ਅਪਰਾਧਸਿਆਸਤਖਬਰਾਂ

ਬੁਡ਼ੈਲ ਜੇਲ੍ਹ ਟਿਫਨ ਬੰਬ ਕਾਂਡ ਚ ਖ਼ਾਲਿਸਤਾਨ ਟਾਈਗਰ ਫੋਰਸ ਦਾ ਹੱਥ!

ਚੰਡੀਗਡ਼੍ਹ – ਪੰਜਾਬ ਦੀਆਂ ਖੁਫੀਆ ਤੇ ਸੁਰੱਖਿਆ ਏਜੰਸੀਆਂ ਦੇਸ਼ ਵਿਰੋਧੀ ਤੱਤਾਂ ਦੇ ਖਿਲਾਫ ਲਗਾਤਾਰ ਮੁਹਿਮ ਚਲਾ ਰਹੀਆਂ ਹਨ, ਅਜਿਹੀ ਹੀ ਕਾਰਵਾਈ ਦੇ ਦੌਰਾਨ ‘ਬੁਡ਼ੈਲ ਮਾਡਲ ਜੇਲ੍ਹ ਟਿਫਨ ਬੰਬ ਕਾਂਡ’ ਵਿਚ ਖ਼ਾਲਿਸਤਾਨ ਟਾਈਗਰ ਫੋਰਸ ਦਾ ਹੱਥ ਹੋਣ ਦੀ ਗੱਲ ਆਈ ਹੈ। ਕੇਟੀਐੱਫ ਨਾਲ ਸਬੰਧਤ ਇਨਪੁਟਸ ਮਿਲਣ ਤੋਂ ਬਾਅਦ ਚੰਡੀਗਡ਼੍ਹ ਪੁਲਿਸ ਨੇ ਇਹੀ ਜਾਣਕਾਰੀ ਕੇਂਦਰੀ ਸੁਰੱਖਿਆ ਜਾਂਚ ਏਜੰਸੀਆਂ ਨਾਲ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ 10 ਤੋਂ 12 ਦੇ ਕਰੀਬ ਟੀਮਾਂ ਵੀ ਪੰਜਾਬ ਤੇ ਹਰਿਆਣਾ ਵਿਚ ਕੁਝ ਥਾਵਾਂ ’ਤੇ ਛਾਪੇਮਾਰੀ ਕਰਨ ਲਈ ਭੇਜੀਆਂ ਗਈਆਂ ਹਨ। ਚੰਡੀਗਡ਼੍ਹ ਪੁਲਿਸ ਕੇਂਦਰੀ ਸੁਰੱਖਿਆ ਜਾਂਚ ਏਜੰਸੀਆਂ ਨਾਲ ਕੇਟੀਐੱਫ ਦੀਆਂ ਸਰਗਰਮੀਆਂ ਦੀ ਜਾਣਕਾਰੀ ਲੈ ਰਹੀ ਹੈ। ਪੁਲਿਸ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੀ ਮਦਦ ਲੈ ਰਹੀ ਹੈ। ਐੱਸਐੱਸਪੀ ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਤੱਥ ਮਿਲੇ ਹਨ ਕਿ ਇਸ ਹਰਕਤ ਪਿੱਛੇ ਕੇਟੀਐੱਫ ਦਾ ਹੱਥ ਹੈ। ਇਸ ਦੇ ਆਧਾਰ ’ਤੇ ਪੁਲਿਸ ਨਾਲ ਸਬੰਧਤ ਦੋਸ਼ੀਆਂ ਸਮੇਤ ਪੰਜਾਬ ਤੇ ਹਰਿਆਣਾ ਨਾਲ ਜੁਡ਼ੇ ਅਪਰਾਧੀਆਂ ਤੋਂ ਪੁੱਛਗਿੱਛ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਕਸਬਾ ਨੂਰਪੁਰਬੇਦੀ ਵਿਚ ਕਲਮਾਂ ਪੁਲਿਸ ਚੌਕੀ ’ਤੇ ਹੋਏ ਬੰਬ ਧਮਾਕੇ ਤੇ ਊਨਾ ਦੇ ਪਿੰਡ ਸਿੰਗਾ ਵਿਚ ਇਕ ਖੂਹ ਵਿੱਚੋਂ ਬਰਾਮਦ ਹੋਏ ਟਿਫਨ ਬੰਬ ਨਾਲ ਜੋਡ਼ਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਜਾਂਚ ਇਸ ਕੋਣ ’ਤੇ ਆ ਗਈ ਹੈ। ਚੰਡੀਗਡ਼੍ਹ ਪੁਲਿਸ ਨੇ ਇਸ ਘਟਨਾ ਵਿਚ ਸ਼ਾਮਲ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।  ਇਸ ਤੋੰ ਇਲਾਵਾ ਕਲਮਾਂ ਪੁਲਿਸ ਚੌਕੀ ’ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਨਵਾਂਸ਼ਹਿਰ ਪੁਲਿਸ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁੱਖ ਮੁਲਜ਼ਮ ਵਾਸੀ ਕੁਲਦੀਪ ਸੰਨੀ ਤੇ ਪਿੰਡ ਬੇਗਮਪੁਰ ਦੇ ਰਹਿਣ ਵਾਲੇ ਜੀਵਤੇਸ਼ ਸੇਠੀ ਤੋਂ ਪੁੱਛਗਿੱਛ ਕਰਨ ਲਈ ਚੰਡੀਗਡ਼੍ਹ ਪੁਲਿਸ ਦੀ ਟੀਮ ਸੋਮਵਾਰ ਨੂੰ ਨਵਾਂਸ਼ਹਿਰ ਪੁੱਜੀ। ਇਹ ਟੀਮ ਦੋਵਾਂ ਤੋਂ ਬੁਡ਼ੈਲ ਮਾਡਲ ਜੇਲ੍ਹ ਮਾਮਲੇ ਸਬੰਧੀ ਪੁੱਛਗਿੱਛ ਕਰ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ 2021 ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਮਿਲੇ ਟਿਫਨ ਬੰਬ ਦੀਆਂ ਘਟਨਾਵਾਂ ਨੂੰ ਇਸ ਮਾਮਲੇ ਨਾਲ ਜੋਡ਼ ਕੇ ਵੇਖਿਆ ਜਾ ਰਿਹਾ ਹੈ। ਨਵਾਂਸ਼ਹਿਰ ਦੇ ਪਿੰਡ ਬੇਗ਼ਮਪੁਰ ਵਿਚ ਰਹਿੰਦਾ ਜੀਵਤੇਸ਼ ਹਥਿਆਰਾਂ ਦੀ ਦੀ ਖੇਪ ਨੂੰ ਟਿਕਾਣੇ ਲਾਉਂਦਾ ਹੁੰਦਾ ਸੀ। ਹੁਣ ਤਕ ਜੀਵੇ ਨੇ ਕਿੱਥੇ ਕਿੱਥੇ ਖੇਪ ਪਹੁੰਚਾਈ ਹੈ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਕੰਮ ਲਈ ਕੁਲਦੀਪ ਸੰਨੀ ਪੈਸੇ ਅਦਾ ਕਰਦਾ ਸੀ। ਕੁਲਦੀਪ ਜਾਂਚ ਦੌਰਾਨ ਮੰਨ ਚੁੱਕਿਆ ਹੈ ਕਿ ਪਾਕਿਸਤਾਨ ਬੈਠੇ ਬਦਨਾਮ ਗੈਂਗਸਟਰ ਹਰਵਿੰਦਰ ਰਿੰਦੇ ਨੇ ਪੈਸੇ ਭੇਜੇ ਸਨ। ਕੁਲਦੀਪ ਤੋਂ ਹੋਰ ਡੂੰਘੀ ਪੁੱਛ ਪਡ਼ਤਾਲ ਜਾਰੀ ਹੈ ਕਿ ਉਹ ਜੀਵਤੇਸ਼ ਨੂੰ ਕਿੰਨੇ ਪੈਸੇ ਅਦਾ ਕਰ ਚੁੱਕਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁੱਛ ਪਡ਼ਤਾਲ ਪਿੱਛੋਂ ਹੋਰ ਟਿਫਨ ਬੰਬ ਬਰਾਮਦ ਹੋ ਸਕਦੇ ਹਨ।ਉਸ ਦੇ ਸੰਪਰਕ ਵਾਲੇ ਲੋਕਾਂ ਨੂੰ ਵੀ ਛਾਣਬੀਣ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ ਹੈ।

ਨਵਾਂ ਸ਼ਹਿਰ ਦੀ ਪੁਲਸ ਵਲੋਂ ਕੁਲਦੀਪ ਸਿੰਘ ਦੇ ਘਰ ਛਾਪਾ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਰੂਪਨਗਰ ਦੇ ਕਸਬਾ ਨੂਰਪੁਰਬੇਦੀ ਦੀ ਕਲਮਾਂ ਪੁਲਿਸ ਚੌਕੀ ’ਤੇ ਬੰਬ ਧਮਾਕਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਕੁਲਦੀਪ ਸਿੰਘ ਉਰਫ਼ ਸੰਨੀ ਦੇ ਘਰ ਨਵਾਂਸ਼ਹਿਰ ਪੁਲਿਸ ਨੇ ਨਿੰਮਾਂ ਵਾਲਾ ਚੌਕ ‘ਚ ਛਾਪਾ ਮਾਰਿਆ। ਦੂਜੇ ਪਾਸੇ ਭਾਜਪਾ ਵਰਕਰ ਰਿੰਕਲ ਖੇੜਾ ਦੇ ਕਤਲ ਕੇਸ ‘ਚ ਨਾਮਜ਼ਦ ਹੋਣ ਕਾਰਨ ਹੁਣ ਪੁਲਿਸ ਕੁਲਦੀਪ ਨੂੰ ਲੁਧਿਆਣਾ ‘ਚ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ। ਉਹ ਪਿਛਲੇ ਚਾਰ ਸਾਲਾਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਪੁਲਿਸ ਨੇ ਪਰਿਵਾਰ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਕੁਝ ਕਾਗਜ਼ਾਤ ਵੀ ਜ਼ਬਤ ਕੀਤੇ ਹਨ। ਹਾਲਾਂਕਿ ਇਸ ਗੱਲ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈ।

ਰਿੰਕਲ ਦਾ ਪਰਿਵਾਰ ਸੁਰੱਖਿਆ ਦੀ ਮੰਗ ਕਰੇਗਾ

ਰਿੰਕਲ ਕਤਲ ਕੇਸ ਦੀ ਪੈਰਵੀ ਕਰ ਰਹੇ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕੁਲਦੀਪ ਸਿੰਘ ਸੰਨੀ ਦੇ ਅੱਤਵਾਦੀ ਰਿੰਦਾ ਨਾਲ ਸਬੰਧ ਹਨ। ਇਸ ਕਾਰਨ ਹੁਣ ਉਹ ਆਪਣੀ ਜਾਨ ਦਾ ਖਤਰਾ ਵੀ ਮਹਿਸੂਸ ਕਰ ਰਹੇ ਹਨ। ਕਿਉਂਕਿ ਮੁਲਜ਼ਮ ਪਹਿਲਾਂ ਹੀ ਉਸ ‘ਤੇ ਕੇਸ ਵਾਪਸ ਲੈਣ ਤੇ ਗਵਾਹੀ ਤੋਂ ਪਿੱਛੇ ਹਟਣ ਲਈ ਦਬਾਅ ਪਾ ਰਹੇ ਹਨ। ਉਹ ਇਸ ਸਬੰਧੀ ਡੀਜੀਪੀ ਨੂੰ ਮਿਲਣਗੇ ਤੇ ਸੁਰੱਖਿਆ ਦੀ ਮੰਗ ਕਰਨਗੇ।  ਕੁਲਦੀਪ ਸਿੰਘ ਉਰਫ ਸੰਨੀ ਨਾਈ ਭਾਜਪਾ ਵਰਕਰ ਰਿੰਕਲ ਖੇੜਾ ਦੇ ਕਤਲ ਦਾ ਮੁੱਖ ਦੋਸ਼ੀ ਹੈ। ਉਹ ਆਪਣੇ ਕੁਝ ਸਾਥੀਆਂ ਨਾਲ ਜੁਲਾਈ 2018 ‘ਚ ਰਿੰਕਲ ਖੇੜਾ ਦੇ ਘਰ ‘ਚ ਦਾਖਲ ਹੋਇਆ ਸੀ ਤੇ ਉਸ ‘ਤੇ ਹਮਲਾ ਕੀਤਾ ਸੀ। ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਬੇਟੇ ਦਾ ਨਾਂ ਉਸ ਦੇ ਕਤਲ ਦੇ ਦੋਸ਼ ‘ਚ ਹੈ। ਇਸ ਤੋਂ ਇਲਾਵਾ ਜਲੰਧਰ ਦੇ ਕੁਝ ਗੈਂਗਸਟਰਾਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਚਲਾਨ ਵੀ ਪੇਸ਼ ਕਰ ਦਿੱਤਾ ਹੈ ਤੇ ਕੁਲਦੀਪ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਜਦੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤਾਂ ਥਾਣਾ ਦੋ ਦੀ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਕਤਲ ਕੇਸ ਵਿੱਚ ਪੁੱਛਗਿੱਛ ਕਰੇਗੀ। ਉਹ ਪਹਿਲਾਂ ਵੀ ਵੀਡੀਓ ਜਾਰੀ ਕਰਕੇ ਕਾਂਗਰਸੀ ਕੌਂਸਲਰ ਖ਼ਿਲਾਫ਼ ਬੋਲ ਚੁੱਕੇ ਹਨ।

ਵਧ ਸਕਦੀਆਂ ਹਨ ਕਾਂਗਰਸੀ ਕੌਂਸਲਰਾਂ ਦੀਆਂ ਮੁਸ਼ਕਲਾਂ

ਇਸ ਤੋਂ ਸਾਫ਼ ਹੈ ਕਿ ਹੁਣ ਕਾਂਗਰਸੀ ਕੌਂਸਲਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਡੀਸੀਪੀ ਵਰਿੰਦਰ ਸਿੰਘ ਬਰਾੜ ਅਨੁਸਾਰ ਨਵਾਂਸ਼ਹਿਰ ਪੁਲਿਸ ਫਿਲਹਾਲ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਇੱਥੇ ਲਿਆਂਦਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਦੇ ਘਰ ਨਵਾਂਸ਼ਹਿਰ ਪੁਲਿਸ ਦੀ ਛਾਪੇਮਾਰੀ ਦੀ ਕਾਰਵਾਈ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਸੀ। ਪੁਲਿਸ ਅਧਿਕਾਰੀ ਤੇ ਮੁਲਾਜ਼ਮ ਸਾਦੇ ਕੱਪੜਿਆਂ ਵਿੱਚ ਉਥੇ ਆਏ।

Comment here