਆਂ। ਜੀ ਕੀਤਾ ਪੁੱਛੇ, ਕਿਹੜਾ ਤਿਆਰਾ ਉਏ। ਸਿੱਧਾ ਕਹੁ ਅੱਗ ਬਾਲ ਚੁੱਲ੍ਹੇ ‘ਚ…।
ਉਹਨੇ ਮਨ ਹੀ ਮਨ, ‘ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ’ ਉਚਾਰਿਆ ਅਤੇ ਗੁੱਸੇ ਵਿਚ ਰਿੱਝਦਾ ‘ਪਿਆਓ’ ਨੇੜੇ ਆ ਖੜ੍ਹਿਆ। ਦਿਨ ਕਦੋਂ ਤ੍ਰਕਾਲਾਂ ਵਿਚ ਢਲ ਗਿਆ ਸੀ, ਪਤਾ ਹੀ ਨਹੀਂ ਸੀ ਲੱਗਿਆ। ਸਾਮ੍ਹਣੇ ਟੂਟੀਆਂ ਦੀ ਕਤਾਰ ਦੇਖ ਮਨ ਬਹੁਤ ਪਿੱਛੇ ਚਲਿਆ ਗਿਆ। ਗੁਰਦੁਆਰੇ ਵੜਦਿਆਂ ਇਹ ਟੂਟੀਆਂ ਹਰ ਸ਼ਰਧਾਲੂ ਦੇ ਮੱਥੇ ਲਗਦੀਆਂ ਸਨ। ਕੰਧ ਦੀ ਨੁੱਕਰ ਤੇ ਜਿਉਣੇ ਮਿਸਤਰੀ ਨੇ ਪੱਕੀ ਹਿਰਮਚੀ ਨਾਲ ਲਿਖਿਆ ਸੀ, ‘ਸੇਵਾ ਕਰਾਈ ਪਾਖਰ ਸਿੰਘ, ਪਤਨੀ ਹਰਦੇਈ ਦੀ ਯਾਦ ਵਿਚ ੫੧੦੦ ਰੁਪਏ।’ ਪਤਾ ਨਹੀਂ ਕਿਉਂ ਉਹਨੂੰ ਇਹ ਲਿਖਿਆ, ਹਮੇਸ਼ ਵਾਂਗ ਬੁਰਾ ਲੱਗਾ। ਪਤਨੀ ਦੀ ਮੌਤ ਵੇਲੇ ਉਹ ਇਹ ਮਾਇਆ ਸੱਚੇ ਸੌਦੇ ਭੇਟਾ ਕਰਨ ਦਾ ਇਛੁੱਕ ਸੀ। ਜੈਮਲ ਹੀ ਅੜ ਗਿਆ। ਸਾਡੀ ਮਾਂ, ਸਾਡਾ ਪਿੰਡ, ਸਰਸੇ ਵਾਲਾ ਕੀ ਦੱਸਣ ਆਊ ਪਿੰਡ ਨੂੰ? ਅੱਜ ਦੁਨੀਆਂ ਪੜ੍ਹਦੀ ਐ।
ਪੜ੍ਹੇ ਜਾਣ ਦੇ ਖਿਆਲ ਨਾਲ ਹੀ ਉਹ ਗੁਰਦੁਆਰੇ ਆਇਆ ਸੀ। ਜੈਮਲ ਨਾਲ ਤੂੰ ਤੂੰ ਮਗਰੋਂ, ਉਹ ਸਿੱਧਾ ਸਤਸੰਗ ਘਰ ਨੂੰ ਹੋ ਤੁਰਿਆ ਸੀ। ਅੱਧ ‘ਚੋਂ ਪਰਤ ਆਇਆ। ਪਿੰਡ ਨੂੰ ਕਿਵੇਂ ਪਤਾ ਲੱਗੂ ਬਈ ਘਰ ‘ਚ ਕੁੱਤਿਆਂ ਖਾਣੀ ਹੋਈ ਐ। ਡੇਰਾ ਪ੍ਰੇਮੀ ਹੋਣ ਦੇ ਬਾਵਜੂਦ ਉਹ ਗੁਰਦੁਆਰੇ ਆ ਬੈਠਾ ਸੀ।
ਕਈ ਆਏ। ਸਭ ਮੱਥਾ ਟੇਕ ਪਾਸਾ ਵੱਟ ਗਏ। ਸਭ ਨੂੰ ਪਤਾ ਸੀ, ਇਕ ਤਾਂ ਉਹ ਡੇਰਾ ਪ੍ਰੇਮੀ ਸੀ। ਉੱਤੋਂ ਕੱਬਾ ਹੋਣ ਕਾਰਨ ਵੱਖੀ ‘ਚੋਂ ਬੋਲਦਾ। ਫਿਰ ਵੀ ਸਾਲੀਆਂ ਦੀ ਥਾਂ ਲੱਗਦੀ ਰੱਖੀ, ਲਾਗ ਆ ਖੜ੍ਹੀ।
“ਕੀ ਗੱਲ ਭਾਈਆ, ਸੁੱਖ ਤਾਂ ਹੈ?” ਉਸ ਸੁਭਾਵਕ ਕਿਹਾ।
“ਕਿਉਂ? ਸੁੱਖ ਨੂੰ ਮਰ ਗਿਆ ਕੋਈ?” ਉਹ ਤਲਖ਼ ਬੋਲਿਆ।
“ਲੈ, ਐਹਾ ਜੀ ਭਾਖਿਆ ਕਿਉਂ ਕੱਢਦੈਂ ਜੀ ਗੁਰੂ ਘਰ।” ਥਿੜਕਦੀ ਉਹ ਨਿਸ਼ਾਨ ਸਾਹਿਬ ਘੁੱਟਣ ਜਾ ਲੱਗੀ। ਤਦੇ ਭਾਈ ਛਾਂਗਾ ਆ ਖੜ੍ਹਿਆ।
“ਬੋਲੋ ਜੀ ਵਾਹਿਗੁਰੂ…”
“ਹਾਂ ਦੱਸ?”
ਦੋ ਪਤਾਸੇ ਅਗਾਂਹ ਕਰਦੇ ਉਸ ਮੁੱਠੀ ਖੋਲ੍ਹੀ।
“ਨਹੀਂ ! ਤੂੰ ਹੀ ਛਕ।”
“ਜੀ ਵਾਹਿਗੁਰੂ…।” ਭਾਈ ਨੀਵੀਂ ਖਿੱਚ ਗਿਆ।
ਖਿਝਦਾ ਉਹ ਧਰੇਕ ਹੇਠ ਜਾ ਪਿਆ ਸੀ। ਇਸ ਤੋਂ ਪਹਿਲਾਂ ਕਿ ਦੁੱਧ ਲੈ ਕੇ ਮੁੜਦਾ ਭਾਈ ਉਹਨੂੰ ਚਾਹ ਲਈ ਕਹੇ; ਉਹ ਪੱਕੇ ਫਰਸ਼ ‘ਤੇ ਸੋਟੀ ਟੇਕਦਾ ਬਾਹਰ ਨਿਕਲ ਆਇਆ।
ਦੁੱਖੀ ਮਨ ਉਹ ਬਾਹਰਲੀ ਫਿਰਨੀ ਪੈ ਸਤਸੰਗ ਘਰ ਵੱਲ ਆ ਰਿਹਾ। ਤ੍ਰਕਾਲਾਂ ਉੱਤਰ ਆਉਣ ਕਾਰਨ ਡੇਰਾ ਕੰਨਟੀਨ ਬੰਦ ਸੀ। ਸ਼ਾਇਦ ਸੇਵਾਦਾਰ ਕਿਧਰੇ ਗਿਆ ਹੋਵੇ। ਬੈਂਚ ‘ਤੇ ਬੈਠਦੇ ਉਸ ਸਤਸੰਗ ਘਰ ਦੀ ਮੋਰਾਂ ਦੇ ਨਮੂਨੇ ਵਾਲੀ ਚਾਰਦਿਵਾਰੀ ਨਿਹਾਰੀ ਅਤੇ ਸੋਚਿਆ। ਉਹਨੇ ਏਧਰ ਆਉਣ ਦੀ ਵੱਡੀ ਭੁੱਲ ਕੀਤੀ। ਪਿੰਡ ਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਪਾਖਰ ਪ੍ਰੇਮੀ ਨੇ ਪੁੱਤਰ ਮੋਹ-ਤਿਆਗ ਦਿੱਤਾ ਸੀ। ਜਿਸਦੀ ਮਿਸਾਲ ਸਤਸੰਗਾਂ ਵਿਚ ਤਾਂ ਦਿੱਤੀ ਜਾਂਦੀ ਸੀ। ਜੀਵਨ ਵਿਚ ਘੱਟ ਹੀ ਮਿਲਦੀ ਸੀ।
ਸਿਵਿਆਂ ਦੀ ਡੰਡੀ ਪੈ ਉਹ ਸੂਏ ਵੱਲ ਆ ਨਿਕਲਿਆ। ਭੁੱਖ ਨਾਲ ਖੋਹ ਪਈ ਤਾਂ ਪੁਲੀ ‘ਤੇ ਬੈਠ ਗਿਆ। ਥੋੜ੍ਹੀ ਦੂਰ ਉਹਦੇ ਖੇਤ ਸਨ। ਰੁੱਖਾਂ ਦੀ ਝਿੜੀ ਓਹਲਿਉਂ ਜੈਮਲ ਦੇ ਅਮਰੀਕਨ ਜਾਲੀ ਨਾਲ ਬਣਾਏ ਪੌਲੀ ਸ਼ੈਡਾਂ ਦਾ ਝਾਵਲਾ ਪੈਂਦਾ ਸੀ। ਇਹ ਉਹੋ ਖੇਤ ਸਨ ਜਿਹੜੇ ਉਹਦੇ ਪਿਤਾ ਦੀ ਮੌਤ ਮਗਰੋਂ ਉਹਦੇ ਨਾਂ ਚੜ੍ਹਨ ਲੱਗੇ ਸਨ ਤਾਂ ਉਹ ਕਈ ਦਿਨ ਮਾਂ ਦੇ ਗਲ ਲੱਗ ਰੋਂਦਾ ਰਿਹਾ ਸੀ। ਅੱਜ ਉਹੋ ਖੇਤ ਉਹਦੇ ਜਿਉਂਦੇ ਜੀਅ ਵੰਡੇ ਜਾ ਚੁੱਕੇ ਹਨ। ਸੋਚੀਂ ਪਿਆ ਉਹ ਸੂਏ ਦੀ ਝਾਲ ਤੋਂ ਡਿਗਦਾ ਪਾਣੀ ਦੇਖਣ ਲੱਗਾ। ਅਕਾਰਥ ਹੀ।…
ਹਨੇਰੇ ਵਿਚ ਸੂਏ ਦੀ ਪਟੜੀ ‘ਤੇ ਕੋਈ ਆਉਂਦਾ ਜਾਪਿਆ। ਧਾਰਾਂ ਕੱਢਣ ਦਾ ਵੇਲਾ ਸੀ। ਦੋਵੇਂ ਮੱਝਾਂ ਉਹਦੇ ਹੱਥ ‘ਤੇ ਸਨ। ਜੈਮਲ ਜਾਂ ਬਿਹਾਰੀਆਂ ਹੋਊ। ਆਉਣ ਦੇ, ਕਰਾਉਨਾਂ ਘੀਸੀ ਦੋਹਾਂ ਦੀ। ਉਹ ਪਾਸਾ ਵੱਟ ਬੈਠ ਗਿਆ।
ਅਚਾਨਕ ਪੈਰ-ਚਾਪ ਸੁਣੀ ਅਤੇ ਦੂਰ ਚਲੀ ਗਈ। ਉਸ ਪਰਤ ਕੇ ਦੇਖਿਆ ਹਨੇਰੇ ਵਿਚ ਕੁਝ ਵੀ ਨਹੀਂ ਸੀ। ਕੀ ਪਤਾ ਦਿੱਸਿਆ ਹੀ ਨਾ ਹੋਵਾਂ। ਉਹਨੇ ਖੰਗੂਰ ਕੇ ਗਲ਼ਾ ਸਾਫ਼ ਕੀਤਾ। ਉਡੀਕਿਆ, ਪਰ ਹਨੇਰਾ ਉਵੇਂ ਤਣਿਆ ਖੜ੍ਹਾ ਸੀ।
ਉਹ ਹੈਰਾਨ ਸੀ, ਹੁਣ ਤੱਕ ਉਹਦੀ ਭਾਲ ਕਿਉਂ ਨਹੀਂ ਸੀ ਸ਼ੁਰੂ ਹੋਈ। ਪਿੰਡ ਵੱਲੋਂ ਆਉਂਦਾ ਸ਼ੋਰ ਮੱਧਮ ਪੈਣ ਲੱਗਾ ਤਾਂ ਅਚਵੀ ਹੋਈ। ਇੰਜ ਤਾਂ ਉਹਦਾ ਸਾਰਾ ਵਿਰੋਧ ਹੀ ਬੇਕਾਰ ਗਿਆ। ਕਾਹਲੀ ਨਾਲ ਮੁੜਦਾ ਉਹ ਫਿਰ ਗੁਰਦੁਆਰੇ ਦਾ ਬੂਹਾ ਲੰਘ ਗਿਆ।
ਮਨ ਹੀ ਮਨ ‘ਉਸ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ’ ਉਚਾਰਿਆ ਅਤੇ ਵਰਾਂਡੇ ਵਿਚਲੇ ਪੱਖੇ ਦਾ ਸਵਿੱਚ ਨੱਪ ਚਿਪਸ ਦੇ ਫਰਸ਼ ‘ਤੇ ਹੀ ਢੇਰੀ ਹੋ ਗਿਆ।
ਗੁਰਦੁਆਰੇ ਵਿਚ ਸੁੰਨ-ਸਰਾਂ ਸੀ। ਉਹਨੂੰ ਲੱਗਾ, ਰਹਿਰਾਸ ਹੋ ਚੁੱਕਾ ਸੀ। ਤਦੇ ਭਾਈ ਛਾਂਗਾ ਆਇਆ।
“ਬੋਲੋ ਜੀ ਵਾਹਿਗੁਰੂ…”
ਪਾਖਰ ਕੌੜ ਅੱਖ ਝਾਕਿਆ।
“ਲੰਗਰ ਤਾਂ ਹੋ ਗਿਆ ਜੀ ਵਾਹਿਗੁਰੂ, ਇੱਛੈ ਤਾਂ ਕਰਾਂ ਹੀਲਾ ਕੋਈ?”
ਕੁਝ ਕਹਿਣ ਦੀ ਥਾਂ ਹੱਥ ਨਾਲ ਡੰਮਰੂ ਵਜਾ ਨਾਂਹ ਕਰਦਿਆਂ ਪਾਖਰ ਪਾਸਾ ਵੱਟ ਲਿਆ।
“ਜੀ ਵਾਹਿਗੁਰੂ।” ਭਾਈ ਸ਼ੁਕਰ ਕੀਤਾ। “ਕੋਈ ਲੀੜੇ ਕੱਪੜੇ ਦੀ ਸੇਵਾ?” ਤੇ ਬਿਨਾਂ ਉੱਤਰ ਉਡੀਕੇ, ਬੋਲੋ ਜੀ ਵਾਹਿਗੁਰੂ ਦੀ ਮੁਹਾਰਨੀ ਰਟਦਾ, ਪਰੇ ਫਰਾਟ੍ਹੇ ਪੱਖੇ ਦੀ ਘੂਕਰ ਸਾਮ੍ਹਣੇ ਢਿੱਡ ਤੋਂ ਝੱਗਾ ਚੱਕ ਜਾ ਖੜ੍ਹਾ। ਜੀ ‘ਚ ਆਈ ਕਹੇ।
‘ਸੇਵਾ ਦੀ ਐਨੀ ਓ ਢਿੱਡ ਪੀੜ ਐ ਤਾਂ ਜਾ ਕੇ ਲਾਊਡ ਸਪੀਕਰ ‘ਚ ਬਕ। ਬਈ ਸੰਗਤੇ। ਆਹ ਪਈ ਐ ਚਿੱਤੜਾਂ ਭਾਰ ਜੈਮਲ ਦੀ ਸਰਪੰਚੀ। ਲੋਕ ਤਾਂ ਮਰੇ ਤੋਂ ਨੀ ਪਹਿਰ ਦੋ ਪਹਿਰ ਕੱਢਦੇ। ਇਹਨੇ ਤਾਂ ਜਿਉਂਦਿਆਂ ਈ ਮਾਰਿਆ ਚੱਕ ਕੇ। ਹੁਣ ਆਹ ਪਿਐ ਮਰੇ ਕੁੱਤੇ ਆਂਗੂ ਪਿਉ…।’ ਭਾਈ ਸੋਚ ਰਿਹਾ ਸੀ। ‘ਕਿੱਥੇ ਲਾ ਤੀ ਦੱਦ ਬਾਜਾਂ ਆਲਿਆ। ਜੇ ਨਾਈਆਂ ਦੇ ਬੁੜੇ ਵਾਂਗੂ ਇਥੇ ਹੀ ਟਿਕ ਗਿਆ? ਡੇਰਾ ਪ੍ਰੇਮੀ ਤਾਂ ਊਂਈ ਫੁੱਟੀ ਅੱਖ ਨੀ ਭਾਉਂਦੇ ਕਮੇਟੀ ਨੂੰ…।’
ਰਾਤ ਕਿਵੇਂ ਲੰਘੀ, ਪਾਖਰ ਨੂੰ ਪਤਾ ਨਹੀਂ। ਸਵੇਰੇ ਅੱਖ ਖੁੱਲ੍ਹੀ ਤਾਂ ਖਾਨਿਉਂ ਗਈ। ਪੈਰ ਦਰਬਾਰ ਸਾਹਿਬ ਵੱਲ ਸਨ। ਇਸ ਤੋਂ ਪਹਿਲਾਂ ਕਿ ਧੰਨ ਧੰਨ ਸਤਗੁਰੂ ਕਹਿੰਦਾ ਭੁੱਲ ਬਖਸ਼ਾਉਂਦਾ, ਭਾਈ ਆ ਖੜ੍ਹਾ।
“ਬੋਲੋ ਜੀ ਵਾਹਿਗੁਰੂ।” ਸੁੱਕੇ ਕੜਾਹ ਦਾ ਚੂਰਮਾ ਅਤੇ ਚਾਹ ਦੀ ਬਾਟੀ ਰੱਖਦਾ, ਅਹੁ ਗਿਆ, ਅਹੁ ਗਿਆ। ਜਿਵੇਂ ਕਿਹਾ ਹੋਵੇ, ਚਾਹ ਛਕੋ ਤੇ ਤੁਰਦੇ ਬਣੋ।
ਪਾਖਰ ਨੂੰ ਖੁਸ਼ੀ ਹੋਈ। ਉਹ ਇਸੇ ਟੈਮ ਚਾਹ ਪੀਣ ਦਾ ਆਦੀ ਸੀ। ਪਰ ਸੁੱਕੇ ਚੂਰਮੇ ਦੀ ਲੱਪ ਮੂੰਹ ‘ਚ ਸਿੱਟਦਾ ਅਟਕ ਗਿਆ। ਉਹ ਡੇਰਾ ਪ੍ਰੇਮੀ ਸੀ। ਫਿਰ ਵੀ ਹਰ ਸਾਲ ਬੋਰੀ ਕਣਕ ਤੇ ਝੋਨਾ ਗੁਰਦੁਆਰੇ ਲਈ ਕਢਦਾ। ਪਿਛਲੇ ਵਰ੍ਹੇ ਤੋਂ ਸੱਚਾ ਸੌਦਾ ਗੁਰੂ ਦੀ ਪੌਸ਼ਾਕ ਨੂੰ ਲੈ ਕੇ ਹੋਏ ਤਣਾਓ ਕਾਰਨ ਕਮੇਟੀ ਨੇ ਡੇਰਾ ਪ੍ਰੇਮੀਆਂ ਦੀ ਸੇਵਾ ਲੈਣੀ ਬੰਦ ਕਰ ਦਿੱਤੀ ਸੀ। ਉਹਨੂੰ ਲੱਗਾ, ਉਹਦਾ ਚਾਹ ਪੀਣ ਦਾ ਹੱਕ ਨਹੀਂ ਸੀ। ਚੂਰਮਾ ਅਤੇ ਚਾਹ ਰੌਂਸ ‘ਤੇ ਰੱਖਦਾ ਉਹ ਬਿਨਾਂ ਕੁਝ ਕਹੇ ਬਾਹਰ ਆ ਗਿਆ।
ਇਕ ਪਲ ਦਿਲ ‘ਚ ਆਈ, ਕਿਉਂ ਨਾ ਕਿਸੇ ਡੇਰਾ ਪ੍ਰੇਮੀ ਦੇ ਘਰੋਂ ਹਾਜਰੀ ਛਕੀ ਜਾਵੇ। ਫਿਰ ਇਹ ਸੋਚ ਸਕੂਲ ਵੱਲ ਤੁਰਿਆ ਆਇਆ ਕਿ ਉਹਦੀਆਂ ਪੋਤੀਆਂ ਮਿਲਣਗੀਆਂ। ਪੁੱਛ ਲਿਆ ਕਿ ਦਾਦੂ ਤੁਸੀਂ ਕਿੱਥੇ ਸੀ? ਤਾਂ ਫੇਰ ਬਣਾਊਂ ਰੇਲ ਜੈਮਲ ਦੀ…।
ਦੇਰ ਤੱਕ ਖੜ੍ਹਿਆ ਰਿਹਾ। ਬੱਚਿਆਂ ਦੀ ਭੀੜ ਵਿਚ ਕੁੜੀਆਂ ਪਛਾਣੀਆਂ ਹੀ ਨਾ ਗਈਆਂ। ਮੋਏ ਜਿਹੇ ਤ੍ਰਾਣ ਉਹ ਸੱਥ ਵੱਲ ਆ ਰਿਹਾ। ਮੁਢ੍ਹੀਰ ਜਾਂ ਕੋਈ ਬੁੱਢਾ ਠੇਰਾ ਹਾਲੇ ਆਇਆ ਨਹੀਂ ਸੀ।…
ਥੋੜ੍ਹੀ ਦੂਰ ਦੋ ਸਕੂਲੀ ਮੁੰਡੇ ਗੱਲਾਂ ਦਾ ਕਚੀਰਾਂ ਕਰਦੇ ਸੁਣੇ। ਉਹਨਾਂ ‘ਚੋਂ ਇਕ ਤਲੀ ‘ਤੇ ਤੰਬਾਖੂ ਰਗੜ ਰਿਹਾ ਸੀ।
“ਸ਼ਰਮ ਤਾਂ ਨੀ ਆਉਂਦੀ ਓਏ !… ਕੀ ਥੋਡੀ ਉਮਰ ਤੇ ਕੀ ਥੋਡੇ ਕਾਰੇ।” ਪਾਖਰ ਸੁਭਾਵਕ ਕਿਹਾ।
“ਕਿਉਂ ਬਾਬੇ ਗਧੀ ਛੇੜ ਤੀ ਅਸੀਂ…। ਇਹ ਤਾਂ ਗੁਟਕੈ ਸੌਂਫ ਸੁਪਾਰੀ ਆਲਾ।”
ਪਾਖਰ ਮੱਚ ਉੱਠਿਆ।
“ਯੱਧਾ ਗੁਟਕੇ ਦਾ… ਤੇਰੇ ਪਿਉ ਨੇ ਛੇੜੀ ਐ ਕਦੇ ਗਧੀ? ਤੂੰ ਹੈਂ ਕੀਹਨਾਂ ‘ਚੋਂ ਉਏ?”
“ਕੋਈ ਨੀ ਬਾਬੇ, ਲੈ ਸਿੱਟ ਤਾ…।” ਮੁੰਡਾ ਝੇਪ ਗਿਆ।
ਕਾਸ਼ ! ਉਹਨੇ ਆਪਣੇ ਪੁੱਤਾਂ ਨੂੰ ਵੀ ਐਂ ਹੀ ਝਿੜਕਿਆ ਹੁੰਦਾ ਤਾਂ ਆਹ ਦਿਨ ਨਾ ਆਉਂਦਾ। ਭੁੱਖ ਨਾਲ ਖੋਹ ਪੈ ਰਹੀ ਸੀ। ਉਹ ਖਿਝਦਾ ਜਿਹਾ ਸਤਸੰਗ ਘਰ ਦੀ ਕੰਨਟੀਨ ‘ਤੇ ਆ ਖੜ੍ਹਾ। ਕੰਨਟੀਨ ਦੇ ਭੰਗੀਦਾਸ ਨਾਲ ‘ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ’ ਦੀ ਸਾਂਝ ਤੋਂ ਬਾਦ ਉਹਨੇਂ ਚਾਹ ਅਤੇ ਮੱਠੀਆਂ ਲਈ ਕਿਹਾ ਹੀ ਸੀ ਕਿ ਦੋ ਪ੍ਰੇਮੀ ਨਾਹਰਾ ਬੁਲਾ, ਉਹਦੇ ਨੇੜੇ ਆ ਬੈਠੇ।
“ਇਹ ਠੀਕ ਨਹੀਂ ਹੋ ਰਿਹਾ ਪ੍ਰੇਮੀ ਜੀ !”
“ਕੀ ਹੋਇਆ?”
“ਹੋਇਆ ਤਾਂ ਨਹੀਂ, ਪਰ ਹੋਊਗਾ।”
“ਕੀ?”
“ਤੇਰੇ ਜੈਮਲ ਦਾ ਹੀਲਾ।”
“ਹੁਣ ਕੀ ਹੋਇਆ?”
“ਪਹਿਲਾਂ ਡੇਰਾ ਪ੍ਰੇਮੀ ਦੇ ਨਾਂ ਤੇ ਮੁਰਗੀਖਾਨਾ ਖੋਲ੍ਹ ਕੇ ਡੇਰੇ ਨੂੰ ਬਦਨਾਮ ਕੀਤਾ। ਹੁਣ ਕਹਿੰਦਾ ਮੈਂ ਪੋਸਟਰ ਨੀ ਲੱਗਣ ਦੇਣੇ।”
“ਪੋਸਟਰ ਕਾਹਦੇ?”
“ਕਮਾਲ ਐ? ਕਾਹਦਾ ਪ੍ਰੇਮੀ ਐਂ ਤੂੰ? ਸਾਰੇ ਮੁਲਖ ‘ਚ ਰੌਲੈ ਤੂੰ ਪੁਛਦੈਂ ਪੋਸਟਰ ਕਾਹਦੇ?”
“ਮੈਨੂੰ ਤਾਂ ਪ੍ਰੇਮੀ ਜੀ ਮੁਰਗੀਖਾਨੇ ਨੇ ਈ ਮਿੱਟੀ ਕਰ ਰੱਖਿਐ। ਮੈਂ ਨੀ ਨਿਕਲਿਆ ਹਫ਼ਤੇ ਭਰ ਤੋਂ ਘਰੋਂ ਬਾਹਰ।”
“ਤਾਂ ਸੁਣ ! ਪਿਤਾ ਜੀ ਵਾਲੀ ਫ਼ਿਲਮ ਦੇ ਦੋ ਬੋਰਡ ਲਗਣੇ ਐ। ਇਕ ਤਿਕੋਨੀ ‘ਤੇ, ਦੂਜਾ ਕੈਚੀਆਂ ਵਾਲੇ ਮੋੜ ‘ਤੇ… ਤੇਰਾ ਜੈਮਲ ਮੁਢ੍ਹੀਰ ਕੱਠੀ ਕਰੀ ਫਿਰਦੈ… ਕਹਿੰਦੈ, ਮਰ ਭਮਾ ਜਾਵਾਂ ਪੋਸਟਰ ਨੀ ਲੱਗਣ ਦਿੰਦਾ।।”
“ਪਰ ਮੈਂ ਤਾਂ ਹਾਲੇ ਕੱਲ ਕੀਤੀ ਕੁੱਤੇਖਾਣੀ। ਅਰ ਪੋਸਟਰਾਂ ਬਾਰੇ ਤਾਂ ਉਹਨੇਂ ਕੁਝ ਕਿਹਾ ਨਹੀਂ।”
“ਹੱਦ ਹੋ ਗਈ ! ਤੈਨੂੰ ਕਿਉਂ ਕਹੂ? ਦੇਖ ਜੀ ! ਤੂੰ ਵੱਡੈਂ, ਸਭ ਤੋਂ ਪੁਰਾਣਾ ਪ੍ਰੇਮੀ ਐਂ। ਇਲਾਕੇ ਦਾ ਭੰਗੀਦਾਸ (ਸੇਵਾਦਾਰ) ਰਹਿ ਚੁੱਕੈਂ। ਤੇਰੇ ਘਰੋਂ ਇਹ ਅੱਗ ਉੱਠੇ; ਇਹ ਨੀ ਸਹਿ ਹੋਣਾ।”
ਪਾਖਰ ਦੀ ਹੋਸ਼ ਜਾਂਦੀ ਰਹੀ। ਉਹਨੂੰ ਜੈਮਲ ਤੋਂ ਇਹ ਆਸ ਨਹੀਂ ਸੀ। ਪ੍ਰੇਮੀ ਆਖ ਰਹੇ ਸਨ,
“… ਡੇਰੇ ਦੀ ਹਿਦਾਇਤ ਐ, ਕਿਸੇ ਨਾਲ ਉੱਚਾ ਨੀ ਬੋਲਣਾ। ਕੋਈ ਵਿਰੋਧ ਕਰੂ ਤਾਂ ਦੇਖਾਂਗੇ।” ਦੋਵੇਂ ਪ੍ਰੇਮੀ ਉੱਠ ਕੇ ਸਤਸੰਗ ਘਰ ‘ਚ ਸੇਵਾ ਕਰਨ ਜਾ ਲੱਗੇ।
ਐਤਵਾਰ ਨਹੀਂ ਸੀ, ਫਿਰ ਵੀ ਲਗਾਤਾਰ ਪ੍ਰੇਮੀ ਆ ਰਹੇ ਸਨ। ਹਾਲੇ ਤਾਂ ਪਹਿਲਾ ਹੀ ਮਸਲਾ ਨਹੀਂ ਸੀ ਸੁਲਝਿਆ। ਪੋਸਟਰਾਂ ਵਾਲਾ ਝੰਜਟ ਨਵਾਂ ਆ ਖੜ੍ਹਾ। ਡੇਰਾ ਪ੍ਰੇਮੀਆਂ ਵੱਲੋਂ ਪਿਤਾ ਜੀ ਕੋਈ ਫ਼ਿਲਮ ਬਣਾ ਰਹੇ ਸਨ। ਸਤਸੰਗ ਸਮੇਂ ਪਾਖਰ ਨੇ ਸੁਣਿਆ ਤਾਂ ਸੀ, ਪਰ ਇਹ ਠੀਕ੍ਹਰ ਪਾਖਰ ਸਿਰ ਹੀ ਆ ਭੱਜੇਗਾ, ਇਹ ਨਹੀਂ ਸੀ ਸੋਚਿਆ। ਪਾਖਰ ਨੇ ਕੰਨਟੀਨ ਪ੍ਰੇਮੀ ਨੂੰ ਪੋਸਟਰਾਂ ਬਾਰੇ ਪੁੱਛਿਆ। ਪ੍ਰੇਮੀ ਨੇ ਕੁਝ ਬੋਲ ਅੰਗਿਆਰਾਂ ਵਾਂਗ ਪਾਖਰ ਵੱਲ ਸਿੱਟੇ। ਪਾਖਰ ਮੱਚਣ ਲਗਿਆ। ਲੱਗਾ ਕੋਈ ਵੱਡਾ ਵਿਸਫੋਟ ਹੋਣ ਵਾਲਾ ਸੀ। ਅਚਾਨਕ ਕੰਨਟੀਨ ਸਾਮ੍ਹਣੇ ਕਸਬੇ ਤੋਂ ਸ਼ਹਿਰ ਜਾਂਦੀ ਮਿਨ੍ਹੀ ਬੱਸ ਰੁਕੀ। ਪਤਾ ਨਹੀਂ ਪਾਖਰ ਦੇ ਜੀਅ ‘ਚ ਕੀ ਆਈ, ਉਹ ਬਿਨਾਂ ਕੁਝ ਸੋਚੇ; ਬੱਸ ‘ਚ ਚੜ ਗਿਆ।…

ਪੁੱਤਾਂ ਨਾਲ ਪਾਖਰ ਦੀ ਕਦੇ ਵੀ ਨਹੀਂ ਸੀ ਬਣੀ। ਹੋਸ਼ ਸੀ ਸੰਭਲੀ ਕਿ ਮਾਪੇ ਤੁਰਦੇ ਬਣੇ। ਬਚਪਨ ਦੀ ਉਂਗਲੀ ਲੱਗ ਭੁੰਇ ਨਾਂ ਕਰਾਉਂਦਿਆਂ, ਘਰ ਦੇ ਤੀਲ੍ਹੇ ਜੋੜਦਿਆਂ, ਅਤੇ ਹਰਦੇਈ ਨਾਲ ਫੇਰੇ ਲੈ ਕੇ ਟੱਬਰ ਕਿਉਂਟਦਿਆਂ, ਜ਼ਿੰਦਗੀ ਦੇ ਅਜਿਹੇ ਸੱਚ ਨਾਲ ਖਹਿ ਕੇ ਲੰਘਣਾ ਪਿਆ ਕਿ ਨਾ ਚੱਜ ਨਾਲ ਖਾਧਾ ਗਿਆ, ਨਾ ਪਹਿਨਿਆ ਗਿਆ, ਨਾ ਹੀ ਰੱਜ ਕੇ ਜੀਵਿਆ ਗਿਆ। ਫਿਰ ਵੀ ਉਸ ਦੋਵੇਂ ਪੁੱਤ ਅਤੇ ਧੀ ਵਾਹ ਲਗਦਿਆਂ ਪੜ੍ਹਾਏ ਅਤੇ ਉਨ੍ਹਾਂ ਦੇ ਘਰ ਵਸਾਏ। ਸ਼ਰੀਕੇ ਬਿਰਾਦਰੀ ਨਾਲ ਨੰਗੇ ਧੜ ਨਿਭਦਿਆਂ ਪਤਾ ਹੀ ਨਾ ਲੱਗਾ ਕਦੋਂ ਬੋਲ ਬਾਣੀ ਕੁਰਖ਼ਤ ਹੋ ਗਈ। ਗ਼ੁਰਬਤ ਹੱਡਾਂ ਵਿਚ ਬੈਠ ਗਈ ਅਤੇ ਉਹ ਸ਼ਰਾਬ ਦੀ ਝੋਲੀ ਵਿਚ ਇਸ ਕਦਰ ਜਾ ਪਿਆ ਕਿ ਸਭ ਕੁਝ ਰੇਤ ਦੀ ਮੁੱਠੀ ਵਾਂਗ ਕਿਰਦਾ ਚਲਾ ਗਿਆ। ਇਸ ਕਿਰਮਨ ਕਿਰਨੀ ਵਿਚ ਧੀ ਨੂੰ ਇਕ ਫ਼ੌਜੀ ਪਰਿਵਾਰ ਦੇ ਮੁੰਡੇ ਲੜ ਲਾਉਂਦਿਆਂ ਦੋ ਕਿੱਲੇ ਹੋਰ ਕਿਰ ਗਏ।
ਉਹਦੇ ਵੱਡੇ ਜੈਮਲ ਨੇ ਕਾਲਜ ਦੌਰਾਨ ਰੱਜ ਕੇ ਕਾਮਰੇਡੀ ਕੀਤੀ ਸੀ। ਪਰ ਪਿਉ ਦੀ ਅੰਨ੍ਹੀ ਸ਼ਰਾਬ ਨੇ ਉਹਨੂੰ ਧਰਮ-ਕਰਮ ਵੱਲ ਅਜਿਹਾ ਪ੍ਰੇਰਿਆ ਕਿ ਉਹ ਧਰਮ ਦੀ ਉਸ ਕੱਟੜਤਾ ਵੱਲ ਜਾ ਖੜ੍ਹਾ, ਜਿੱਥੇ ਕਿਸੇ ਦੂਜੇ ਦਾ ਕੁਝ ਵੀ ਸੁਣਨ ਦੀ ਗੁੰਜਾਇਸ਼ ਨਹੀਂ ਹੁੰਦੀ। ਛੋਟਾ ਦੀਪਾ ਨੌਕਰੀ ਅਤੇ ਅੰਤਰਜਾਤੀ ਵਿਆਹ ਦੀ ਗਰਿਫ਼ਤ ਵਿਚ ਫਸਿਆ, ਪਿੰਡ ਛੱਡ ਕੇ ਸ਼ਹਿਰ ਜਾ ਵੱਸਿਆ ਸੀ।
ਕਾਲਜ ਨੇ ਜੈਮਲ ਨੂੰ ਕੋਈ ਵੱਡੀ ਡਿਗਰੀ ਨਹੀਂ ਸੀ ਦਿੱਤੀ; ਪਰ ਸਿਆਸਤ ਦੀ ਗੁੜ੍ਹਤੀ ਜ਼ਰੂਰ ਦੇ ਦਿੱਤੀ। ਅਜਿਹੀ ਗੁੜ੍ਹਤੀ ਜਿਸ ਵਿਚ ਕਾਲਜ ਤੋਂ ਬਾਹਰ ਨਿਕਲਦੇ ਹੀ ਉਸ ਸੋਚਿਆ, ਉਹ ਪਿਉ ਦੀ ਅੰਨ੍ਹੀ ਸ਼ਰਾਬ ਵਿਚ ਨਿੱਤ ਖੁਰਦੇ ਡਲੇ ਕਿਵੇਂ ਬਚਾਵੇ? ਇਸ ਲਈ ਉਸ ਕੋਈ ਨੌਕਰੀ ਭਾਲਣ ਦੀ ਥਾਂ, ਪਿੰਡ ਅਤੇ ਰਹਿੰਦੇ ਚਾਰ ਕਿੱਲਿਆਂ ਦੀ ਖੇਤੀ ਨੂੰ ਹੀ ਆਪਣੀ ਕਰਮਭੂਮੀ ਮਿਥ ਲਿਆ। ਛੇਤੀ ਹੀ ਉਹ ਮਹਿਸੂਸ ਕੀਤਾ ਕਿ ਨਿਮਨ ਕਿਸਾਨੀ ਅਤੇ ਦਲਿਤ ਸਮੁਦਾਇ ਦਾ ਪੰਜਾਬ ਦੀ ਰਾਜਨੀਤੀ ਵਿਚ ਕੋਈ ਭਵਿੱਖ ਨਹੀਂ ਸੀ। ਇਸ ਲਈ ਉਹਦੇ ਸ਼ਾਤਰ ਦਿਮਾਗ਼ ਵਿਚ ਇਕ ਖ਼ਤਰਨਾਕ ਖੇਡ ਆਈ। ਕਿਉਂ ਨਾ ਦੂਜਿਆਂ ਵਾਂਗ ਧਰਮ ਦੀ ਢਾਲ ਹੇਠ ਹੀ ਰਾਜਨੀਤੀ ਕੀਤੀ ਜਾਵੇ।
ਉਸ ਦੇਖਿਆ, ਪਿੰਡ ਦੀ ਦਲਿਤ ਵੱਸੋਂ ਅਤੇ ਨਿਮਨ ਕਿਸਾਨੀ ਦੇ ਬਹੁਤੇ ਟੱਬਰ ਡੇਰਾ ਪ੍ਰੇਮੀ ਸਨ। ਇਸਦੇ ਨਾਲ-ਨਾਲ ਕਈ ਜੱਟ ਪਰਿਵਾਰ ਅਤੇ ਧਨੀ ਕਿਸਾਨ ਜਾਤਾਂ ਗੋਤਾਂ ਅਤੇ ਪਾਰਟੀਆਂ ਵਿਚ ਵੰਡੇ ਹੋਏ ਸਨ।
ਬੜੀ ਸੋਚ ਤੋਂ ਬਾਦ ਉਸ ਪਿਉ ਨੂੰ ਪ੍ਰੇਰ ਕੇ ਡੇਰਾ ਸੱਚਾ ਸੌਦਾ ਦੀ ਝੋਲੀ ‘ਚ ਜਾ ਪਾਇਆ। ਇਸ ਤਰਾਂ ਉਹ ਇਕ ਤੀਰ ਨਾਲ ਕਈ ਸ਼ਿਕਾਰ ਫੁੰਡ ਸਕਦਾ ਸੀ। ਪਿਉ ਦੀ ਸ਼ਰਾਬ ਤੋਂ ਬੰਦ-ਖਲਾਸੀ ਹੋ ਸਕਦੀ ਸੀ। ਡੇਰਾ ਪ੍ਰੇਮੀਆਂ ਅਤੇ ਨਿਮਨ ਕਿਸਾਨੀ ਦੀਆਂ ਵੋਟਾਂ ਨਾਲ ਸਰਪੰਚੀ ਡੁੱਕ ਸਕਦਾ ਸੀ।
ਇਵੇਂ ਹੀ ਹੋਇਆ। ਉਹਨੇ ਪਾਖਰ ਨੂੰ ਕੇਵਲ ਡੇਰਾ ਪ੍ਰੇਮੀ ਹੀ ਨਾ ਬਣਾਇਆ, ਸਗੋਂ ਅਸਰ-ਰਸੂਖ ਸਦਕਾ ਡੇਰਾ ਸੱਚਾ ਸੌਦਾ ਵੱਲੋਂ ਜ਼ਿਲ੍ਹੇ ਦਾ ਮੁੱਖ ਭੰਗੀਦਾਸ ਵੀ ਬਣਵਾ ਦਿੱਤਾ। ਧਰਮ ਕਰਮ ਦੀ ਸੇਵਾ ਅਧੀਨ ਪਿਤਾ ਦੀ ਸ਼ਰਾਬ ਤਾਂ ਛੁੱਟੀ ਹੀ। ਹਰ ਵਕਤ ਡੇਰੇ ਦੀ ਮਸਰੂਫ਼ੀਅਤ ਵਜੋਂ ਪਿਉ ਨੂੰ ਅਸਿੱਧੇ ਰੂਪ ਵਿਚ ਘਰ ਤੋਂ ਲਾਂਭੇ ਵੀ ਕਰ ਦਿੱਤਾ ਗਿਆ। ਸਿੱਟੇ ਵਜੋਂ ਪਿਛਲੇ ਦਸ ਸਾਲਾਂ ਤੋਂ ਘਰ ਦੀ ਸਰਦਾਰੀ ਅਤੇ ਸਰਪੰਚੀ ਜੈਮਲ ਦੀ ਜੇਬ ‘ਚ ਸੀ।
ਆਖਣ ਨੂੰ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਜੈਮਲ ਵਲੋਂ ਹੋਏ ਗਬਨਾਂ ਦੀਆਂ ਇਨਕੁਆਰੀਆਂ ਕਾਰਨ ਅਤੇ ਡੇਰੇ ਵੱਲੋਂ, ਪਾਖਰ ਦੇ ਭੰਗੀਦਾਸ ਹੋਣ ਦੀ ਉਪਾਧੀ ਖੁੱਸ ਜਾਣ ਕਾਰਨ, ਸਭ ਕੁਝ ਠੀਕ-ਠਾਕ ਨਹੀਂ ਸੀ ਰਿਹਾ। ਉੱਤੋਂ ਡੇਰਾ ਗੁਰੂ ਦੀ ਪੌਸ਼ਾਕ ਨੂੰ ਲੈ ਕੇ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤਾਂ ਵਿਚਲਾ ਤਣਾਓ, ਜੈਮਲ ਅਤੇ ਪਾਖਰ ਵਿਚਾਲੇ ਵੀ ਕਿਤੇ ਤਣ ਗਿਆ ਸੀ।
ਇਹ ਤਣਾਓ ਕਈ ਰੂਪਾਂ ਵਿਚ ਪ੍ਰਗਟ ਹੋਇਆ। ਇਕ ਦਿਨ ਸਤਸੰਗ ਘਰ ਵਿਚ ਕਿਸੇ ਪਾਖਰ ਹੱਥ ਪਰਚੀ ਦਿੱਤੀ। ਲਿਖਿਆ ਸੀ।
“ਪ੍ਰੇਮੀ ਜੀ ! ਘਰ ‘ਚੋਂ ਮੀਟ ਆਂਡੇ ਦਾ ਪ੍ਰਹੇਜ਼ ਕਰੋ।”
ਘਰ ਆਇਆ ਤਾਂ ਜੈਮਲ ਨਾਲ ਉਹ ਕੁੱਤਿਆਂ ਖਾਣੀ ਹੋਈ, ਰਹੇ ਰੱਬ ਦਾ ਨਾਂ। ਉਸ ਦਿਨ ਉਹਨੂੰ ਪਹਿਲੀ ਵੇਰ ਹਰਦੇਈ ਮਰੀ ਦਾ ਦੁੱਖ ਹੋਇਆ। ਫ਼ੈਸਲਾ ਹੋਇਆ ਕਿ ਬਾਪੂ ਦੇ ਖਾਣ ਅਤੇ ਪਕਾਉਣ ਵਾਲੇ ਭਾਂਡੇ ਵੱਖ ਕਰ ਦਿੱਤੇ ਜਾਣ। ਇਹ ਕਿੰਨੇ ਕੁ ਵੱਖ ਹੋਏ, ਜੈਮਲ ਦੀ ਪਤਨੀ ਕੁਲਵੰਤ ਕੌਰ ਹੀ ਜਾਣਦੀ ਸੀ। ਲੱਗਾ, ਤਣਾਓ ਮੁੱਕ-ਮਕਾ ਗਿਆ ਸੀ। ਪਰ ਇਹ ਤਣਾਓ ਸਿਉਂਕ ਦੀ ਤਰ੍ਹਾਂ ਘਰ ਵਿਚ ਕੀ ਕੁਝ ਜਰਜਰਾ ਕਰ ਚੁੱਕਾ ਸੀ ਇਸ ਦਾ ਪਤਾ ਉਦੋਂ ਲੱਗਾ ਜਦੋਂ ਜੈਮਲ ਨੇ ਕਿਹਾ, ਉਹ ਵਾਹੀ ਦੀ ਥਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਕਰੇਗਾ। ਨਿੱਕੀ ਜਿਹੀ ਗੱਲ ਸੀ।
ਪਾਖਰ ਮਿੱਟੀ ਹੋ ਗਿਆ।
ਘਰ ‘ਚ ਚਰਚਾ ਛਿੜੀ। ਪਿੰਡ ‘ਚ ਗੱਲਾਂ ਤੁਰੀਆਂ।
“ਸਹੁਰਿਆ ! ਊਈਂ ਬਗਲੀ ਪਾ ਕੇ ਮੰਗਣ ਲੱਗ ਜਾਹ।”
ਪਾਖਰ ਕਲਪਿਆ।
“ਕਿਉਂ? ਕੀ ਮਾੜਾ ਕਰ ਤਾਂ ਮੈਂ?”
“ਡੂੰਮਣਾ ਉਜਾੜ ਭਾਲਦੈ… ਇਹਦਾ ਪਤੈ?”
“ਇਹ ਸਰਸੇ ਵਾਲੇ ਬਾਬੇ ਨੇ ਕਿਹੈ?” ਜਦੋਂ ਤੋਂ ਜੈਮਲ ਦੀਆਂ ਇਨਕੁਆਰੀਆਂ ਸ਼ੁਰੂ ਹੋਈਆਂ ਸਨ। ਪਾਖਰ ਭੰਗੀਦਾਸ ਨਹੀਂ ਸੀ ਰਿਹਾ, ਅਤੇ ਜੈਮਲ ਨੂੰ ਪ੍ਰੇਮੀ ਵੋਟਾਂ ਦੀ ਆਸ ਨਹੀਂ ਸੀ ਰਹੀ। ਤਦ ਤੋਂ, ਉਹ ਵਾਹ ਲਗਦੀ ਪਿਉ ਨੂੰ ਡੇਰਾ ਪ੍ਰੇਮੀ ਹੋਣ ਦੀ ਟਾਂਚ ਕਰਦਾ।
“ਤੂੰ ਅੰਨ੍ਹੈ…? ਮੱਖੀਆਂ ਆਪਣੇ ਬੱਚਿਆਂ ਲਈ ਸ਼ਹਿਦ ‘ਕੱਠਾ ਕਰਦੀਐਂ, ਤੂੰ ਉਹਨਾਂ ਦੇ ਮੂੰਹ ‘ਚੋਂ ਰਿਜ਼ਕ ਖੋਹੇਂਗਾ?”
“ਫੇਰ ਗਾਵਾਂ ਮੱਝਾਂ ਵੀ ਚੋਣੀਆਂ ਛੱਡ ਦਿਉ…। ਉਹ ਵੀ ਤਾਂ ਕੱਟਰੂ ਵਛਰੂ ਲਈ ਲਾਹੁੰਦੀਐਂ ਡੋਕੇ।”
ਨਹੀਂ ਮੰਨਿਆ। ਸੈਂਕੜੇ ਬਕਸੇ ਖੇਤਾਂ ਦੁਆਲੇ ਲਿਆ ਰੱਖੇ। ਪਾਖਰ ਲਈ ਇਕੋ ਚਾਰਾ ਸੀ। ਡੇਰੇ ਜਾ ਕੇ ਭੁੱਲ ਬਖਸ਼ਾ ਲਵੇ।…
ਦਸ ਦਿਨ ਵੀ ਨਾ ਲੰਘੇ ਕੇ ਪਿੰਡ ‘ਚ ਅਵਾਈ ਉੱਡ ਗਈ। ਕਣਕ ਝੋਨੇਂ ਦੀ ਥਾਂ ਜੈਮਲ ਫੁੱਲਾਂ ਦੀ ਖੇਤੀ ਕਰੇਗਾ। ਪਾਖਰ ਨੇ ਕਈ ਦਿਨ ਰੋਟੀ ਹੀ ਨਾ ਖਾਧੀ।
“ਚਾਰ ਅੱਖਰ ਪੜ ਕੇ ਕਿਉਂ ਜੱਟਾਂ ਦੀ ਮਿੱਟੀ ਪਲੀਤ ਕਰਦੈਂ ਉਏ।”
“ਹੁਣ ਕੀ ਹੋ ਗਿਆ?”
“ਜੱਟ ਹੋ ਕੇ ਮਾਲੀਗਿਰੀ ਕਰੇਂਗਾ?”
“ਐਡੀ ਹੈਂਕੜ ਸੀ ਤਾਂ ਮੁਰੱਬਾ ਖਰੀਦਦਾ। ਚਹੁੰ ਕਿੱਲਿਆਂ ਵਾਲੇ ਲਕੀਰ ਦੇ ਫਕੀਰ ਬਣਨਗੇ ਤਾਂ ਅੱਜ ਵੀ ਮਰੇ, ਕੱਲ੍ਹ ਵੀ…।”
“ਚਾਹੇ ਅੱਧੇ ਕਿਲੇ ਦਾ ਮਾਲਕ ਹੋਵੇ ਜੱਟ…। ਜਦੋਂ ਛੱਟਾ ਦਿੰਦੈ ਨਾ ਬੀਜ ਦਾ… ਦਸ ਮੁੱਠਾਂ ਚਿੜੀ ਜਨੌਰਾਂ ਦੀ ਭਾਗੀਂ ਵੀ ਸਿੱਟਦੈ… ਫੁੱਲਾਂ ‘ਚੋਂ ਕੀ ਸਿੱਟੇਂਗਾ?”
“ਨਾ ਸਿੱਟਾਂ, ਪਰ ਗਲ਼ ‘ਚ ਫਾਹ ਲੈ ਕੇ ਨਹੀਂ ਮਰਦਾ।”
“ਨਾ ਮਰ, ਪਰ ਜੱਟ ਤਾਂ ਮਰ ਗਿਆ। ਜਿੱਦੇਂ ਬਾਣੀਆਂ ਬਣ ਗਿਆ।”
“ਜੇ ਫੋਕੀ ਹੈਂਕੜ ਦਾ ਨਾਉਂ ਹੀ ਜੱਟਗਿਰੀ ਐ ਤਾਂ ਮੈਂ ਬਾਣੀਆ ਭਲਾ।”
“ਜੇ ਨਹੀਂ ਮੰਨਣੀ ਆਪਣੇ ਡਲੇ ਵੰਡੋ ‘ਤੇ ਦਫ਼ਾ ਹੋਵੋ।”
“ਐਂ ਹੱਥ ਵੱਢ ਕੇ ਨਾ ਦੇਹ, ਪਾਖਰ ਸਿਹਾਂ।” ਕਈਆਂ ਕਿਹਾ। ਪਾਖਰ ਡੇਰਾ ਪ੍ਰੇਮੀ ਤਾਂ ਸੀ ਹੀ, ਜੈਮਲ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ। ਸਭ ਕੁਝ ਵੰਡਿਆ ਗਿਆ। ਪਿੱਛੋਂ ਪਤਾ ਲੱਗਾ ਦੋਹਾਂ ਭਰਾਵਾਂ ਦੀ ਮਿਲੀ ਭੁਗਤ ਸੀ। ਵੰਡੇ ਜਾਣ ਤੱਕ ਦੀਪਾ ਪਿਤਾ ਵੱਲ ਡੱਕਾ ਸਿੱਟਦਾ ਰਿਹਾ।
“ਸਭ ਕੁਝ ਦੇ ਦਿੱਤਾ ਤਾਂ ਕਿਸੇ ਵਾਤ ਨੀ ਪੁੱਛਣੀ।” ਦੀਪੇ ਕਿਹਾ ਸੀ।
“ਜੋ ਦਾਤੇ ਦੀ ਮਰਜ਼ੀ ! ਤੂੰ ਮੁੱਕਣ ਦੇ ਟੰਟਾ।”
ਪਾਖਰ ਡੇਰਾ ਪ੍ਰੇਮੀ ਸੀ। ਮਹੀਨਾ ਮਹੀਨਾ, ਸਰਸੇ ਲਾ ਆਉਂਦਾ। ਆਉਂਦਾ ਤਾਂ ਬਾਹਰਲੀ ਬੈਠਕ ਕੁਲਵੰਤ ਕੁਰ ਰੋਟੀ ਟੁਕ ਵੀ ਦੇ ਜਾਂਦੀ ਪਰ ਵੱਡੀ ਸੱਟ ਉਦੋਂ ਵੱਜੀ, ਜਦੋਂ ਜੈਮਲ ਨੇ ਦੀਪੇ ਨਾਲ ਮਿਲ ਕੇ ਚਹੁੰਆਂ ਕਿੱਲਿਆਂ ‘ਤੇ ਅਮਰੀਕਨ ਜਾਲੀ ਨਾਲ ਪੌਲੀ ਸ਼ੈਡ ਪੁਆਏ। ਅੱਖੇ ਫੁੱਲਾਂ ਦੀ ਖੇਤੀ ਕਰਾਂਗੇ। ਫੁੱਲ ਵਲੈਤ ਜਾਣਗੇ।
“ਲੈ ਚਿੜੀ ਜਨੌਰ ਦਾ ਸਰਾਪ ਈ ਲੈ ਡੁੱਬੂ ਤੈਨੂੰ।”
ਇਕ ਦਿਨ ਪਾਖਰ ਦੇ ਰਹਿਮ ਦਿਲ, ਕਲਪ ਕੇ ਕਿਹਾ।
“ਵਾਹ ! ਚਿੜੀ ਜਨੌਰਾਂ ਦਾ ਫ਼ਿਕਰ ਪੈ ਗਿਆ। ਆਪ ਭਮਾਂ ਭੁੱਖੇ ਰਹੋ।”
“ਅੰਨਦਾਤਾ ਹੁੰਦੈਂ ਕਿਸਾਨ ! ਮਾਰਦੈਂ ਭਕਾਈ।”
“ਤਾਂ ਹੀ ਸਲਫ਼ਾਸ ਖਾ ਖਾ ਮਰ ਰਿਹੈ ਤੇਰਾ ਅੰਨਦਾਤਾ?”
ਕੁਝ ਵੀ ਸੀ। ਪਾਖਰ ਨੂੰ ਤਾਂ ਜੈਮਲ ਦੀਆਂ ਫਿਫਟੀ ਸ਼ਿਫ਼ਟੀ ਵੀ, ਕੋਈ ਰੱਬੀ ਸਰਾਪ ਦਾ ਹੀ ਸੰਕੇਤ ਜਾਪਦੀਆਂ।…
ਇਕ ਦਿਨ ਅਚਾਨਕ ਪਤਾ ਲੱਗਾ। ਪਾਖਰ ਖੁਦ ਕਿਸੇ ਸਰਾਪ ਵਿਚ ਸੀ। ਸਤਸੰਗ ਪਿੱਛੋਂ, ਡੇਰਾ ਪ੍ਰੇਮੀਆਂ ਦੱਸਿਆ। ਜੈਮਲ ਵਿਰੁੱਧ ਇਕ ਹੋਰ ਇਨਕੁਆਰੀ ਸ਼ੁਰੂ ਹੋ ਗਈ ਸੀ। ਉੱਤੋਂ ਉਹਨੇਂ ਖੇਤਾਂ ਵਿਚ ਮੁਰਗੀਖਾਨਾ ਖੋਲ੍ਹ ਲਿਆ। ਇਸ ਲਈ ਭਾਈ, ਪੁੱਤ ਨੂੰ ਰੋਕ।
“ਕੀ ਸੁਣ ਰਿਹਾਂ ਮੈਂ?” ਪਾਖਰ ਰੋਣ ਵਾਂਗ ਕਿਹਾ।
“ਠੀਕ ਸੁਣਿਆ ਤੁਸੀਂ…।” ਜੈਮਲ ਫਿੱਸ ਪਿਆ।
ਕਹਿਣ ਲੱਗਾ, ਉਹ ਕੀ ਕਰੇ? ਚੀਨ ਦੀ ਕਿਸੇ ਕੰਪਨੀ ਨੇ ਨਕਲੀ ਫੁੱਲਾਂ ਦੀ ਅਸਲ ਨੂੰ ਮਾਤ ਪਾਉਂਦੀ ਖੇਪ ਤਿਆਰ ਕਰ ਕੇ ਇਤਨੀ ਮਾਤਰਾ ਵਿਚ ਬਾਜ਼ਾਰ ਅੰਦਰ ਲਿਆ ਸਿੱਟੀ ਸੀ ਕਿ ਅਸਲੀ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕੰਗਾਲ ਹੋ ਕੇ ਰਹਿ ਗਏ ਸਨ। ਇਕ ਤਾਂ ਚੀਨੀ ਫੁੱਲ ਅਸਲੀ ਫੁੱਲਾਂ ਦੇ ਟਾਕਰੇ ਸਸਤੇ ਸਨ। ਦੂਜੇ ਵਿਦੇਸ਼ਾਂ ਵਿਚ ਭੇਜਣ ਸਮੇਂ ਮੁਰਝਾਉਣ ਦਾ ਖ਼ਤਰਾ ਨਹੀਂ ਸੀ। ਇਸ ਲਈ ਬਚਣ ਦਾ ਕੋਈ ਰਾਹ ਹੀ ਨਹੀਂ ਸੀ ਰਿਹਾ। ਤਦੈ ਮੁਰਗੀਖ਼ਾਨਾ ਖੋਹਲਿਆ। ਹੁਣ ਮੁਰਗਿਆਂ ਦਾ ਮਾਸ ਮਸ਼ੀਨਾਂ ਨਾਲ ਸਾਫ਼ ਕਰਕੇ ਬਾਹਰ ਭੇਜਦਾ ਹਾਂ।
“ਕੁਛ ਬੀ ਐ ਰੱਬ ‘ਤੇ ਭਰੋਸਾ ਰੱਖ ਤੇ ਬੰਦ ਕਰ ਇਸ ਕੁੱਤਖਾਨੇ ਨੂੰ…।”
ਪਾਖਰ ਤਰਲਾ ਲਿਆ।
“ਨਹੀਂ ਹੁੰਦਾ। ਕਰਜ਼ੇ ਵਾਲੇ ਕਿਸੇ ਰੱਬ ਨੂੰ ਨਹੀਂ ਮੰਨਦੇ।”
“ਤੈਂ ਲਾਜ ਲਾ ਕੇ ਰੱਖ ਦਿੱਤੀ ਮੇਰੇ ਸਤਗੁਰੂ ਨੂੰ…।”
“ਐਡਾ ਈ ਕਮਜ਼ੋਰ ਐ ਤੇਰਾ ਸਤਗੁਰੂ? ਜਿਹੜਾ ਮੇਰੇ ਚਹੁੰ ਮੁਰਗਿਆਂ ਨਾਲ ਭਿੱਟਿਆ ਗਿਆ।”
“ਜਿਨ੍ਹਾਂ ਪ੍ਰੇਮੀਆਂ ਦੇ ਸਿਰ ‘ਤੇ ਤੂੰ ਜਿੱਤਿਆ, ਹੁਣ ਉਨ੍ਹਾਂ ਦੇ ਨਾਂ ਨੂੰ ਵੀ ਕਲੰਕ ਲਾਏਂਗਾ ਤੂੰ?”
“ਵੋਟਾਂ ਮੈਨੂੰ ਨਹੀਂ, ਤੇਰੇ ਮੂੰਹ ਨੂੰ ਪਈਆਂ। ਅੱਗੋਂ ਨਾ ਪਾਉਣ।”
“ਇਹ ਪਾਪ ਦੀ ਕਮਾਈ ਤੈਨੂੰ ਲੈ ਡੁੱਬੂ ਜੈਮਲਾ…।”
“ਮੈਂ ਤਾਂ ਪਹਿਲਾਂ ਹੀ ਡੁੱਬਿਆ ਪਿਆਂ ਹੋਰ ਕੀ ਡੁੱਬੂੰ।”
“ਲੈ ਸੁਣ ਫਿਰ, ਮੰਗ ਕੇ ਖਾ ਲੂੰ… ਤੇਰੇ ਕਸਾਈ ਦੇ ਨੀ ਵੜਦਾ ਆ ਕੇ।…”
ਤੇ ਉਹ ਸੋਟੀ ਟੇਕਦਾ ਘਰੋਂ ਬਾਹਰ ਹੋ ਗਿਆ ਸੀ। ਹੁਣ ਉਹ ਬੱਸ ‘ਚ ਬੈਠਾ ਪਛਤਾ ਰਿਹਾ ਸੀ ਕਿ ਕਬੀਰ ਵਾਲੀ ਤੁਕ ਉਹਦੇ ਪਹਿਲਾਂ ਕਿਉਂ ਨਾ ਯਾਦ ਆਈ, ਬਈ ‘ਕਬੀਰਾ ਤੇਰੀ ਝੋਂਪੜੀ ਗਲ ਕਟੀਅਨ ਕੇ ਪਾਸ। ਕਰਨਗੇ ਸੋ ਭਰਨਗੇ।’ ਪਰ ਉਹ ਉਦਾਸ ਸੀ। ਬਹੁਤ ਉਦਾਸ। ਜਦੋਂ ਉਹ ਅੱਡੇ ‘ਚ ਬੱਸ ਤੋਂ ਉਤਰਿਆ ਉਹ ਹੋਰ ਉਦਾਸ ਹੋ ਗਿਆ।

ਪਾਖਰ ਦੁਬਿਧਾ ‘ਚ ਸੀ। ਸਤਸੰਗ ਘਰ ਚਲਾ ਜਾਵੇ ਜਾਂ ਨੂੰਹ ਪੁੱਤ ਵੱਲ। ਜਕੋਤਕੀ ‘ਚ ਉਸ ਦੀਪੇ ਦੇ ਦਰ ਜਾ ਖੜਕਾਏ। ਘੰਟੀ ਵਜਦੇ ਸਿੰਮੀ ਬਾਹਰ ਆਈ।
“ਬਾਪੂ ਜੀ ਤੁਸੀਂ?”
“ਹਾਂ ਭਾਈ ਮੈਂ…”
“ਜੀ ਸੁੱਖ ਤਾਂ ਹੈ…?”
“ਕਿਉਂ? ਮੈਂ ਦੁਖੀ ਨੀ ਆ ਸਕਦਾ?”
“ਲੈ ਬਾਪੂ ਜੀ ਮੈਂ ਕੀ ਕਹਿ ਤਾ…”
“ਬੂਹੇ ‘ਚੋਂ ਪਰੇ ਹੋਏਂਗੀ ਕਿ ਜਾਵਾਂ ਮੈਂ?”
“ਨਹੀਂ ਜੀ, ਮੈਂ ਕਿਹਾ?”
“ਤੂੰ ਪਰਸ਼ਾਦਾ ਪਕਾ ਭਾਈ ! ਜੋ ਕਹਿਣੈ ਦੀਪੇ ਦੇ ਆਏ ਤੋਂ ਕਹੀਂ।” ਦੀਪਾ ਆਇਆ ਤਾਂ ਹੈਰਾਨ। ਪਤਾ ਲੱਗਾ ਪਿਉ ਨੇ ਕਾਰੋਬਾਰ ਵਿਚ ਵੀ ਦਖ਼ਲ ਦਿੱਤਾ ਸੀ। ਉਹ ਮੱਚ ਉੱਠਿਆ।
“ਤਾਂ ਕਾਰੋਬਾਰ ਵੀ ਪ੍ਰੇਮੀ ਡੀਸਾਈਡ ਕਰਨਗੇ?”
“ਗੱਲ ਲੋਕਾਂ ਦੀ ਨਹੀਂ। ਜੈਮਲ ਤੇ ਮੇਰੀ ਐ। ਪ੍ਰੇਮੀਆਂ ਦੋ ਵਾਰ ਹਿੱਕ ਠੋਕ ਕੇ ਸਰਪੰਚੀ ਦਿਵਾਈ। ਫ਼ਿਰ ਇਤਰਾਜ਼ ਮੇਰੇ ‘ਤੇ ਕੀਤਾ। ਜੈਮਲ ਤੇ ਨਹੀਂ।”
“ਪ੍ਰੇਮੀਆਂ ਨੂੰ ਵੋਟਾਂ ਦਿੱਸ ਗਈਆਂ। ਜਿਹੜੀਆਂ ਛੱਬੀ ਕਨਾਲਾਂ ਜੈਮਲ ਨੇ ਜਗ੍ਹਾ ਦਿਵਾਈ ਡੇਰੇ ਨੂੰ। ਉਹ…? ਉਹ ਭੁੱਲ ਗਏ?”
ਬਹਿਸ ਹੋਰ ਵਧ ਜਾਂਦੀ ਜੇਕਰ ਰਾਤ ਦੇ ਸੌਣ ਲਈ ਬਿਪਤਾ ਨਾ ਆ ਪੈਂਦੀ। ਦੀਪੂ ਸਰਕਾਰੀ ਕੁਆਟਰ ‘ਚ ਸੀ। ਇਕੋ ਕਮਰਾ। ਵਰਾਂਡਾ ਸਾਮਾਨ ਨਾਲ ਠੂਸਿਆ ਪਿਆ ਸੀ। ਪਾਖਰ ਦੋਹਾਂ ਜੀਆਂ ਨੂੰ ਗੈਰਾਜ ‘ਚੋਂ ਸਾਮਾਨ ਪਾਸੇ ਕਰਕੇ ਮੰਜੀ ਲਈ ਥਾਂ ਬਣਾਉਂਦੇ ਦੇਖ, ਭਬਕਿਆ।
“ਗੱਲ ਸੁਣ ਉਏ, ਨੱਕ ‘ਚੋਂ ਠੂੰਹੇ ਸਿੱਟਦਾ ਤੂੰ ਥੱਕਦਾ ਨੀ… ਕੀ ਖੱਟਿਆ ਸ਼ਹਿਰ ਆ ਕੇ ਤੈਂ? ਇਕ ਮੰਜੇ ਲਈ ਖੁੱਡ ਜਿੰਨੀ ਥਾਂ ਨੀ ਤੇਰੇ ਕੋਲ…। ਮਰ ਨੀ ਜਾਂਦਾ ਡੁੱਬ ਕੇ।”
ਇਸ ਤੋਂ ਪਹਿਲਾਂ ਕਿ ਦੀਪੂ ਮੋੜਾ ਦਿੰਦਾ। ਸਿੰਮੀ ਬੋਲੀ।
“ਲੈ ਜੀ ਮਰਨ ਉਹ ਜਿਹੜੇ ਮੂੰਹ ਚੁੱਕ ਕੇ ਤੁਰੇ ਆਉਂਦੇ ਐ… ਅਸੀਂ ਤਾਂ ਨਹੀਂ ਕਿਹਾ ਬਈ ਖੁੱਡ ‘ਚ ਆਓ।”
ਹੋਰ ਕੋਈ ਵੇਲਾ ਹੁੰਦਾ, ਪਾਖਰ ਖੁੰਬ ਠੱਪ ਕੇ ਰੱਖ ਦਿੰਦਾ। ਕੁਝ ਵੀ ਨਾ ਆਖ ਉਹ ਘਰ ਤੋਂ ਬਾਹਰ ਨਿਕਲਿਆ ਅਤੇ ਦੁਖੀ ਮਨ, ਰਿਕਸ਼ਾ ਫੜ ਜੇਹਲ ਰੋਡ ਵਾਲੇ ਸੱਚਾ ਸੌਦਾ ਸਤਸੰਗ ਘਰ ਵੱਲ ਆ ਰਿਹਾ।
ਅੱਧੀ ਰਾਤ ਉਹਦੀ ਜਾਗ ਖੁੱਲ੍ਹ ਗਈ। ਹਜ਼ਾਰਾਂ ਦੀ ਤਦਾਦ ਵਿਚ ਸਰਸੇ ਤੋਂ ਮੁੜੀ ਸੰਗਤ ਸਤਸੰਗ ਘਰ ‘ਚ ਕੁਰਬਲ ਕੁਰਬਲ ਕਰ ਰਹੀ ਸੀ।
ਉਹ ਉੱਠ ਕੇ ਬੈਠ ਗਿਆ। ਪਤਾ ਲੱਗਾ, ਬਾਬਾ ਜੀ ਦੀ ਫ਼ਿਲਮ ਵਾਲੇ ਪੋਸਟਰਾਂ ਨੂੰ ਲੈ ਕੇ ਘਰਾਂ ਨੂੰ ਮੁੜਦੀ ਸੰਗਤ ਰੋਕ ਲਈ ਗਈ ਸੀ।
ਪ੍ਰੇਮੀ ਸਰਸੇ ਤੋਂ ਆਉਣ ਵਾਲੇ ਅਗਲੇਰੇ ਹੁਕਮਾਂ ਦੀ ਉਡੀਕ ਵਿਚ ਸਨ। ਪੈਂਤੜੇ ਮੱਲੇ ਜਾ ਰਹੇ ਸਨ। ਵਿੱਸ ਘੁੱਲ ਰਹੀ ਸੀ।…
ਲੋਅ ਲੱਗੀ ਤੋਂ ਕੋਈ ਪ੍ਰੇਮੀ ਅਖ਼ਬਾਰਾਂ ਦਾ ਪੁਲੰਦਾ ਲੈ ਆਇਆ। ਖ਼ਬਰਾਂ ਜ਼ਹਿਰ ਉਗਲ ਰਹੀਆਂ ਸਨ। ਥੋੜ੍ਹੇ ਚਿਰ ਬਾਦ ਜਦੋਂ ਕਿਸੇ ਮੁਖੀਆ ਭੰਗੀਦਾਸ ਨੇ ਭਾਸ਼ਣ ਦਿੱਤਾ ਤਾਂ ਪਤਾ ਲੱਗਾ, ਪਾਖਰ ਕੇ ਪਿੰਡੋਂ, ਜੈਮਲ ਨੇ ਸਭ ਤੋਂ ਪਹਿਲਾਂ ਪੋਸਟਰਾਂ ਦੇ ਵਿਰੋਧ ਬਾਰੇ, ਬਹੁਤ ਤਿੱਖਾ ਬਿਆਨ ਦਿੱਤਾ ਸੀ। ਪੰਜਾਬ ਦੀ ਇਕ ਵੱਡੀ ਧਾਰਮਿਕ ਸੰਸਥਾ ਦੇ ਆਗੂਆਂ ਨੂੰ ਉਕਸਾਇਆ ਗਿਆ ਸੀ ਕਿ ਜੇਕਰ ਉਸ ਨੇ ਇਹ ਪੋਸਟਰ ਲੱਗਣ ਤੋਂ ਨਾ ਰੋਕੇ ਤਾਂ ਪੰਜਾਬ ਨੂੰ ਸਰਕੜੇ ਦੀ ਅੱਗ ਵਾਂਗ ਫੂਕ ਦਿੱਤਾ ਜਾਏਗਾ।
ਪਾਖ਼ਰ ਥਾਏਂ ਬੈਠ ਗਿਆ। ਉਹਦਾ ਰੋਣ ਨਿਕਲ ਆਇਆ। ਪੁੱਤਾਂ ਨੇ ਉਹਨੂੰ ਕਿਸ ਕਗਾਰ ‘ਤੇ ਲਿਆ ਖੜ੍ਹਾ ਕੀਤਾ। ਭਾਸ਼ਣ ਜਾਰੀ ਸੀ…
“ਦੇਖੋ ਪ੍ਰੇਮੀ ਜਨੋ ! ਡੇਰੇ ਦਾ ਹੁਕਮ ਹੈ। ਭੈਅ ਕਾਹੂ ਕੋ ਦੇਤਿ ਨਹਿ। ਨਾ ਭੈਅ ਮਾਨਤ ਆਨ। ਸੋ ਜਿਹੜਾ ਪ੍ਰੇਮੀ ਆਪਣਾ ਆਪ ਗੁਰੂ ਦੇ ਹੁਕਮਾਂ ਨੂੰ ਸੌਂਪ ਸਕਦਾ ਹੈ, ਉਹ ਰੁਕੇ ਬਾਕੀ ਸੰਗਤ ਜਾ ਸਕਦੀ ਹੈ। ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ।”
ਪਾਖਰ ਜਾਣਦਾ ਸੀ। ਕੋਈ ਬੱਚਾ ਵੀ ਨਹੀਂ ਜਾਏਗਾ। ਉਹ ਕੀ ਕਰੇ? ਕੁਝ ਵੀ ਨਹੀਂ ਸੀ ਸੁੱਝ ਰਿਹਾ।
ਉਸ ਦੇਖਿਆ, ਇਕ ਮਿੱਨ੍ਹੀ ਟਰੱਕ ਸਤਸੰਗ ਘਰ ‘ਚ ਆਇਆ। ਬੋਰਡ ਲਾਹੇ ਜਾਣ ਲੱਗੇ। ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਦੇ ਬੋਲ ਗੂੰਜੇ।
ਅਚਾਨਕ ਕਿਸੇ ਪ੍ਰੇਮੀ ਪਾਖਰ ਨੂੰ ਪਹਿਚਾਣਿਆ। ਕਾਹਲੀ ਨਾਲ ਬਾਂਹੋਂ ਫੜ ਬਾਥਰੂਮਾਂ ਦੇ ਪਿਛਵਾੜੇ ਲੈ ਗਿਆ।
“ਪ੍ਰੇਮੀ ਜੀ ! ਤੂੰ ਏਥੇ ਕੀ ਕਰਦੈਂ? ਮੁੰਡਾ ਚਾਹੀਦੈ ਤਾਂ ਉੱਡ ਜਾਹ ਗੋਲੀ ਵਾਂਗ। ਸਭ ਤੋਂ ਪਹਿਲਾਂ ਤੇਰੇ ਮੁੰਡੇ ਵਾਲੇ ਜੱਥੇ ‘ਤੇ ਅਟੈਕ ਹੋਏਗਾ। ਪਿਛਲੇ ਗੇਟ ਥਾਣੀ ਨਿਕਲ ਤੇ ਉੱਡ ਜਾਹ।”
ਪਾਖਰ ਦੀਆਂ ਲੱਤਾਂ ਕੰਬਣ ਲੱਗੀਆਂ। ਬਾਹਰ ਨਿਕਲਦੇ ਹੀ ਟੈਂਪੂ ਕਰ ਲਿਆ। ਸਾਲਮ। ਬੈਠਦੇ ਹੀ ਪਛਤਾਵਾ ਹੋਇਆ। ਉਹਨੇ ਏਸ ਦਿਨ ਲਈ ਤਾਂ ਗੁਰੂ ਨਹੀਂ ਸੀ ਧਾਰਿਆ।

ਗੁਰਦੁਆਰੇ ‘ਚ ਬੰਦਿਆਂ ਤੋਂ ਵੱਧ ਕਿਰਪਾਨਾਂ ਦਾ ਇਕੱਠ ਸੀ। ਇਹ ਉਹੋ ਗੁਰਦੁਆਰਾ ਸੀ, ਜਿਥੋਂ ਪਾਖਰ ਕੱਲ੍ਹ ਉੱਠ ਕੇ ਗਿਆ ਸੀ। ਸ਼ਹਿਰੋਂ ਪਿੰਡ, ਪਿੰਡੋਂੋ ਘਰ ਅਤੇ ਘਰ ਤੋਂ ਗੁਰਦੁਆਰੇ ਤੱਕ ਆਉਂਦੇ, ਪਾਖਰ ਕਈ ਵੇਰ ਮਰਿਆ। ਸਤਸੰਗਾਂ ਵਿਚ ਧੀਆਂ ਪੁੱਤਾਂ, ਅੰਗਾਂ ਸਾਕਾਂ ਅਤੇ ਸਾਰੇ ਸੰਸਾਰ ਨੂੰ ਮਿਥਿਆ ਕਿਹਾ ਜਾਂਦਾ ਸੀ। ਫ਼ਿਰ ਕੋਈ ਜਿਉਂਦਾ ਹੋਇਆ ਜਾਂ ਮਰਿਆ ਕੀ ਫ਼ਰਕ ਪੈਂਦੈ। ਪਾਖਰ ਮਨ ਕਰੜਾ ਵੀ ਕਰ ਲਿਆ। ਪਰ ਜਿਵੇਂ ਹੀ ਸ਼ਿਫ਼ਟੀ ਫ਼ਿਫ਼ਟੀ ਹੁਬਕੀ ਰੋਂਦੀਆਂ ਉਹਦੀ ਗੋਦੀ ‘ਚ ਆ ਕੇ ਬੈਠੀਆਂ, ਉਹ ਫਿੱਸ ਪਿਆ।…
ਗੁਰਦੁਆਰੇ ਵੜਦੇ ਨੂੰ ਹੀ ਪ੍ਰਬੰਧਕਾਂ ਬੋਚ ਲਿਆ। ਕਮਰੇ ‘ਚ ਲੈ ਗਏ।
“ਸੋਧ ਦਿਉ… ਮੌਕੈ…।” ਕਿਸੇ ਮਛ੍ਹੋਰ ਕਿਹਾ। ਪ੍ਰਬੰਧਕ ਉਹਨੂੰ ਧੱਕ ਕੇ ਪਰਾਂ ਲੈ ਗਏ।
“ਪਾਖਰਾ ! ਕੱਲ ਵੀ ਤੂੰ ਸੂਹ ਲੈ ਕੇ ਗਿਆ। ਅੱਜ ਕੀ ਲੈਣ ਆ ਗਿਆ?” ਜਥੇਦਾਰ ਹਉਂਕ ਰਿਹਾ ਸੀ।

“ਜੈਮਲ ਨੂੰ ਪੁੱਛ ਮੈਂ ਕੱਲ੍ਹ ਕੀ ਲੈਣ ਆਇਆ। ਅੱਜ ਉਹਨੂੰ ਲੈਣ ਆਇਆਂ। ਕੇਰਾਂ ਮੱਥੇ ਲੁਆ ਦਿਉ ਮੇਰੇ।”
ਕੋਈ ਜੈਮਲ ਨੂੰ ਸੱਦ ਕੇ ਲੈ ਆਇਆ।
“ਮੈਂ ‘ਕੱਲੇ ਗੱਲ ਕਰਨੀਂ ਐ ਇਹਦੇ ਨਾਲ।”
ਸਭ ਬਾਹਰ ਚਲੇ ਗਏ।…
“ਦੇਖ ਜੈਮਲਾ ! ਤੂੰ ਪ੍ਰੇਮੀਆਂ ਦੇ ਨਿਸ਼ਾਨੇ ਤੇ ਐਂ… ਘੜੀ ਦਾ ਪਤਾ ਨੀ…। ਮੈਂ ਤੇਰੀਆਂ ਜੁਆਕੜੀਆਂ ਲਈ ਹੱਥ ਜੋੜਦਾਂ। ਬਾਜ ਆ ਜਾ ਇਹਨਾਂ ਪੋਸਟਰਾਂ ਤੋਂ…।”
ਘੜੀ ਪਲ ਚੁੱਪ ਵਰਤ ਗਈ…।
“ਠੀਕ ਐ, ਮੈਂ ਦਸਦਾਂ ਹੁਣੇ।” ਜੈਮਲ ਬਾਹਰ ਚਲਿਆ ਗਿਆ। ਮੁੜਿਆ ਤਾਂ ਕਿਹਾ।
“ਮੇਰੀ ਇਕ ਸ਼ਰਤ ਐ…।”
“ਕੀ?”
“ਤੈਨੂੰ ਅੰਮ੍ਰਿਤ ਛਕਣਾ ਪਊ…”
“ਕਿਉਂ? ਕਾਹਦੇ ਲਈ?”
“ਇਸ ਗੱਲ ਨੂੰ ਛੱਡ… ਹਾਂ ਜਾਂ ਨਾਂਹ?”
ਕੁਝ ਚਿਰ ਦੀ ਫਿਰ ਚੁੱਪ…
“ਠੀਕ ਐ…।” ਪਾਖਰ ਹਉਕੇ ਵਾਂਗ ਕਿਹਾ, ਅਤੇ ਰੋਣ ਲੱਗਾ। ਬਾਹਰ ‘ਬੋਲੇ ਸੋ ਨਿਹਾਲ’ ਦੇ ਜੈਕਾਰੈ ਉੱਚੇ ਹੋਏ। ਅਸਮਾਨ ਗੂੰਜ ਉੱਠਿਆ। ਬਿਲਕੁਲ ਇਵੇਂ, ਜਿਵੇਂ ਨਾਮਦਾਨ ਗ੍ਰਹਿਣ ਕਰਨ ਸਮੇਂ ‘ਧੰਨ ਧੰਨ ਸਤਗੁਰੂ ਤੇਰਾ ਆਸਰਾ’ ਦੇ ਬੋਲ ਉਹਦੇ ਕੰਨਾਂ ਵਿਚ ਗੂੰਜੇ ਸਨ। ਪਾਖਰ ਦਾ ਮੱਥਾ ਟੱਸ-ਟੱਸ ਕਰਨ ਲੱਗਾ।
ਫਿਰ ਪਾਖਰ ਦੇ ਆਲੇ-ਦੁਆਲੇ ਚੁੱਪ ਪੱਸਰ ਗਈ।
ਲੱਗਾ ਤਣਾਓ ਟਲ ਗਿਆ ਸੀ।…
ਉਸ ਦਿਨ, ਨਾ ਪੋਸਟਰ ਲੱਗੇ। ਨਾ ਵਿਰੋਧ ਹੋਇਆ।
ਅਗਲੀ ਸਵੇਰ ਪਾਖਰ ਉੱਠਿਆ।
ਬਾਹਰਲੀ ਬੈਠਕ ਅਖ਼ਬਾਰਾਂ ਦਾ ਪੁਲੰਦਾ ਪਿਆ ਸੀ। ਹਰ ਅਖ਼ਬਾਰ ਵਿਚ ਅੰਮ੍ਰਿਤ ਛਕਦੇ ਪਾਖਰ ਦੀ ਫੋਟੋ ਸੀ। ਨਾਲ ਕਈ ਹੋਰਾਂ ਦੀਆਂ ਵੀ ਸਨ।…
ਖ਼ਬਰ ਸੀ ਕਿ ਇਕੋ ਦਿਨ ਸੈਂਕੜੇ ਡੇਰਾ ਪ੍ਰੇਮੀ ਜਥੇਦਾਰ ਜੈਮਲ ਸਿੰਘ ਦੇ ਯਤਨਾਂ ਸਦਕਾ ਟਕਰਾਅ ਤਿਆਗ ਕੇ ਅੰਮ੍ਰਿਤਧਾਰੀ ਬਣੇ। ਪਾਖਰ ਦੇ ਸਾਹ ਟੁੱਟਣ ਲੱਗੇ। ਮੋਏ ਜਿਹੇ ਤ੍ਰਾਣ ਅੰਦਰ ਗਿਆ।
ਜੈਮਲ ਬਾਰੇ ਪੁੱਛਿਆ।
“ਥੌਨੂੰ ਨਹੀਂ ਪਤਾ?” ਕੁਲਵੰਤ ਕੁਰ ਕਿਹਾ। “ਨਹੀਂ।” ਪਾਖਰ ਨੂੰ ਲੱਗਾ ਉਹਦੀ ਘਿੱਗੀ ਬੱਝ ਰਹੀ ਸੀ।
“ਪੰਚਾਇਤੀ ‘ਕੱਠ ‘ਚ ਗਏ ਐ… ਐਤਕੀਂ ਅਕਾਲੀਆਂ ਵੱਲੋਂ ਲੜਨਗੇ ਚੋਣ…।” ਕੁਲਵੰਤ ਕੁਰ ਟਹਿਕ ਰਹੀ ਸੀ।
ਪਾਖਰ ਨੂੰ ਲੱਗਾ ਹੁਣ ਬਾਕੀ ਦੀ ਜ਼ਿੰਦਗੀ ਵਿਚ ਉਸ ਲਈ ਕਿਸੇ ਧਰਮ ਦੇ ਕੋਈ ਅਰਥ ਨਹੀਂ ਸਨ।

-ਕਿਰਪਾਲ ਕਜ਼ਾਕ

Comment here