ਅਪਰਾਧਸਿਆਸਤਖਬਰਾਂਦੁਨੀਆ

ਬੀਜਿੰਗ ਓਲੰਪਿਕ : ਅਮਰੀਕਾ ਕਰ ਰਿਹੈ ਡਿਪਲੋਮੈਟਿਕ ਬਾਈਕਾਟ ’ਤੇ ਵਿਚਾਰ

ਵਾਸ਼ਿੰਗਟਨ-ਵਾਸ਼ਿੰਗਟਨ ਪੋਸਟ ਦੀ ਰਿਪੋਰਟ ’ਚ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਛੇਤੀ ਹੀ ਅਮਰੀਕੀ ਅਧਿਕਾਰੀਆਂ ਨੂੰ ਖੇਡਾਂ ’ਚ ਨਹੀਂ ਭੇਜਣ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇਣ ਦੀ ਉਮੀਦ ਹੈ। ਆਗਾਮੀ ਬੀਜਿੰਗ ਵਿੰਟਰ ਓਲੰਪਿਕ ਖੇਡਾਂ ਦੇ ਦ੍ਰਿਸ਼ਟੀਕੋਣ ਨੂੰ ਦੇਖਦੇ ਹੋਏ ਅਮਰੀਕੀ ਪ੍ਰਸ਼ਾਸਨ ਇਸ ਦੇ ਡਿਪਲੋਮੈਟਿਕ ਬਾਈਕਾਟ ’ਤੇ ਵਿਚਾਰ ਕਰ ਰਿਹਾ ਹੈ ਪਰ ਅਜੇ ਤਕ ਉਹ ਆਖ਼ਰੀ ਸਿੱਟੇ ਤਕ ਨਹੀਂ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ਆਮ ਤੌਰ ’ਤੇ ਓਲੰਪਿਕ ਦੇ ਉਦਘਾਟਨ ਤੇ ਸਮਾਪਨ ’ਚ ਇਕ ਨੁਮਾਇੰਦਿਆਂ ਦਾ ਵਫ਼ਦ ਭੇਜਦਾ ਹੈ ਪਰ ਇਸ ਵਾਰ ਫੈਸਲਾ ਬਦਲਣ ਦੀ ਉਮੀਦ ਹੈ।
ਬੇਸ਼ੱਕ ਹਾਲ ਹੀ ’ਚ ਬਾਈਡੇਨ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦੇ ਦਰਮਿਆਨ ਹੋਈ ਵਰਚੁਅਲ ਮੀਟਿੰਗ ਦੇ ਦੌਰਾਨ ਇਹ ਮੁੱਦਾ ਨਹੀਂ ਚੁੱਕਿਆ ਗਿਆ ਪਰ ਅਮਰੀਕਾ ਦੇ ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਵਲੋਂ ਡਿਪਲੈਮੈਟਿਕ ਬਾਈਕਾਟ ਦੇ ਸੱਦੇ ਦੀ ਵਕਾਲਤ ਕੀਤੀ ਗਈ ਹੈ। ਹਾਊਸ ਸਪੀਕਰ ਨੈਨਸੀ ਪੇਲੋਸੀ ਨੇ ਇਸ ਤਰ੍ਹਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ, ਜੋ ਚੀਨ ਵਲੋਂ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵਿਰੋਧ ’ਚ ਇਕ ਕਦਮ ਸੀ। ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਮਾਮਲੇ ’ਚ ਫਿਲਹਾਲ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਸੀ. ਐੱਨ. ਐੱਨ. ਨੇ ਉਪ ਪ੍ਰੈਸ ਸਕੱਤਰ ਐਂਡ੍ਰਿਊ ਬੇਟਸ ਦੇ ਹਵਾਲੇ ਤੋਂ ਮੰਗਲਵਾਰ ਨੂੰ ਕਿਹਾ ਕਿ ਮੇਰੇ ਕੋਲ ਇਸ ਵਿਸ਼ੇ ’ਤੇ ਜੋੜਨ ਲਈ ਕੁਝ ਨਹੀਂ ਹੈ।

Comment here