ਅਪਰਾਧਸਿਆਸਤਖਬਰਾਂ

ਬੀ.ਐੱਸ.ਐੱਫ. ਨੇ ਦੋ ਦਿਨਾਂ ‘ਚ ਫੜਿਆ ਤੀਜਾ ਘੁਸਪੈਠੀਆ

ਨਵੀਂ ਦਿੱਲੀ-ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ-ਕਮ-ਡੀ.ਆਈ.ਜੀ. ਨੇ ਦੱਸਿਆ ਕਿ ਸੀਮਾ ਸੁਰੱਖਿਆ ਬੱਲ (ਬੀ.ਐੱਸ.ਐੱਫ ) ਵੱਲੋਂ ਅੱਜ ਇਕ ਹੋਰ ਪਾਕਿਸਤਾਨੀ ਨਾਗਰਿਕ ਨੂੰ ਸਰਹੱਦ ਟੱਪਦਿਆਂ ਕਾਬੂ ਕਰ ਲਿਆ। ਵਿਅਕਤੀ ਦਾ ਕਹਿਣਾ ਹੈ ਕਿ ਉਹ ਅਣਜਾਣੇ ‘ਚ ਸਰਹੱਦ ਟੱਪ ਕੇ ਇਸ ਪਾਰ ਆ ਗਿਆ ਹੈ। 2 ਦਿਨਾਂ ਵਿਚ ਇਹ ਤੀਜਾ ਘੁਸਪੈਠੀਆ ਹੈ ਜੋ ਪੰਜਾਬ ਵਿਚ ਕੌਮਾਂਤਰੀ ਸਰਹੱਦ ਰਾਹੀਂ ਭਾਰਤ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਵੀ 1 ਪਾਕਿਸਤਾਨੀ ਤੇ 1 ਬੰਗਲਾਦੇਸ਼ੀ ਨਾਗਰਿਕ ਨੂੰ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ੁਰੂਆਤੀ ਪੁੱਛਗਿੱਛ ਵਿਚ ਉਸ ਨੇ ਆਪਣਾ ਨਾਂ ਆਮਿਰ ਰਜ਼ਾ ਦੱਸਿਆ ਸੀ ਜੋ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀ-ਕਮ-ਡੀ.ਆਈ.ਜੀ. ਨੇ ਦੱਸਿਆ ਕਿ ਫ਼ਿਰੋਜ਼ਪੁਰ ਸੈਕਟਰ ਦੇ ਪੀ.ਓ.ਪੀ. ਦੋਨਾ ਤੇਲੂਮਲ ਦੇ ਇਲਾਕੇ ਵਿਚ ਇਕ ਪਾਕਿਸਤਾਨੀ ਨਾਗਰਿਕ ਨੇ ਭਾਰਤੀ ਖੇਤਰ ਵਿਚ ਘੁਸਪੈਠ ਕੀਤੀ ਸੀ, ਜਿਸ ਕੋਲੋਂ 10 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਇਕ ਸ਼ਨਾਖਤੀ ਕਾਰਡ ਮਿਲਿਆ ਹੈ। ਬੀ.ਐੱਸ.ਐੱਫ ਵੱਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਤੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਬੀ.ਐੱਸ.ਐੱਫ ਵੱਲੋਂ ਪਾਕਿ ਰੇਂਜਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਪਾਕਿਸਤਾਨੀ ਨਾਗਰਿਕ ਦੀ ਘੁਸਪੈਠ ਨੂੰ ਲੈ ਕੇ ਗੁੱਸਾ ਪ੍ਰਗਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਘੁਸਪੈਠ ਵਾਲੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਵੀਰਵਾਰ ਨੂੰ ਬੀ.ਐੱਸ.ਐੱਫ ਨੇ ਪੰਜਾਬ ‘ਚ ਅੰਮ੍ਰਿਤਸਰ ਸੈਕਟਰ ‘ਚ ਰਾਜਾਤਾਲ ਸੀਮਾ ਚੌਕੀ ਨੇੜੇ ਬੰਗਲਾਦੇਸ਼ੀ ਵਿਅਕਤੀ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ. ਜਵਾਨਾਂ ਵੱਲੋਂ ਉਸ ‘ਤੇ ਫਾਇਰਿੰਗ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਸੀ। ਇਕ ਹੋਰ ਮਾਮਲੇ ਵਿਚ ਗੁਰਦਾਸਪੁਰ ਸੈਕਟਰ ‘ਚ ਬੀ.ਐੱਸ.ਐੱਫ. ਚੌਕੀ ‘ਨਿੱਕਾ’ ਨੇੜਿਓਂ ਇਕ ਪਾਕਿਸਤਾਨੀ ਵਿਅਕਤੀ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ। ਘੁਸਪੈਠੀਏ ਨੇ ਕੌਮਾਂਤਰੀ ਸੀਮਾ ਪਾਰ ਕਰ ਲਈ ਸੀ ਤੇ ਭਾਰਤੀ ਖੇਤਰ ਵਿਚ ਦਾਖ਼ਲ ਹੋ ਚੁੱਕਿਆ ਸੀ।

Comment here